ਭਾਰਤ ਨੇ ਸ਼੍ਰੀ ਲੰਕਾ ਨੂੰ 7 ਵਿਕਟਾਂ ਨਾਲ ਹਰਾਇਆ

ਇੰਦੌਰ – ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ (23 ਦੌੜਾਂ ‘ਤੇ 3 ਵਿਕਟਾਂ) ਦੇ ਇੱਕ ਓਵਰ ਵਿੱਚ 3 ਵਿਕਟਾਂ ਲੈਣ, ਤੇਜ਼ ਗੇਂਦਬਾਜ਼ ਨਵਦੀਪ ਸੈਣੀ (18 ਦੌੜਾਂ ‘ਤੇ 2 ਵਿਕਟਾਂ) ਦੀ ਕੰਜੂਸੀ ਭਾਰੀ ਗੇਂਦਬਾਜ਼ੀ ਅਤੇ ਓਪਨਰ ਲੋਕੇਸ਼ ਰਾਹੁਲ ਦੀ 45 ਦੌੜਾਂ ਦੀ ਬਿਹਤਰੀਨ ਪਾਰੀ ਦੀ ਬਦੌਲਤ ਭਾਰਤ ਨੇ ਸ਼੍ਰੀ ਲੰਕਾ ਨੂੰ ਦੂਜੇ T-20 ਮੁਕਾਬਲੇ ਵਿੱਚ ਮੰਗਲਵਾਰ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ। ਭਾਰਤ ਅਤੇ ਸ਼੍ਰੀ ਲੰਕਾ ਵਿਚਾਲੇ ਗੁਹਾਟੀ ਵਿੱਚ ਪਹਿਲਾ ਮੁਕਾਬਲਾ ਮੀਂਹ ਅਤੇ ਗਿੱਲੇ ਮੈਦਾਨ ਕਾਰਣ ਰੱਦ ਹੋ ਗਿਆ ਸੀ, ਪਰ ਦੂਜੇ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਪਹਿਲਾਂ ਗੇਂਦ ਅਤੇ ਫ਼ਿਰ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ ਸ਼੍ਰੀ ਲੰਕਾ ਨੂੰ 20 ਓਵਰਾਂ ਵਿੱਚ 9 ਵਿਕਟਾਂ ‘ਤੇ 142 ਦੌੜਾਂ ਦੇ ਸਕੋਰ ‘ਤੇ ਰੋਕਣ ਤੋਂ ਬਾਅਦ 17.3 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ 144 ਦੌੜਾਂ ਬਣਾ ਕੇ ਆਸਾਨ ਜਿੱਤ ਹਾਸਿਲ ਕਰ ਲਈ। ਇਸ ਤਰ੍ਹਾਂ ਭਾਰਤ ਨੇ ਇਸ ਸਾਲ ਆਪਣੀ ਪਹਿਲੀ ਜਿੱਤ ਦਰਜ ਕਰਦਿਆਂ 2020 ਦਾ ਜੇਤੂ ਆਗ਼ਾਜ਼ ਕੀਤਾ।