
ਵਾਸ਼ਿੰਗਟਨ – ਸ਼ਾਹਰੁਖ ਖ਼ਾਨ ਦੇ ਸਹਿ-ਮਾਲਕੀਅਤ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਅਮਰੀਕਾ ਦੀ ਇੱਕ ਅਹਿਮ ਕ੍ਰਿਕਟ ਲੀਗ ਵਿੱਚ ਨਿਵੇਸ਼ ਕਰੇਗੀ। ਰਿਪੋਰਟਾਂ ਅਨੁਸਾਰ, ਇੰਡੀਅਨ ਪ੍ਰੀਮੀਅਰ ਲੀਗ (IPL) ਅਤੇ ਕੈਰੇਬੀਅਨ ਪ੍ਰੀਮੀਅਰ ਲੀਗ (CPL) ਤੋਂ ਬਾਅਦ ਹੁਣ ਸ਼ਾਹਰੁਖ ਖ਼ਾਨ ਅਮਰੀਕਾ ਆਧਾਰਿਤ ਮੇਜਰ ਲੀਗ ਕ੍ਰਿਕਟ (MLC) ਵਿੱਚ ਨਿਵੇਸ਼ ਕਰੇਗਾ। ਅਮਰੀਕਾ ਕ੍ਰਿਕਟ ਐਂਟਰਪ੍ਰਾਇਜ਼ਿਜ਼ (ACE) ਨੇ ਇਸ ਦੀ ਘੋਸ਼ਣਾ ਕੀਤੀ। ਅਮਰੀਕਾ T-20 ਲੀਗ ਦੀਆਂ ਛੇ ਟੀਮਾਂ ਨਿਊ ਯੌਰਕ, ਸੈਨ ਫ਼ਰੈਂਸਿਸਕੋ, ਵਾਸ਼ਿੰਗਟਨ DC, ਸ਼ਿਕਾਗੋ, ਡੈਲਾਸ ਅਤੇ ਲੌਸ ਐਂਜਲਸ ਹੋਣਗੀਆਂ। ਸੂਤਰਾਂ ਮੁਤਾਬਿਕ, ਇਹ ਟੂਰਨਾਮੈਂਟ 2022 ‘ਚ ਸ਼ੁਰੂ ਹੋਵੇਗਾ। ਨਾਈਟ ਰਾਈਡਰਜ਼ ਦੀ ਫ਼ਰੈਂਚਾਇਜ਼ੀ ਵਾਲੀਆਂ ਟੀਮਾਂ IPL ਅਤੇ ਕੈਰੇਬੀਆਈ ਪ੍ਰੀਮੀਅਰ ਲੀਗ ਵਿੱਚ ਖੇਡਦੀਆਂ ਹਨ। ਅਮਰੀਕਾ ਦੀ ਇਹ ਕ੍ਰਿਕਟ ਲੀਗ ਮਲਟੀ ਮਿਲੀਅਨ ਡਾਲਰ T-20 ਟੂਰਨਾਮੈਂਟ ਹੋਵੇਗਾ। ਇਸ ਵਿੱਚ ਨਿਵੇਸ਼ ਕਰ ਕੇ ਨਾਈਟ ਰਾਈਡਰਜ਼ ਨੇ ਦੁਨੀਆਂ ਦੇ ਸਭ ਤੋਂ ਵੱਡੇ ਮੀਡੀਆ ਮਾਰਕਿਟ ਵਿੱਚ ਕਦਮ ਰੱਖਿਆ ਹੈ।
ACE ਦੇ ਸਹਿ-ਸੰਸਥਾਪਕਾਂ ਵਿੱਚੋਂ ਇੱਕ ਵਿਜੈ ਸ਼੍ਰੀਨਿਵਾਸਨ ਦਾ ਮੰਨਣਾ ਹੈ ਕਿ ਇਸ ਨਾਲ ਅਮਰੀਕਾ ਵਿੱਚ ਕ੍ਰਿਕਟ ਨੂੰ ਹੁੰਗਾਰਾ ਮਿਲੇਗਾ। ਉਨ੍ਹਾਂ ਨੇ ਕਿਹਾ, ”ਅਸੀਂ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਹਾਂ ਕਿ ਨਾਈਟ ਰਾਈਡਰਜ਼ ਇਸ ਅਹਿਮ ਕ੍ਰਿਕਟ ਲੀਗ ਦਾ ਹਿੱਸਾ ਬਣ ਰਹੀ ਹੈ। ਅਮਰੀਕਾ ਵਿੱਚ ਕ੍ਰਿਕੇਟ ਨੂੰ ਵਧਾਵਾ ਦੇਣ ਲਈ ਅਸੀਂ ਉਨ੍ਹਾਂ ਨਾਲ ਕੰਮ ਕਰਨ ਲਈ ਤਿਆਰ ਹਾਂ।”
ਸ਼੍ਰੀਨਿਵਾਸਨ ਨੇ ਕਿਹਾ, ”ਇਸ ਨਾਲ ਅਮਰੀਕੀ ਕ੍ਰਿਕਟ ਨੂੰ ਫ਼ਾਇਦਾ ਹੋਵੇਗਾ। ਇਹ ਚੰਗਾ ਹੈ ਕਿ ਨਾਈਟ ਰਾਈਡਰਜ਼ ਸ਼ੁਰੁਆਤ ਤੋਂ ਹੀ ਸਾਡੇ ਨਾਲ ਜੁੜ ਰਹੇ ਹਨ। ਉਨ੍ਹਾਂ ਦਾ ਨਿਵੇਸ਼ ਕਰਣਾ ਸਾਡੀਆਂ ਯੋਜਨਾਵਾਂ ‘ਤੇ ਮੋਹਰ ਲਗਾਉਂਦਾ ਹੈ। ਅਮਰੀਕਾ ਵਿੱਚ ਕ੍ਰਿਕਟ ਦੇ ਭਵਿੱਖ ਨੂੰ ਲੈ ਕੇ ਇਹ ਲੰਬੇ ਸਮੇਂ ਦਾ ਨਿਵੇਸ਼ ਹੈ।” ਅਜਿਹਾ ਸਮਝਿਆ ਜਾਂਦਾ ਹੈ ਕਿ ਨਾਈਟ ਰਾਈਡਰਜ਼ ਫ਼ਰੈਂਚਾਇਜ਼ੀ ਲੌਸ ਐਂਜਲਸ ਟੀਮ ਨੂੰ ਖ਼ਰੀਦੇਗੀ।












