ਸਿਡਨੀ – ਆਸਟਰੇਲੀਆ ਦੇ ਸਾਬਕਾ ਕ੍ਰਿਕਟ ਕੋਚ ਡੈਰੇਨ ਲੇਹਮੈਨ ਸੋਸ਼ਲ ਮੀਡੀਆ ‘ਤੋਂ ਹਟ ਗਿਆ ਹੈ। ਲੇਹਮੈਨ ਨੇ ਆਪਣਾ ਟਵਿਟਰ ਐਕਾਊਂਟ ਹੈਕ ਹੋਣ ਅਤੇ ਉਸ ਦਾ ਇਸਤੇਮਾਲ ਈਰਾਨ ਵਿਰੋਧੀ ਸੰਦੇਸ਼ ਸਮੇਤ ਕੁੱਝ ਘਟੀਆ ਸਮੱਗਰੀ ਪੋਸਟ ਕਰਨ ਲਈ ਹੋਣ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਘਰੇਲੂ T-20 ਟੂਰਨਾਮੈਂਟ ਬਿੱਗ ਬੈਸ਼ ਲੀਗ ਬ੍ਰਿਸਬੇਨ ਹੀਟ ਦੇ ਕੋਚ ਦੀ ਭੂਮੀਕਾ ਨਿਭਾ ਰਹੇ 49 ਸਾਲਾ ਦੇ ਲੇਹਮੈਨ ਸੋਮਵਾਰ ਨੂੰ ਜਦੋਂ ਸਿਡਨੀ ਥੰਡਰ ਵਿਰੁੱਧ ਆਪਣੀ ਟੀਮ ਦੀ ਕੋਚਿੰਗ ‘ਤੇ ਧਿਆਨ ਲਗਾ ਰਹੇ ਸਨ ਤਾਂ ਇਹ ਘਟਨਾ ਹੋਈ। ਹੀਟ ਦੀ ਟੀਮ ਨੇ ਉਲਟਫ਼ੇਰ ਕਰਦੇ ਹੋਏ ਥੰਡਰ ਨੂੰ ਹਰਾਇਆ।
ਇਸ ਘਟਨਾ ਲਈ ਜ਼ਿੰਮੇਦਾਰ ਵਿਅਕਤੀ ਨੇ ਲੇਹਮੈਨ ਦੇ ਤਿੰਨ ਲੱਖ 41 ਹਜ਼ਾਰ ਪ੍ਰਸ਼ੰਸਕਾਂ ਵਿੱਚ ਇਰਾਨ ਵਿਰੋਧੀ ਸੰਦੇਸ਼ ਅਤੇ ਵਿਚਾਰਧਾਰਾ ਦਾ ਪ੍ਰਚਾਰ ਕੀਤਾ। ਇਰਾਕ ‘ਚ ਅਮਰੀਕੀ ਡਰੋਨ ਹਮਲੇ ‘ਚ ਈਰਾਕ ਦੇ ਜਨਰਲ ਕਾਮਿਸ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਵਿਸ਼ਵ ਪੱਧਰ ‘ਤੇ ਤਨਾਅ ਵਾਲਾ ਮਾਹੌਲ ਹੈ ਅਤੇ ਤਹਿਰਾਨ ਨੇ ਇਸ ਦਾ ਜਵਾਬ ਦੇਣ ਦੀ ਧਮਕੀ ਦਿੱਤੀ ਹੈ। ਲੇਹਮੈਨ ਨੇ ਕਿਹਾ ਕਿ ਜੋ ਹੋਇਆ ਉਸ ਨਾਲ ਉਹ ਬਹੁਤ ਨਿਰਾਸ਼ ਅਤੇ ਹੈਰਾਨ ਹੈ। ਟਵਿਟਰ ਨੇ ਹਾਲਾਂਕਿ ਉਸ ਤੋਂ ਬਾਅਦ ਸਮੱਸਿਆ ਨੂੰ ਹੱਲ ਕੀਤਾ ਅਤੇ ਸਮਗਰੀ ਨੂੰ ਹਟਾ ਦਿੱਤਾ।












