ਡਵੇਨ ਸਮਿਥ ਨੇ ਆਪਣੇ ਭਰਾ ਕੇਮਾਰ ਨੂੰ ਲਗਾਏ ਇੱਕ ਓਵਰ ‘ਚ ਛੇ ਛੱਕੇ

Image Courtesy :jagbani(punjabkesari)

ਨਵੀਂ ਦਿੱਲੀ – T-20 ਕ੍ਰਿਕਟ ‘ਚ ਆਪਣੀ ਬੱਲੇਬਾਜ਼ੀ ਦਾ ਜਲਵਾ ਦਿਖਾ ਚੁੱਕੇ ਵੈੱਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਡਵੇਨ ਸਮਿਥ ਨੇ ਇੱਕ ਕਲੱਬ ਮੈਚ ‘ਚ ਇੱਕ ਅਜਿਹਾ ਕਾਰਨਾਮਾ ਕੀਤਾ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਸਮਿਥ ਨੇ ਆਪਣੇ ਹੀ ਭਰਾ ਕੇਮਾਰ ਸਮਿਥ ਵਿਰੁੱਧ ਹਮਲਾਵਰ ਬੱਲੇਬਾਜ਼ੀ ਕੀਤੀ ਅਤੇ ਉਸ ਵਿਰੁੱਧ ਇੱਕ ਓਵਰ ‘ਚ ਛੇ ਛੱਕੇ ਲਗਾ ਦਿੱਤੇ। ਕੇਮਾਰ ਸਮਿਥ ਵਿਰੁੱਧ ਡਵੇਨ ਨੇ ਜਿੱਥੇ ਬੱਲੇਬਾਜ਼ੀ ‘ਚ ਕਮਾਲ ਕੀਤਾ ਉੱਥੇ ਜਦੋਂ ਉਹ ਗੇਂਦਬਾਜ਼ੀ ਕਰਨ ਆਇਆ ਤਾਂ ਉਸ ਨੇ ਆਪਣੇ ਭਰਾ ਨੂੰ ਕ੍ਰੀਜ਼ ‘ਤੇ ਰੁਕਣ ਨਹੀਂ ਦਿੱਤਾ ਅਤੇ ਪਹਿਲੀ ਹੀ ਗੇਂਦ ‘ਤੇ ਆਊਟ ਕਰ ਦਿੱਤਾ। ਕਲੱਬ ਮੈਚ ‘ਚ ਡਵੇਨ ਸਮਿਥ A&A Auto Parts Errol Holder Ten10 ਮੁਕਾਬਲੇ ‘ਚ ਖੇਡ ਰਿਹਾ ਸੀ।
ਉਸ ਨੇ ਮੈਚ ‘ਚ ਓਪਨਿੰਗ ਕੀਤੀ ਅਤੇ ਪਹਿਲੇ ਹੀ ਓਵਰ ‘ਚ ਆਪਣੇ ਭਰਾ ਵਿਰੁੱਧ ਧਮਾਕੇਦਾਰ ਬੱਲੇਬਾਜ਼ੀ ਕੀਤੀ ਅਤੇ ਛੇ ਛੱਕੇ ਜੜ ਦਿੱਤੇ।
ਡਵੇਨ ਸਮਿਥ ਮੈਚ ‘ਚ 46 ਦੌੜਾਂ ਬਣਾ ਕੇ ਆਊਟ ਹੋਇਆ ਤਾਂ ਕੇਮਾਰ ਸਮਿਥ ਮੈਚ ‘ਚ ਆਪਣਾ ਖਾਤਾ ਵੀ ਨਹੀਂ ਖੋਲ ਸਕਿਆ। ਡਵੇਨ ਸਮਿਥ ਦੇ ਭਰਾ ਕੇਮਾਰ ਦੀ ਗੱਲ ਕਰੀਏ ਤਾਂ ਉਹ ਹੁਣ ਤਕ ਇੱਕ ਵੀ ਫ਼ਸਟ ਕਲਾਸ ਮੈਚ ਨਹੀਂ ਖੇਡ ਸਕਿਆ, ਪਰ ਕੇਮਾਰ ਪ੍ਰੋਫ਼ੈਸ਼ਨਲ ਇੰਗਲਿਸ਼ ਕ੍ਰਿਕਟ ਅਤੇ IPL ਦਾ ਹਿੱਸਾ ਰਿਹਾ ਹੈ। ਸਮਿਥ ਸਾਲ 2015 ਤੋਂ ਬਾਅਦ ਵੈੱਸਟਇੰਡੀਜ਼ ਟੀਮ ਤੋਂ ਬਾਹਰ ਹੈ ਅਤੇ ਇੱਕ ਵੀ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ। ਡਵੇਨ ਸਮਿਥ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ‘ਚ 10 ਟੈੱਸਟ ਮੈਚ ਖੇਡੇ ਹਨ ਅਤੇ ਇਸ ਦੌਰਾਨ ਉਸ ਨੇ ਇੱਕ ਸੈਂਕੜਾ ਵੀ ਲਗਾਇਆ ਹੈ। ਇਸ ਤੋਂ ਇਲਾਵਾ 105 ਵਨ ਡੇਜ਼ ‘ਚ ਡਵੇਨ ਨੇ ਅੱਠ ਅਰਧ ਸੈਂਕੜੇ ਲਗਾਏ ਹਨ। T-20 ਅੰਤਰਰਾਸਟਰੀ ਮੈਚਾਂ ‘ਚ 33 ਮੈਚ ਖੇਡੇ ਹਨ ਅਤੇ 582 ਦੌੜਾਂ ਬਣਾਈਆਂ ਹਨ ਜਿਨ੍ਹਾਂ ‘ਚ ਤਿੰਨ ਅਰਧ ਸੈਂਕੜੇ ਵੀ ਸ਼ਾਮਿਲ ਹਨ।