ਕਈ ਫ਼ਿਲਮਾਂ ਵਿੱਚ ਅਨਿਲ ਕਪੂਰ ਨਾਲ ਕੰਮ ਕਰਨ ਤੋਂ ਬਾਅਦ ਅਕਸ਼ੈ ਖੰਨਾ ਹੁਣ ਸ਼੍ਰੀਦੇਵੀ ਉੱਪਰ ਫ਼ਿਲਮਾਈ ਅਤੇ ਬੋਨੀ ਕਪੂਰ ਵੱਲੋਂ ਤਿਆਰ ਕੀਤੀ ਗਈ ਫ਼ਿਲਮ ‘ਮੌਮ’ ‘ਚ ਨਜ਼ਰ ਆਉਣਗੇ। ਬੋਨੀ ਕਪੂਰ ਗਾਰੰਟੀ ਦੇ ਰਹੇ ਹਨ ਕਿ ਅਜਿਹਾ ਕੰਮ ਅਕਸ਼ੈ ਨੇ ਪਹਿਲਾਂ ਕਦੇ ਨਹੀਂ ਕੀਤਾ। ਬੋਨੀ ਕਪੂਰ ਦਾ ਕਹਿਣਾ ਹੈ ਕਿ ਇਸ ਫ਼ਿਲਮ ਨਾਲ ਅਕਸ਼ੈ ਦੀ ਅਸਲੀ ਵਾਪਸੀ ਹੋਈ ਹੈ। ਉਹ ਇਕ ਖ਼ਾਸ ਭੂਮਿਕਾ ਨਿਭਾ ਰਹੇ ਹਨ। ਇਸ ਰੋਲ ਦੇ ਨਾਲ ਉਨ੍ਹਾਂ ਨੇ ਪੂਰਾ ਨਿਆਂ ਕੀਤਾ ਹੈ। ਇਹ ਅਕਸ਼ੈ ਦੇ ਕਰੀਅਰ ਦਾ ਬਿਹਤਰੀਨ ਪ੍ਰਦਰਸ਼ਨ ਕਿਹਾ ਜਾ ਰਿਹਾ ਹੈ। ਅਕਸ਼ੈ ਨੇ ਕਈ ਫ਼ਿਲਮਾਂ ਅਨਿਲ ਨਾਲ ਕੀਤੀਆਂ ਹਨ। ਬੋਨੀ ਨੇ ਦੱਸਿਆ ਕਿ ‘ਅਸੀਂ ਅਕਸਰ ਮਿਲਿਆ ਕਰਦੇ ਸਾਂ। ਮੈਂ ਉਦੋਂ ਵੀ ਸੋਚਦਾ ਸਾਂ ਕਿ ਉਹ ਸਕ੍ਰੀਨ ਨੇ ਜਿੰਨੇ ਨੈਚੁਰਲ ਵਿਖਾਈ ਦਿੰਦੇ ਹਨ ਓਨੇ ਹੀ ਸਰਲ ਵੀ ਹਨ। ਉਹ ਹਮੇਸ਼ਾ ਸ਼ੂਟਿੰਗ ਲਈ ਸਮੇਂ ਸਿਰ ਆਉਂਦੇ ਸਨ ਅਤੇ ਹਮੇਸ਼ਾ ਆਪਣੀ ਸਮਰਥਾ ਨਾਲੋਂ ਜ਼ਿਆਦਾ ਕੰਮ ਕਰਦੇ ਹਨ।’ ਅਕਸ਼ੈ ਦਾ ਕਹਿਣਾ ਹੈ ਕਿ ‘ਇਹ ਮੇਰੇ ਕਰੀਅਰ ਦੇ ਮੀਲ ਦਾ ਪੱਥਰ ਹੈ ਜਦੋਂ ਸ਼੍ਰੀਦੇਵੀ ਤੇ ਨਵਾਜ ਵਰਗੇ ਬਿਹਤਰੀਨ ਕਲਾਕਾਰਾਂ ਨਾਲ ਮੈਂ ਕੰਮ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਕਾਸਟ ਤੇ ਕਰੂਅ ਮੈਂਬਰਾਂ ਨਾਲ ਸ਼ੂਟਿੰਗ ਕਰਦਿਆਂ ਮੈਂ ਬੇਹੱਦ ਮਾਣਮੱਤਾ ਮਹਿਸੂਸ ਕਰ ਰਿਹਾ ਸਾਂ।’ ਜ਼ੀ ਸਟੂਡੀਓ ਅਤੇ ਬੋਨੀ ਕਪੂਰ ਮਿਲ ਕੇ ਇਸ ਫ਼ਿਲਮ ਨੂੰ ਪੇਸ਼ ਕਰ ਰਹੇ ਹਨ। ਇਸ ਵਿੱਚ ਸ਼੍ਰੀਦੇਵੀ, ਅਕਸ਼ੈ ਖੰਨਾ ਅਤੇ ਨਵਾਜ਼ੂਦੀਨ ਸੱਦੀਕੀ ਦੇ ਖ਼ਾਸ ਰੋਲ ਹਨ। ਫ਼ਿਲਮ ਦਾ ਸੰਗੀਤ ਏਆਰ ਰਹਿਮਾਨ ਨੇ ਦਿੱਤਾ ਹੈ ਅਤੇ ਨਿਰਦੇਸ਼ਨ ਰਵੀ ਓਦਯਵਾਰ ਨੇ ਕੀਤਾ ਹੈ।











