ਆਪਣੇ ਕਰੀਅਰ ਦੀ ਸ਼ੁਰੂਆਤ ਕ੍ਰਿਤੀ ਸੈਨਨ ਨੇ ਦੱਖਣ ਭਾਰਤੀ ਫ਼ਿਲਮਾਂ ਤੋਂ ਕੀਤੀ ਸੀ। ਬੌਲੀਵੁੱਡ ਵਿੱਚ ਉਹ ਟਾਈਗਰ ਸ਼ਰੌਫ਼ ਦੀ ਪਹਿਲੀ ਫ਼ਿਲਮ ‘ਹੀਰੋਪੰਤੀ’ ਵਿੱਚ ਹੀਰੋਇਨ ਬਣਕੇ ਚਰਚਾ ਵਿੱਚ ਆਈ। ਗ਼ੈਰ ਫ਼ਿਲਮੀ ਪਿਛੋਕੜ ਤੋਂ ਹੋਣ ਦੇ ਬਾਵਜੂਦ ਉਸ ਨੇ ਘੱਟ ਸਮੇਂ ਵਿੱਚ ਬੌਲੀਵੁੱਡ ਵਿੱਚ ਆਪਣੀ ਇੱਕ ਜਗ੍ਹਾ ਬਣਾ ਲਈ ਹੈ। ‘ਦਿਲਵਾਲੇ’ ਵਿੱਚ ਉਹ ਸੁਪਰਸਟਾਰ ਸ਼ਾਹਰੁਖ਼ ਖ਼ਾਨ ਨਾਲ ਵੀ ਕੰਮ ਕਰ ਚੁੱਕੀ ਹੈ। ਇਸ ਸਾਲ ਵੀ ਉਸ ਦੀਆਂ ਦੋ ਫ਼ਿਲਮਾਂ ਰਿਲੀਜ਼ ਹੋਣਗੀਆਂ ਜਿਸ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਨਾਲ ‘ਰਾਬਤਾ’ ਅਤੇ ਆਯੂਸ਼ਮਾਨ ਖੁਰਾਣਾ ਅਤੇ ਰਾਜਕੁਮਾਰ ਰਾਓ ਨਾਲ ‘ਬਰੇਲੀ ਕੀ ਬਰਫ਼ੀ’ ਹੈ। ਆਪਣੇ ਹੁਣ ਤਕ ਦੇ ਕਰੀਅਰ ਸਬੰਧੀ ਕ੍ਰਿਤੀ ਸੈਨਨ ਨੇ ਲੰਬੀ ਗੱਲ ਕੀਤੀ। ਪੇਸ਼ ਹੈ ਉਸ ਨਾਲ ਹੋਈ ਗੱਲਬਾਤ ਦੇ ਅੰਸ਼:
-ਸਿਰਫ਼ ਦੋ ਸਾਲ ਵਿੱਚ ਚਾਰ ਫ਼ਿਲਮਾਂ ਮਿਲਣ ‘ਤੇ ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ ਹੈ?
-ਸੱਚਮੁੱਚ ਇਹ ਸਭ ਬਹੁਤ ਚੰਗਾ ਲੱਗਦਾ ਹੈ, ਖ਼ਾਸ ਕਰਕੇ ਉਦੋਂ ਜਦੋਂ ਮੈਂ ਕਿਸੇ ਫ਼ਿਲਮੀ ਪਰਿਵਾਰ ਤੋਂ ਨਹੀਂ ਹਾਂ ਅਤੇ ਮੈਂ ਫ਼ਿਲਮ ਉਦਯੋਗ ਨਾਲ ਵੀ ਸਬੰਧ ਨਹੀਂ ਰੱਖਦੀ ਹਾਂ। ਮੈਂ ਇਸ ਤੋਂ ਪਹਿਲਾਂ ਕਦੇ ਵੀ ਅਭਿਨੇਤਰੀ ਬਣਨ ਬਾਰੇ ਸੋਚਿਆ ਨਹੀਂ ਸੀ। ਇਹ ਤਾਂ ਬਸ ਹੌਲੀ ਹੌਲੀ ਹੋ ਗਿਆ।
-ਤੁਸੀਂ ਗ਼ੈਰ ਫ਼ਿਲਮੀ ਪਿਛੋਕੜ ਤੋਂ ਹੋ, ਕੀ ਤੁਹਾਨੂੰ ਜ਼ਿਆਦਾ ਸੰਘਰਸ਼ ਕਰਨਾ ਪਿਆ?
-ਜਿਨ੍ਹਾਂ ਦਾ ਪਿਛੋਕੜ ਫ਼ਿਲਮੀ ਹੁੰਦਾ ਹੈ, ਉਨ੍ਹਾਂ ਦੀ ਸ਼ੁਰੂਆਤ ਚੰਗੀ ਹੋ ਜਾਂਦੀ ਹੈ। ਪਰ ਅਜਿਹਾ ਵੀ ਨਹੀਂ ਹੈ ਕਿ ਗ਼ੈਰ ਫ਼ਿਲਮੀ ਪਿਛੋਕੜ ਦੇ ਅਦਾਕਾਰਾਂ ਨੂੰ ਮੌਕਾ ਨਹੀਂ ਮਿਲਦਾ ਹੈ। ਹਾਂ, ਸਾਨੂੰ ਜ਼ਿਆਦਾ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ, ਥੋੜ੍ਹਾ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਹੈ। ਮੈਨੂੰ ਯਾਦ ਹੈ ਜਦੋਂ ਰਿਤਿਕ ਰੌਸ਼ਨ ਦੀ ਫ਼ਿਲਮ ‘ਕਹੋ ਨਾ ਪਿਆਰ ਹੈ’ ਆਈ ਸੀ, ਉਸ ਸਮੇਂ ਅਮੀਸ਼ਾ ਪਟੇਲ ਦਾ ਕੋਈ ਫ਼ਿਲਮੀ ਪਿਛੋਕੜ ਨਹੀਂ ਸੀ, ਉਹ ਬਿਲਕੁਲ ਨਵੀਂ ਸੀ। ਪਰ ਉਸ ਨੂੰ ਮੌਕਾ ਮਿਲਿਆ ਅਤੇ ਉਸ ਨੇ ਖ਼ੁਦ ਨੂੰ ਸਾਬਿਤ ਕੀਤਾ। ਦਰਅਸਲ, ਅਦਾਕਾਰੀ ਕਰਨਾ ਇੱਕ ਕਲਾ ਹੈ ਜਿਸ ਨੂੰ ਇਹ ਆਉਂਦੀ ਹੈ, ਉਸ ਨੂੰ ਹੀ ਮੌਕਾ ਮਿਲਦਾ ਹੈ। ਮੇਰਾ ਮੰਨਣਾ ਹੈ ਕਿ ਕਿਸਮਤ ਅਤੇ ਪ੍ਰਤਿਭਾ ਸਾਥ ਦੇਣ ਤਾਂ ਮੌਕਾ ਮਿਲ ਹੀ ਜਾਂਦਾ ਹੈ।
-ਮਤਲਬ ਤੁਸੀਂ ਮੰਨਦੇ ਹੋ ਕਿ ਬੌਲੀਵੁੱਡ ਨੇ ਤੁਹਾਨੂੰ ਸਵੀਕਾਰ ਕਰ ਲਿਆ ਹੈ?
-ਬਿਲਕੁਲ, ਕਿਉਂਕਿ ਮੇਰੀ ਪਹਿਲੀ ਫ਼ਿਲਮ ‘ਹੀਰੋਪੰਤੀ’ ਸੁਪਰਹਿੱਟ ਰਹੀ ਸੀ। ਮੇਰਾ ਮੰਨਣਾ ਹੈ ਕਿ ਜੇਕਰ ਕਿਸੇ ਨਵੇਂ ਅਦਾਕਾਰ ਦੀ ਪਹਿਲੀ ਹੀ ਫ਼ਿਲਮ ਹਿੱਟ ਹੋ ਜਾਵੇ ਤਾਂ ਉਸ ਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ ਹੈ। ਮੈਂ ਪੂਰੀ ਮਿਹਨਤ ਅਤੇ ਲਗਨ ਨਾਲ ਅਦਾਕਾਰੀ ਕੀਤੀ ਹੈ, ਇਸ ਲਈ ਬੌਲੀਵੁੱਡ ਨੇ ਮੈਨੂੰ ਸਵੀਕਾਰ ਕੀਤਾ ਹੈ। ਮੈਂ ਵੀ ਬੌਲੀਵੁੱਡ ਨੂੰ ਅਪਣਾ ਲਿਆ ਹੈ।
ਕ੍ਰਿਤੀ ਸੈਨਨ ਅਤੇ ਸੁਸ਼ਾਂਤ ਰਾਜਪੂਤ ਫ਼ਿਲਮ ‘ਰਾਬਤਾ’ ਵਿੱਚ (ਫ਼ੋਟੋ: ਧਰਮਪਾਲ)
ਕ੍ਰਿਤੀ ਸੈਨਨ ਅਤੇ ਸੁਸ਼ਾਂਤ ਰਾਜਪੂਤ ਫ਼ਿਲਮ ‘ਰਾਬਤਾ’ ਵਿੱਚ (ਫ਼ੋਟੋ: ਧਰਮਪਾਲ)
-ਤੁਹਾਡੀ ਜਲਦੀ ਹੀ ਰਿਲੀਜ਼ ਹੋਣ ਵਾਲੀ ਫ਼ਿਲਮ ‘ਰਾਬਤਾ’ ਦੀ ਕਹਾਣੀ ਅਤੇ ਇਸ ਵਿੱਚ ਆਪਣੇ ਕਿਰਦਾਰ ਬਾਰੇ ਕੁਝ ਦੱਸੋ?
-ਮੈਂ ਅਜੇ ਤੁਹਾਨੂੰ ‘ਰਾਬਤਾ’ ਦੀ ਕਹਾਣੀ ਨਹੀਂ ਦੱਸ ਸਕਦੀ, ਪਰ ਇਸ ਬਾਰੇ ਥੋੜ੍ਹਾ ਜਿਹਾ ਸੰਕੇਤ ਦੇ ਸਕਦੀ ਹਾਂ। ਦਿਨੇਸ਼ ਵਿਜਨ ਦੇ ਨਿਰਦੇਸ਼ਨ ਵਿੱਚ ਬਣੀ ਇਹ ਪਿਆਰ ਅਤੇ ਪੁਨਰਜਨਮ ‘ਤੇ ਆਧਾਰਿਤ ਫ਼ਿਲਮ ਹੈ। ਜਿਸ ਵਿੱਚ ਸੁਸ਼ਾਂਤ ਸਿੰਘ ‘ਸ਼ਿਵ’ ਜਦੋਂ ਕਿ ਮੈਂ ‘ਸਾਇਰਾ’ ਦੇ ਕਿਰਦਾਰ ਵਿੱਚ ਨਜ਼ਰ ਆਵਾਂਗੀ। ਸਾਡੇ ਵਿੱਚਕਾਰ ਪਹਿਲਾਂ ਦੋਸਤੀ ਹੁੰਦੀ ਹੈ ਜੋ ਬਾਅਦ ਵਿੱਚ ਪਿਆਰ ਵਿੱਚ ਬਦਲ ਜਾਂਦੀ ਹੈ। ਪਿਆਰ ਅਤੇ ਦੋਸਤੀ ਤੋਂ ਭਾਰੀ ਸਾਡੀ ਪਿਆਰ ਕਹਾਣੀ ਵਿੱਚ ਮੋੜ ਲਿਆਉਂਦੇ ਹਨ ‘ਨੀਰਜਾ’ ਫ਼ਿਲਮ ਤੋਂ ਪ੍ਰਸਿੱਧੀ ਪ੍ਰਾਪਤ ਅਦਾਕਾਰ ਜਿਮ ਸਭਰ। ਅੱਗੇ ਕੀ ਹੁੰਦਾ ਹੈ ਇਹ ਫ਼ਿਲਮ ਦੇਖਣ ‘ਤੇ ਹੀ ਪਤਾ ਲੱਗੇਗਾ। ਕੁੱਲ ਮਿਲਾ ਕੇ ‘ਰਾਬਤਾ’ ਸਿਰਫ਼ ਰੁਮਾਂਟਿਕ ਫ਼ਿਲਮ ਹੀ ਨਹੀਂ ਹੈ ਬਲਕਿ ਇਹ ਰਹੱਸਮਈ ਅਤੇ ਰੁਮਾਂਚ ਨਾਲ ਭਰਪੂਰ ਇੱਕ ਅਨੋਖੀ ਕਹਾਣੀ ਹੈ। ਸ਼ਾਇਦ ਇਹੀ ਵਜ੍ਹਾ ਵੀ ਰਹੀ ਕਿ ਜਿਸ ਦਿਨ ਮੈਂ ਇਸ ਦੀ ਕਹਾਣੀ ਸੁਣੀ, ਉਸ ਦਿਨ ਤੋਂ ਹੀ ਸ਼ੂਟਿੰਗ ਸ਼ੁਰੂ ਹੋਣ ਅਤੇ ਹੁਣ ਇਸ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹਾਂ।
-‘ਰਾਬਤਾ’ ਵਿੱਚ ਤੁਹਾਡੇ ਨਾਲ ਸੁਸ਼ਾਂਤ ਸਿੰਘ ਰਾਜਪੂਤ ਹਨ। ਉਨ੍ਹਾਂ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਦਾ ਰਿਹਾ?
-ਸੁਸ਼ਾਂਤ ਨਾਲ ਕੰਮ ਕਰਨ ਦਾ ਅਨੁਭਵ ਬਹੁਤ ਹੀ ਚੰਗਾ ਰਿਹਾ। ਦਰਅਸਲ, ਇਸ ਦੀ ਵਜ੍ਹਾ ਹੈ ਕਿ ਸਾਡੇ ਦੋਨਾਂ ਵਿੱਚਕਾਰ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਹਨ। ਅਸੀਂ ਦੋਨੋਂ ਦਿੱਲੀ ਤੋਂ ਹਾਂ। ਦੋਨੋਂ ਹੀ ਗ਼ੈਰ ਫ਼ਿਲਮੀ ਪਿਛੋਕੜ ਤੋਂ ਹਾਂ। ਸੁਸ਼ਾਂਤ ਇੰਜਨੀਅਰਿੰਗ ਦੇ ਵਿਦਿਆਰਥੀ ਸਨ, ਪਰ ਅਦਾਕਾਰੀ ਨੂੰ ਕਰੀਅਰ ਬਣਾਇਆ। ਮੈਂ ਵੀ ਇਲੈਕਟ੍ਰੌਨਿਕ ਟੈਲੀਕਮਿਊਨੀਕੇਸ਼ਨ ਦੀ ਡਿਗਰੀ ਲਈ ਹੈ, ਉਸ ਤੋਂ ਬਾਅਦ ਮਾਡਲਿੰਗ ਅਤੇ ਅਦਾਕਾਰੀ ਵਿੱਚ ਆਈ। ਦੋਨਾਂ ਦੇ ਸ਼ੌਕ ਮਿਲਦੇ ਹਨ, ਇਸ ਲਈ ਇਕੱਠੇ ਕੰਮ ਕਰਨ ਵਿੱਚ ਵੀ ਆਸਾਨੀ ਰਹੀ।
-ਕੀ ਤੁਹਾਨੂੰ ਪਤਾ ਸੀ ਕਿ ‘ਰਾਬਤਾ’ ਦੀ ਪਹਿਲੀ ਚੋਣ ਆਲੀਆ ਭੱਟ ਸੀ?
-ਹਾਂ,ਪਰ ਉਸ ਨੇ ਫ਼ਿਲਮ ਸਵੀਕਾਰ ਨਹੀਂ ਕੀਤੀ, ਇਸ ਲਈ ਮੈਨੂੰ ਫ਼ਾਇਦਾ ਹੋ ਗਿਆ। ਮੈਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ। ਮੈਂ ਇੱਕ ਸਾਕਾਰਾਤਮਕ ਵਿਅਕਤੀ ਹਾਂ। ਸੋਚਦੀ ਹਾਂ ਜੋ ਹੁੰਦਾ ਹੈ, ਚੰਗੇ ਲਈ ਹੀ ਹੁੰਦਾ ਹੈ। ਸ਼ਾਇਦ ਹੋਣੀ ਨੂੰ ਇਹੀ ਮਨਜ਼ੂਰ ਸੀ। ਫ਼ਿਲਮ ‘ਰਾਬਤਾ’ ਮੇਰੀ ਕਿਸਮਤ ਵਿੱਚ ਲਿਖੀ ਸੀ। ਹਾਂ, ਆਲੀਆ ਅੱਜ ਦੇ ਦੌਰ ਵਿੱਚ ਬਹੁਤ ਪ੍ਰਤਿਭਾਸ਼ਾਲੀ ਅਦਾਕਾਰਾ ਹੈ, ਇਸ ਵਿੱਚ ਕੋਈ ਦੋ ਰਾਇ ਨਹੀਂ ਹੈ।
-‘ਬਰੇਲੀ ਕੀ ਬਰਫ਼ੀ’ ਕਿਸ ਤਰ੍ਹਾਂ ਦੀ ਫ਼ਿਲਮ ਹੈ ਅਤੇ ਇਸ ਵਿੱਚ ਤੁਹਾਡਾ ਕੀ ਕਿਰਦਾਰ ਹੈ?
-‘ਬਰੇਲੀ ਕੀ ਬਰਫ਼ੀ’ ਰੁਮਾਂਟਿਕ ਕਾਮੇਡੀ ਫ਼ਿਲਮ ਹੈ ਜੋ ਉੱਤਰ ਭਾਰਤ ਦੇ ਸ਼ਹਿਰ ਬਰੇਲੀ ‘ਤੇ ਆਧਾਰਿਤ ਹੈ। ਇਹ ਬਹੁਤ ਹੀ ਦਿਲਚਸਪ ਫ਼ਿਲਮ ਹੈ ਜਿਸ ਦੀ ਕਹਾਣੀ ਪੜ੍ਹਨ ਵਿੱਚ ਬਹੁਤ ਮਜ਼ਾ ਆਇਆ ਸੀ ਕਿਉਂਕਿ ਇਹ ਅਲੱਗ ਤਰ੍ਹਾਂ ਦੀ ਕਹਾਣੀ ਹੈ। ਇਸ ਨੂੰ ਨਿਤੇਸ਼ ਤਿਵਾਰੀ ਨੇ ਲਿਖਿਆ ਹੈ ਜਦੋਂ ਕਿ ਉਨ੍ਹਾਂ ਦੀ ਪਤਨੀ ਅਸ਼ਵਨੀ ਅਈਅਰ ਨਿਰਦੇਸ਼ਨ ਕਰ ਰਹੀ ਹੈ। ਉਹ ਬਹੁਤ ਵਧੀਆ ਨਿਰਦੇਸ਼ਕ ਹੈ ਅਤੇ ਨਿਤੇਸ਼ ਨੇ ਇਸ ਕਹਾਣੀ ਨੂੰ ਕਾਫ਼ੀ ਚੰਗੀ ਤਰ੍ਹਾਂ ਲਿਖਿਆ ਹੈ। ‘ਬਰੇਲੀ ਕੀ ਬਰਫ਼ੀ’ 21 ਜੁਲਾਈ ਨੂੰ ਰਿਲੀਜ਼ ਹੋਏਗੀ। ‘ਬਰੇਲੀ ਕੀ ਬਰਫ਼ੀ’ ਵਿੱਚ ਮੇਰੇ ਨਾਲ ਆਯੂਸ਼ਮਾਨ ਖੁਰਾਣਾ ਅਤੇ ਰਾਜਕੁਮਾਰ ਰਾਓ ਨਜ਼ਰ ਆਉਣਗੇ। ਫ਼ਿਲਮ ਵਿੱਚ ਆਯੂਸ਼ਮਾਨ ਪ੍ਰਿਟਿੰਗ ਪ੍ਰੈਸ ਦੇ ਮਾਲਕ ਦੀ ਭੂਮਿਕਾ ਵਿੱਚ ਹਨ, ਜਦੋਂਕਿ ਰਾਜਕੁਮਾਰ ਰਾਓ ਲੇਖਕ ਅਤੇ ਮੈਂ ਸਿੱਧੀ ਸਾਦੀ ਅਤੇ ਆਜ਼ਾਦ ਖ਼ਿਆਲ ਦੀ ਲੜਕੀ ਦੇ ਕਿਰਦਾਰ ਵਿੱਚ ਹਾਂ। ਅਸੀਂ ਫ਼ਿਲਮ ਦੀ ਸ਼ੂਟਿੰਗ ਲਗਭਗ ਪੂਰੀ ਕਰ ਲਈ ਹੈ।
-ਯੂਪੀ ਦੀ ਲੜਕੀ ਦਾ ਕਿਰਦਾਰ ਨਿਭਾਉਣਾ ਕਿੰਨਾ ਮੁਸ਼ਕਿਲ ਰਿਹਾ?
-ਬਹੁਤ ਜ਼ਿਆਦਾ ਮੁਸ਼ਕਿਲ ਨਹੀਂ ਰਿਹਾ, ਕੇਵਲ ਭਾਸ਼ਾ ‘ਤੇ ਕੰਮ ਕਰਨਾ ਪਿਆ। ਦਰਅਸਲ, ‘ਬਰੇਲੀ ਕੀ ਬਰਫ਼ੀ’ ਇੱਕ ਅਜਿਹੀ ਲੜਕੀ ਦੀ ਕਹਾਣੀ ਹੈ ਜੋ ਯੂਪੀ ਦੇ ਬਰੇਲੀ ਸ਼ਹਿਰ ਵਿੱਚ ਰਹਿੰਦੀ ਹੈ। ਅਜਿਹੇ ਵਿੱਚ ਮੈਨੂੰ ਉੱਥੋਂ ਦੀ ਲੜਕੀ ਵਰਗਾ ਨਾ ਕੇਵਲ ਦਿਖਾਈ ਦੇਣਾ ਸੀ ਬਲਕਿ ਉਸ ਤਰ੍ਹਾਂ ਦੀ ਹੀ ਭਾਸ਼ਾ ਅਤੇ ਲਹਿਜ਼ੇ ਵਿੱਚ ਬੋਲਣਾ ਵੀ ਸੀ। ਇਸ ਲਈ ਮੈਂ ਇੱਕ ਟਿਊਟਰ ਤੋਂ ਬਰੇਲੀ ਲਹਿਜ਼ੇ ਵਿੱਚ ਬੋਲਣਾ ਸਿੱਖਿਆ। ਫ਼ਿਲਮ ਦੀ ਸ਼ੂਟਿੰਗ ਵੀ ਕਈ ਦਿਨਾਂ ਤਕ ਬਰੇਲੀ ਵਿੱਚ ਹੋਈ ਤਾਂ ਇਸ ਨਾਲ ਵੀ ਮੈਨੂੰ ਉੱਥੋਂ ਦੀ ਭਾਸ਼ਾ ਅਤੇ ਲਹਿਜ਼ਾ ਸਿੱਖਣ ਵਿੱਚ ਮਦਦ ਮਿਲੀ। ਵੈਸੇ, ਮੈਨੂੰ ‘ਬਰੇਲੀ ਕੀ ਬਰਫ਼ੀ’ ਵਿੱਚ ਕੰਮ ਕਰਨ ਦਾ ਬੇਹੱਦ ਮਜ਼ਾ ਆਇਆ ਕਿਉਂਕਿ ਇਹ ‘ਰਾਬਤਾ’ ਤੋਂ ਬਿਲਕੁਲ ਅਲੱਗ ਹੈ। ਮੇਰਾ ਕਿਰਦਾਰ ਵੀ ਬਹੁਤ ਵਧੀਆ ਹੈ।
-ਕਿਹਾ ਜਾਂਦਾ ਹੈ ਕਿ ‘ਬਰੇਲੀ ਕੀ ਬਰਫ਼ੀ’ ਵਿੱਚ ਕੰਮ ਕਰਨ ਦੌਰਾਨ ਤੁਹਾਨੂੰ ਸਿਗਰਟ ਪੀਣ ਦੀ ਲਤ ਲੱਗ ਗਈ?
-ਹਾਂ, ਫ਼ਿਲਮ ਵਿੱਚ ਮੇਰੇ ਕਿਰਦਾਰ ਨੂੰ ਸਿਗਰਟ ਪੀਂਦੇ ਹੋਏ ਦਿਖਾਇਆ ਜਾਏਗਾ, ਜਦੋਂਕਿ ਅਸਲ ਜ਼ਿੰਦਗੀ ਵਿੱਚ ਮੈਂ ਇਸ ਤੋਂ ਦੂਰ ਰਹਿੰਦੀ ਹਾਂ, ਪਰ ਕਿਰਦਾਰ ਲਈ ਮੈਨੂੰ ਆਪਣੇ ਸੁਭਾਅ ਦੇ ਉਲਟ ਸਿਗਰਟ ਪੀਣੀ ਪਈ। ਮੈਂ ਕਦੇ ਵੀ ਇਸ ਦਾ ਸੇਵਨ ਨਹੀਂ ਕੀਤਾ ਸੀ, ਪਰ ਕਿਰਦਾਰ ਨੂੰ ਨਿਭਾਉਣ ਲਈ ਇਸ ਨੂੰ ਪੀਣ ਦੀ ਜ਼ਹਿਮਤ ਉਠਾਉਣੀ ਪਈ।
-ਕਿਹਾ ਜਾ ਰਿਹਾ ਸੀ ਕਿ ਤੁਹਾਨੂੰ ਯਸ਼ਰਾਜ ਵਰਗੇ ਬੈਨਰ ਦੀ ਫ਼ਿਲਮ ‘ਠੱਗਜ਼ ਆਫ਼ ਹਿੰਦੁਸਤਾਨ’ ਵਿੱਚ ਕੰਮ ਕਰਨ ਦੀ ਪੇਸ਼ਕਸ਼ ਮਿਲੀ ਹੈ?
-ਤੁਹਾਡੇ ਮੂੰਹ ਵਿੱਚ ਘੀ ਸ਼ੱਕਰ, ਪਰ ਹੁਣ ਤਕ ਮੈਨੂੰ ਅਜਿਹੀ ਕੋਈ ਪੇਸ਼ਕਸ਼ ਨਹੀਂ ਮਿਲੀ ਹੈ, ਪਰ ਹਾਂ, ਜੇਕਰ ਯਸ਼ਰਾਜ ਵਰਗੇ ਬੈਨਰ ਦੀ ਫ਼ਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲੇ ਤਾਂ ਇਹ ਮੇਰੇ ਲਈ ਕਿਸੇ ਉਪਲੱਬਧੀ ਤੋਂ ਘੱਟ ਨਹੀਂ ਹੋਏਗਾ। ਅਮਿਤਾਭ ਬੱਚਨ ਅਤੇ ਆਮਿਰ ਤਾਂ ਇਸ ਫ਼ਿਲਮ ਲਈ ਸਾਈਨ ਹੋ ਚੁੱਕੇ ਹਨ। ਜੇਕਰ ਇਨ੍ਹਾਂ ਨਾਲ ਮੈਨੂੰ ਵੀ ਮੌਕਾ ਮਿਲ ਜਾਵੇ ਤਾਂ ਸੋਨੇ ‘ਤੇ ਸੁਹਾਗਾ ਹੋ ਜਾਏਗਾ। ਵੈਸੇ ਵੀ ਇਹ ਇੱਕ ਇਤਿਹਾਸਕ ਫ਼ਿਲਮ ਹੈ, ਇਸ ਦਾ ਹਿੱਸਾ ਬਣ ਕੇ ਮੈਨੂੰ ਬਹੁਤ ਖ਼ੁਸ਼ੀ ਹੋਏਗੀ।
-ਇੱਕ ਵਧੀਆ ਅਦਾਕਾਰਾ ਹੋਣ ਕਾਰਨ ਕੀ ਤੁਸੀਂ ਇੱਥੇ ਮੁਕਾਬਲੇ ਦੀ ਭਾਵਨਾ ਦਾ ਅਹਿਸਾਸ ਕਰਦੇ ਹੋ?
-ਕਿਸ ਖੇਤਰ ਵਿੱਚ ਮੁਕਾਬਲਾ ਨਹੀਂ ਹੁੰਦਾ ਹੈ? ਮੈਡੀਕਲ ਹੋਵੇ, ਮਾਡਲਿੰਗ ਹੋਵੇ ਜਾਂ ਅਦਾਕਾਰੀ੩ਸਾਰੇ ਖੇਤਰਾਂ ਵਿੱਚ ਸਖ਼ਤ ਮੁਕਾਬਲਾ ਹੈ, ਪਰ ਜ਼ਰੂਰਤ ਹੈ ਉਸ ਮੁਕਾਬਲੇ ਦਾ ਮੁਕਾਬਲਾ ਕਰਨ ਦੀ। ਹਾਲਾਂਕਿ ਮੈਂ ਕਿਸੇ ਮੁਕਾਬਲੇ ਵਿੱਚ ਨਹੀਂ ਹਾਂ, ਪਰ ਜੇਕਰ ਕੋਈ ਮੁਕਾਬਲਾ ਆਏਗਾ ਵੀ ਤਾਂ ਮੈਂ ਉਸ ਮੁਕਾਬਲੇ ਲਈ ਤਿਆਰ ਹਾਂ। ਵੈਸੇ ਮੁਕਾਬਲਾ ਜੇਕਰ ਵਧੀਆ ਹੋਵੇ ਤਾਂ ਇਸ ਨਾਲ ਇੱਕ ਕਲਾਕਾਰ ਨੂੰ ਵਿਕਾਸ ਕਰਨ ਦਾ ਮੌਕਾ ਹੀ ਮਿਲਦਾ ਹੈ।
-ਕੁਝ ਦਿਨ ਪਹਿਲਾਂ ਤੁਸੀਂ ਕਿਹਾ ਸੀ ਕਿ ਫ਼ਿਲਮਾਂ ਦੀ ਡਬਿੰਗ ਕਰਨ ਤੋਂ ਤੁਹਾਨੂੰ ਨਫ਼ਰਤ ਹੈ। ਹੁਣ ਕੀ ਸੋਚਦੇ ਹੋ?
-ਹੁਣ ਮੈਂ ਵੀ ਉਸ ਪ੍ਰਕਿਰਿਆ ਦਾ ਆਨੰਦ ਲੈਣ ਲੱਗੀ ਹਾਂ ਕਿਉਂਕਿ ਇਹ ਪੂਰੀ ਫ਼ਿਲਮ ਨੂੰ ਦੁਬਾਰਾ ਜਿਊਣ ਦੀ ਤਰ੍ਹਾਂ ਹੁੰਦਾ ਹੈ।
-ਤੁਸੀਂ ਫ਼ਿਲਮਾਂ ਤੋਂ ਇਲਾਵਾ ਹੋਰ ਕੀ ਕਰਨਾ ਪਸੰਦ ਕਰਦੇ ਹੋ ?
-ਮੈਨੂੰ ਜ਼ਿਆਦਾ ਸਮਾਂ ਤਾਂ ਨਹੀਂ ਮਿਲਦਾ, ਪਰ ਜੋ ਵੀ ਸਮਾਂ ਮਿਲਦਾ ਹੈ ਤਾਂ ਮੈਂ ਪਰਿਵਾਰ ਨਾਲ ਬਿਤਾਉਣਾ ਚਾਹੁੰਦੀ ਹਾਂ। ਮੈਨੂੰ ਫ਼ਿਲਮਾਂ ਦੇਖਣੀਆਂ ਪਸੰਦ ਹਨ। ਦੇਵ ਆਨੰਦ ਦੀਆਂ ਫ਼ਿਲਮਾਂ ਮੈਨੂੰ ਬਹੁਤ ਪਸੰਦ ਹਨ।
-ਅੱਜਕੱਲ੍ਹ ਦੇ ਉਹ ਕਿਹੜੇ ਅਦਾਕਾਰ ਹਨ ਜੋ ਤੁਹਾਨੂੰ ਪਸੰਦ ਹਨ?
-ਰਿਤਿਕ ਰੌਸ਼ਨ, ਰਣਬੀਰ ਕਪੂਰ ਅਤੇ ਰਣਵੀਰ ਸਿੰਘ ਮੇਰੇ ਪਸੰਦੀਦਾ ਅਦਾਕਾਰ ਹਨ। ਹਾਲਾਂਕਿ ਇਨ੍ਹਾਂ ਤੋਂ ਇਲਾਵਾ ਵੀ ਮੇਰੇ ਪਸੰਦੀਦਾ ਅਦਾਕਾਰਾਂ ਦੀ ਸੂਚੀ ਬਹੁਤ ਵੱਡੀ ਹੈ।











