ਅਮਿਤ ਸ਼ਾਹ ਦੇ ਭਲਕੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ, ਜਾਣੋ ਮਾਨਸਾ ਤੋਂ ਬਾਅਦ ਕਿੱਥੇ ਜਾਣਗੇ

ਮਾਨਸਾ : ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਸੰਬਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਾਨਸਾ ਦੌਰੇ ਦਾ ਸ਼ਡਿਊਲ ਤੈਅ ਹੋ ਗਿਆ ਹੈ। ਇਸ ਸ਼ਡਿਊਲ ਦੇ ਮੁਤਾਬਕ ਅਮਿਤ ਸ਼ਾਹ 20 ਅਕਤੂਬਰ ਨੂੰ ਦੁਪਹਿਰ 12 ਵਜੇ ਮਾਨਸਾ ਜਾਣਗੇ। ਇਸ ਤੋਂ ਬਾਅਦ ਦੁਪਹਿਰ 1.15 ਵਜੇ ਸੰਗਰੂਰ ਅਤੇ ਦੁਪਹਿਰ 3.15 ਵਜੇ ਗੁਰਦਾਸਪੁਰ ਜਾਣਗੇ। ਦੱਸਣਯੋਗ ਹੈ ਕਿ ਮਾਨਸਾ ਵਿਖੇ ਪਰਵਿੰਦਰ ਝੋਟਾ ਦਾ ਕਤਲ ਕੀਤਾ ਗਿਆ, ਗੁਰਦਾਸਪੁਰ ਵਿਖੇ ਬਿਕਰਮਜੀਤ ਦਾ ਕਤਲ ਕੀਤਾ ਗਿਆ ਅਤੇ ਸੰਗਰੂਰ ਵਿਖੇ ਗੁਲਜ਼ਾਰ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਸੀ।
ਇਹ ਤਿੰਨੇਂ ਨਸ਼ਾ ਵਿਰੋਧੀ ਕਾਰਕੁਨ ਸਨ। ਹਾਲਾਂਕਿ ਪਹਿਲਾਂ ਅਮਿਤ ਸ਼ਾਹ ਦੇ ਮਾਨਸਾ ਦੌਰੇ ਦਾ ਵਿਰੋਧ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਪਰ ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਨੇ ਅਮਿਤ ਸ਼ਾਹ ਦੇ ਆਉਣ ਦਾ ਸਵਾਗਤ ਕਰਨ ਦੀ ਗੱਲ ਆਖਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਕਿਸੇ ਵਲੋਂ ਵਿਰੋਧ ਨਾ ਕੀਤਾ ਜਾਵੇ।
ਭੀਮ ਸਿੰਘ ਨੇ ਕਿਹਾ ਕਿ ਸਿਰਫ ਕੇਂਦਰ ਹੀ ਹੈ, ਜੋ ਉਨ੍ਹਾਂ ਨੂੰ ਇਨਸਾਫ਼ ਦਿਵਾ ਸਕਦਾ ਹੈ, ਹੋਰ ਉਨ੍ਹਾਂ ਨੂੰ ਕਿਸੇ ਤੋਂ ਕੋਈ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪਾਰਟੀ ਦਾ ਕੋਈ ਵਿਅਕਤੀ ਧਰਨੇ ‘ਚ ਆਉਂਦਾ ਹੈ ਤਾਂ ਉਸ ਦਾ ਵਿਰੋਧ ਨਾ ਕੀਤਾ ਜਾਵੇ।