ਬੌਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਸੁਪਰਹਿੱਟ ਫ਼ਿਲਮ ‘ਬੰਟੀ ਔਰ ਬਬਲੀ ‘ਦੇ ਸੀਕੁਅਲ ‘ਚ ਕੰਮ ਕਰਨਾ ਚਾਹੁੰਦੀ ਹੈ। ਰਾਣੀ ਮੁਖਰਜੀ ਦੀ ਹਾਲ ਹੀ ‘ਚ ਹੀ ਫ਼ਿਲਮ ‘ਹਿਚਕੀ ‘ਰਿਲੀਜ਼ ਹੋਈ ਹੈ ਜਿਸ ਲਈ ਸਿਨੇਮਾ ਪ੍ਰੇਮੀਆਂ ਅਤੇ ਫ਼ਿਲਮ ਆਲੋਚਕਾਂ ਨੇ ਵੀ ਉਸ ਦੀ ਅਦਾਕਾਰੀ ਦੀ ਪ੍ਰਸ਼ੰਸਾ ਕੀਤੀ ਹੈ। ਰਾਣੀ ਨੇ ਫ਼ਿਲਮ ‘ਹਿਚਕੀ ‘ਨਾਲ ਚਾਰ ਸਾਲ ਬਾਅਦ ਬੌਲੀਵੁੱਡ ‘ਚ ਆਪਣੇ ਕਰੀਅਰ ਦੀ ਮੁੜ ਸ਼ੁਰੂਆਤ ਕੀਤੀ ਹੈ। ਰਾਣੀ ਨੇ ਹਾਲ ਹੀ ‘ਚ ਇੱਕ ਗੱਲਬਾਤ ਦੌਰਾਨ ਦੱਸਿਆ ਕਿ ਉਹ ਫ਼ਿਲਮਾਂ ਦੀ ਚੋਣ ਕਾਫ਼ੀ ਸੋਚ-ਸਮਝ ਕੇ ਕਰਦੀ ਹੈ। ਉਹ ਆਪਣੀ ਫ਼ਿਲਮ ‘ਚ ਸਿਰਫ਼ ਸਮਾਜਿਕ ਸੰਦੇਸ਼ ਹੀ ਨਹੀਂ ਦੇਣਾ ਚਾਹੁੰਦੀ ਸਗੋਂ ਨਾਲ ਦੀ ਨਾਲ ਲੋਕਾਂ ਦਾ ਮਨੋਰੰਜਨ ਵੀ ਕਰਨਾ ਚਾਹੁੰਦੀ ਹੈ। ਰਾਣੀ ਦਾ ਮੰਨਣਾ ਹੈ ਕਿ ਇੱਕ ਅਦਾਕਾਰ ਹੋਣ ਦੇ ਨਾਤੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਅਸੀਂ ਇੱਥੇ ਲੋਕਾਂ ਦਾ ਮਨੋਰੰਜਨ ਕਰਨ ਲਈ ਆਏ ਹਾਂ। ਜਦੋਂ ਰਾਣੀ ਮੁਖਰਜੀ ਤੋਂ ਸਵਾਲ ਪੁੱਛਿਆ ਗਿਆ ਕਿ ਤੁਸੀਂ ਕੀ ਸਿਰਫ਼ ਸ਼ਕਤੀਸ਼ਾਲੀ ਕਿਰਦਾਰ ਨਿਭਾਉਣ ‘ਤੇ ਹੀ ਜ਼ਿਆਦਾ ਧਿਆਨ ਦੇ ਰਹੇ ਹੋ ਤਾਂ ਰਾਣੀ ਨੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਨਹੀਂ, ਅਜਿਹਾ ਕੁੱਝ ਨਹੀਂ ਹੈ। ਬਸ ਜਦੋਂ ਮੈਨੂੰ ਕਿਸੇ ਫ਼ਿਲਮ ਦੀ ਪੇਸ਼ਕਸ਼ ਹੁੰਦੀ ਹੈ ਤਾਂ ਮੈਂ ਉਸ ਬਾਰੇ ਪਹਿਲਾਂ ਚੰਗੀ ਤਰ੍ਹਾਂ ਸੋਚ-ਵਿਚਾਰ ਕਰਦੀ ਹਾਂ, ਫ਼ਿਰ ਕੋਈ ਫ਼ੈਸਲਾ ਲੈਂਦੀ ਹਾਂ। ਜੇ ਕਿਸੇ ਫ਼ਿਲਮ ਦੀ ਕਹਾਣੀ ਮੇਰੇ ਦਿਲ ਨੂੰ ਛੂਹ ਜਾਵੇ ਤਾਂ ਮੈਂ ਤਰੁੰਤ ਉਸ ਨੂੰ ਹਾਂ ਕਰ ਦਿੰਦੀ ਹਾਂ। ਰਾਣੀ ਨੇ ਇਹ ਵੀ ਕਿਹਾ, ਕਿ ਜੇ ਮੈਨੂੰ ਅੱਜ ਵੀ ‘ਬੰਟੀ ਔਰ ਬਬਲੀ-2 ‘ਦੀ ਪੇਸ਼ਕਸ਼ ਹੋਵੇ ਤਾਂ ਮੈਂ ਉਸ ਫ਼ਿਲਮ ਨੂੰ ਜ਼ਰੂਰ ਕਰਾਂਗੀ। ਮੈਨੂੰ ਚੰਗੀਆਂ ਪਟਕਥਾਵਾਂ ਦੇ ਨਾਲ-ਨਾਲ ਮਸਤੀ ਕਰਨ ਵਾਲੀਆਂ ਕਹਾਣੀਆਂ ਕਾਫ਼ੀ ਪਸੰਦ ਹਨ। ਹਾਲ ਹੀ ‘ਚ ਰਾਣੀ ਮੁਖਰਜੀ ਨੇ ਇੱਕ ਬਿਆਨ ‘ਚ ਕਿਹਾ ਸੀ ਕਿ ਕੁੱਝ ਲੋਕ ਸੋਚਦੇ ਹਨ ਕਿ ਮੈਂ ਮਾਂ ਬਣਨ ਤੋਂ ਬਾਅਦ ਹੁਣ ਪਹਿਲਾਂ ਵਰਗੇ ਕਿਰਦਾਰ ਨਹੀਂ ਨਿਭਾਅ ਸਕਦੀ, ਪਰ ਮੈਂ ਅੱਜ ਵੀ ਹਰ ਤਰ੍ਹਾਂ ਦੀ ਭੂਮਿਕਾ ਫ਼ਿਲਮ ‘ਚ ਨਿਭਾਅ ਸਕਦੀ ਹਾਂ। ਜਲਦ ਹੀ ਰਾਣੀ ਆਪਣੇ ਅਗਲੇ ਪ੍ਰੌਜੈਕਟ ‘ਤੇ ਕੰਮ ਸ਼ੁਰੂ ਕਰਨ ਵਾਲੀ ਹੈ।











