ਫ਼ਿਲਮ ਇੰਡਸਟਰੀ ਦੀ ਬੇਬੋ ਯਾਨੀ ਕਰੀਨਾ ਕਪੂਰ ਖ਼ਾਨ ਦਾ ਕਹਿਣਾ ਹੈ ਕਿ ਮਾਂ ਬਣਨ ਤੋਂ ਬਾਅਦ ਉਨ੍ਹਾਂ ਦੇ ਪਤੀ ਸੈਫ਼ ਅਲੀ ਖ਼ਾਨ ਨੇ ਹੀ ਉਸ ਨੂੰ ਫ਼ਿਲਮ ‘ਚ ਕੰਮ ਕਰਨ ਲਈ ਹੱਲਾਸ਼ੇਰੀ ਦਿੱਤੀ। ਕਰੀਨਾ ਕਪੂਰ ਲਈ ਉਸ ਦੀ ਆਉਣ ਵਾਲੀ ਫ਼ਿਲਮ ‘ਵੀਰੇ ਦੀ ਵੈਡਿੰਗ ‘ਕਾਫ਼ੀ ਮਹੱਤਵ ਰੱਖਦੀ ਹੈ ਕਿਉਂਕਿ ਮਾਂ ਬਣਨ ਤੋਂ ਬਾਅਦ ਇਹ ਉਸ ਦੀ ਪਹਿਲੀ ਫ਼ਿਲਮ ਹੈ। ਕਰੀਨਾ ਨੇ ਦੱਸਿਆ ਕਿ ਤੈਮੂਰ ਦੇ ਜਨਮ ਤੋਂ ਬਾਅਦ ਸੈਫ਼ ਅਲੀ ਖ਼ਾਨ ਨੇ ਹੀ ਮੈਨੂੰ ਜਿੰਮ ਜਾਣਾ ਸ਼ੁਰੂ ਕਰਨ ਲਈ ਕਿਹਾ ਸੀ ਅਤੇ ‘ਵੀਰੇ ਦੀ ਵੇਡਿੰਗ ‘ਫ਼ਿਲਮ ਕਰਨ ਲਈ ਵੀ ਸੈਫ਼ ਨੇ ਹੀ ਮੈਨੂੰ ਉਤਸ਼ਾਹਿਤ ਕੀਤਾ। ਕਰੀਨਾ ਨੇ ਇਹ ਵੀ ਕਿਹਾ ਕਿ ਸੈਫ਼ ਨੇ ਮੈਨੂੰ ਮਾਂ ਬਣਨ ਤੋਂ ਬਾਅਦ ਇਹ ਫ਼ਿਲਮ ਕਰਨ ਅਤੇ ਔਰਤਾਂ ਲਈ ਇੱਕ ਆਦਰਸ਼ ਵਜੋਂ ਸਥਾਪਤ ਹੋਣ ਦੀ ਗੱਲ ਆਖੀ ਸੀ ਕਿਉਂਕਿ ਅਕਸਰ ਮਾਂ ਬਣਨ ਤੋਂ ਬਾਅਦ ਅਭਿਨੇਤਰੀਆਂ ਫ਼ਿਲਮਾਂ ‘ਚ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਕਰੀਨਾ ਨੇ ਦੱਸਿਆ ਕਿ ਉਹ ਬੇਹੱਦ ਖ਼ੁਸ਼ ਹੈ ਕਿ ਉਸ ਨੂੰ ਸੈਫ਼ ਵਰਗੇ ਪਤੀ ਮਿਲੇ, ਜੋ ਉਸ ਦਾ ਹਰ ਚੰਗੇ ਮਾੜੇ ਵਕਤ ਸਾਥ ਦਿੰਦੇ ਹਨ, ਅਤੇ ਜਦੋਂ ਉਹ ਘਰ ਨਹੀਂ ਹੁੰਦੀ ਸੀ ਤਾਂ ਉਹ ਉਸ ਦੇ ਬੇਟੇ ਤੈਮੂਰ ਦੀ ਦੇਖਭਾਲ ਵੀ ਕਰਦੇ ਸਨ। ਹਾਲ ਹੀ ‘ਚ ਫ਼ਿਲਮ ਵੀਰੇ ਦੀ ਵੇਡਿੰਗ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ ਜਿਸ ‘ਚ ਕਾਫ਼ੀ ਬੋਲਡ ਡਾਇਲਾਗ ਬੋਲੇ ਗਏ ਹਨ। ਇਹ ਫ਼ਿਲਮ ਚਾਰ ਕੁੜੀਆਂ ਦੀ ਕਹਾਣੀ ਹੈ ਜੋ ਆਪਣੀ-ਆਪਣੀ ਜ਼ਿੰਦਗੀ ਜੀਣਾ ਚਾਹੁੰਦੀਆਂ ਹਨ। ਇਹ ਚਾਰੋਂ ਕੁੜੀਆਂ ਆਪਸ ‘ਚ ਚੰਗੀਆਂ ਸਹੇਲੀਆਂ ਹਨ। ਸਾਰੀ ਕਹਾਣੀ ਇਨ੍ਹਾਂ ਦੇ ਵਿਆਹ ਨੂੰ ਲੈ ਕੇ ਇਨ੍ਹਾਂ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਏਗੀ। ਇਸ ਫ਼ਿਲਮ ‘ਚ ਕਰੀਨਾ ਕਪੂਰ ਨਾਲ ਸੋਨਮ ਕਪੂਰ ਵੀ ਅਹਿਮ ਭੂਮਿਕਾ ਨਿਭਾਉਾਂਦੀ ਨਜ਼ਰ ਆ ਰਹੀ ਹੈ। ਇਹ ਫ਼ਿਲਮ 1 ਜੂਨ ਨੂੰ ਰਿਲੀਜ਼ ਹੋਵੇਗੀ। ਅਜਿਹੇ ‘ਚ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੀ ਕਰੀਨਾ ਇਸ ਫ਼ਿਲਮ ਨਾਲ ਬਾਲੀਵੁੱਡ ‘ਚ ਅਗਲੀ ਪਾਰੀ ਦੀ ਸ਼ੁਰੂਆਤ ਕਰਨ ‘ਚ ਕਾਮਯਾਬ ਹੁੰਦੀ ਹੈ ਜਾਂ ਨਹੀਂ। ਫ਼ਿਲਹਾਲ ਕਰੀਨਾ ਕਪੂਰ ਨੂੰ ਅਗਲੀ ਫ਼ਿਲਮ ਅਦਾਕਾਰ ਸਿਧਾਰਥ ਮਲਹੋਤਰਾ ਨਾਲ ਮਿਲ ਗਈ ਹੈ ਜੋ ਇੱਕ ਰੋਮਾਂਟਿਕ ਫ਼ਿਲਮ ਹੈ।











