ਅਮਰੀਕਾ ‘ਚ ਫ਼ਿਲਮ ਲਈ ਟ੍ਰੇਨਿੰਗ ਲਏਗਾ ਸ਼ਾਹਰੁਖ਼

ਆਮਿਰ ਵਲੋਂ ਇਨਕਾਰ ਕਰਨ ਉਪਰੰਤ ਜਦ ਸ਼ਾਹਰੁਖ਼ ਖ਼ਾਨ ਨੂੰ ਇਸ ਫ਼ਿਲਮ ਦੀ ਸਕ੍ਰਿਪਟ ਦਿਖਾਈ ਗਈ ਤਾਂ ਉਸ ਨੇ ਫ਼ੌਰਨ ਇਸ ਲਈ ਹਾਂ ਕਰ ਦਿੱਤੀ …
ਅਮਰੀਕਾ ਵਿਖੇ ਸ਼ਾਹਰੁਖ਼ ਖ਼ਾਨ ਉਸੇ ਤਰ੍ਹਾਂ ਦੇ ਹਾਲਾਤ ‘ਚ ਰਹੇਗਾ ਜਿਸ ਵਿੱਚ ਪੁਲਾੜ ਯਾਤਰੀ ਰਹਿੰਦੇ ਹਨ। ਸ਼ਾਹਰੁਖ਼ ਅਜਿਹਾ ਆਪਣੇ ਕਿਰਦਾਰ ਨੂੰ ਨੇੜਿਓਂ ਜਾਣਨ ਲਈ ਕਰ ਰਿਹਾ ਹੈ …
ਬੌਲੀਵੁਡ ਦੇ ਕਿੰਗ ਖ਼ਾਨ ਯਾਨੀ ਸ਼ਾਹਰੁਖ਼ ਖ਼ਾਨ ਇਨ੍ਹੀਂ ਦਿਨੀਂ ਆਉਣ ਵਾਲੀ ਫ਼ਿਲਮ ਜ਼ੀਰੋ ਦੀ ਪ੍ਰਮੋਸ਼ਨ ‘ਚ ਰੁੱਝਾ ਹੋਇਆ ਹੈ। ਇਸ ਫ਼ਿਲਮ ‘ਚ ਉਸ ਦਾ ਸਾਥ ਅਨੁਸ਼ਕਾ ਸ਼ਰਮਾ ਦੇ ਰਹੀ ਹੈ। ਫ਼ਿਲਮ ‘ਚ ਅਨੁਸ਼ਕਾ ਨੇ ਵਿਗਿਆਨੀ ਦਾ ਕਿਰਦਾਰ ਨਿਭਾਇਆ ਹੈ। ਸ਼ਾਹਰੁਖ਼ ਇਸ ਵਿੱਚ ਬੌਣੇ ਵਿਅਕਤੀ ਦਾ ਕਿਰਦਾਰ ਨਿਭਾ ਰਿਹਾ ਹੈ। ਇਨ੍ਹਾਂ ਦੋਹਾਂ ਤੋਂ ਇਲਾਵਾ ਕੈਟਰੀਨਾ ਕੈਫ਼ ਨੇ ਵੀ ਫ਼ਿਲਮ ਜ਼ੀਰੋ ‘ਚ ਦਮਦਾਰ ਕਿਰਦਾਰ ਨਿਭਾਇਆ ਹੈ।
ਹਾਲ ਹੀ ‘ਚ ਆਪਣੇ ਜਨਮ ਦਿਨ ਮੌਕੇ ਸ਼ਾਹਰੁਖ਼ ਨੇ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਸੀ ਜੋ ਕਾਫ਼ੀ ਦਿਲਚਸਪ ਹੈ। ਆਪਣੇ ਸਟਾਰਡਰਮ ਨੂੰ ਬਰਕਰਾਰ ਰੱਖਣ ਲਈ ਸ਼ਾਹਰੁਖ਼ ਖ਼ਾਨ ਨੂੰ ਇਸ ਫ਼ਿਲਮ ਤੋਂ ਕਾਫ਼ੀ ਉਮੀਦਾਂ ਹਨ। ਇਸ ਫ਼ਿਲਮ ਤੋਂ ਬਾਅਦ ਉਹ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੀ ਬਾਇਓਪਿਕ ਸਾਰੇ ਜਹਾਂ ਸੇ ਅੱਛਾ ਵਿੱਚ ਮੁੱਖ ਭੂਮਿਕਾ ਨਿਭਾਏਗਾ। ਸੂਤਰਾਂ ਮੁਤਾਬਿਕ, ਇਸ ਬਾਇਓਪਿਕ ਲਈ ਉਹ ਅਮਰੀਕਾ ਜਾ ਕੇ ਵਿਸ਼ੇਸ਼ ਟ੍ਰੇਨਿੰਗ ਲਏਗਾ। ਸ਼ਾਹਰੁਖ਼ ਉੱਥੇ ਉਸੇ ਤਰ੍ਹਾਂ ਦੇ ਮੁਸ਼ਕਿਲ ਹਾਲਾਤ ‘ਚ ਰਹੇਗਾ ਜਿਸ ਵਿੱਚ ਪੁਲਾੜ ਯਾਤਰੀ ਰਹਿੰਦੇ ਹਨ।
ਸ਼ਾਹਰੁਖ਼ ਅਜਿਹਾ ਇਸ ਲਈ ਕਰ ਰਿਹਾ ਹੈ ਤਾਂ ਕਿ ਉਹ ਆਪਣੇ ਕਿਰਦਾਰ ਨੂੰ ਨੇੜਿਓਂ ਜਾਣ ਸਕੇ, ਅਤੇ ਉਹ ਇਹ ਵੀ ਜਾਣਨਾ ਚਾਹੁੰਦਾ ਹੈ ਕਿ ਇੱਕ ਪੁਲਾੜ ਯਾਤਰੀ ਅਸਲ ‘ਚ ਕਿਹੋ ਜਿਹੀ ਜ਼ਿੰਦਗੀ ਜਿਉਂਦਾ ਹੈ ਅਤੇ ਕਿਹੋ ਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦਾ ਹੈ। ਸ਼ਾਹਰੁਖ਼ ਦੀ ਇਸ ਫ਼ਿਲਮ ਦੀ ਸ਼ੂਟਿੰਗ ਵੈਸੇ ਇਸ ਸਾਲ ਸਤੰਬਰ ਤੋਂ ਸ਼ੁਰੂ ਹੋਣ ਵਾਲੀ ਸੀ, ਪਰ ਜ਼ੀਰੋ ਦੀ ਪ੍ਰਮੋਸ਼ਨ ਦੇ ਚੱਲਦਿਆਂ ਇਸ ਨੂੰ ਅਗਲੇ ਸਾਲ ‘ਤੇ ਪਾ ਦਿੱਤਾ ਗਿਆ ਸੀ। ਪਹਿਲਾਂ ਇਸ ਫ਼ਿਲਮ ਲਈ ਆਮਿਰ ਖ਼ਾਨ ਤਕ ਪਹੁੰਚ ਕੀਤੀ ਗਈ ਸੀ, ਪਰ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਫ਼ਿਰ ਸ਼ਾਹਰੁਖ਼ ਨੂੰ ਇਸ ਫ਼ਿਲਮ ਦੀ ਸਕ੍ਰਿਪਟ ਦਿੱਤੀ ਗਈ ਜੋ ਕਿ ਉਸ ਨੂੰ ਕਾਫ਼ੀ ਪਸੰਦ ਆਈ। ਇਸ ‘ਚ ਸ਼ਾਹਰੁਖ਼ ਨਾਲ ਕਿਹੜੀ ਅਦਾਕਾਰਾ ਨਜ਼ਰ ਆਵੇਗੀ, ਇਸ ਬਾਰੇ ਅਜੇ ਪੱਕੀ ਜਾਣਕਾਰੀ ਨਹੀਂ ਮਿਲੀ।