ਨਿੰਦਰ ਘੁਗਿਆਣਵੀ
ਹੁਣ ਮੈਂ ਹਰਚਰਨ ਸਿੰਘ ਬਰਾੜ ਨਾਲ ਹੋਈ ਆਪਣੀ ਆਖਰੀ ਮਿਲਣੀ ਦੀ ਕਥਾ ਸੁਣਾ ਦੇਵਾਂ ਅਤੇ ਗੱਲ ਖ਼ਤਮ ਕਰਾਂ। ਬਰਾੜ ਪੰਜਾਬ ਦੇ ਮੁੱਖ-ਮੰਤਰੀ ਸਨ ਅਤੇ ਉਪ-ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨਾਲ ਉਹਨਾਂ ਦਾ ਤਣਾ-ਤਣੀ ਵਾਲਾ ਮਾਹੌਲ ਬਣਿਆ ਹੋਇਆ ਸੀ। ਬੀਬੀ ਭੱਠਲ ਉਪ ਮੁੱਖ ਮੰਤਰੀ ਮਸਾਂ ਬਣੀ ਸੀ, ਖੌਰੂ ਪੱਪ ਬੜੀ ਪਾਈ। ਬਰਨਾਲੇ ਤੋਂ MLA ਪੰਡਤ ਸੋਮ ਦੱਤ ਨੇ ਵੀ ਵਜ਼ੀਰੀ ‘ਚ ਸ਼ਾਮਿਲ ਹੋਣ ਲਈ ਆਪਣਾ ਸੰਘਰਸ਼ ਵਿੱਢਿਆ ਹੋਇਆ ਸੀ। ਆਖਿਰ ਉਹਨਾਂ ਨੂੰ ਰਾਜ-ਮੰਤਰੀ ਬਣਾ ਦਿੱਤਾ ਗਿਆ। ਉਹਨੀਂ ਦਿਨੀਂ ਹੀ ਬਰਨਾਲੇ ਲਿਖਾਰੀ ਸਭਾ ਵਲੋਂ ਇੱਕ ਕਵੀ-ਦਰਬਾਰ ਹੋਇਆ। ਮੈਂ ਵੀ ਗਿਆ, ਆਪਣੇ ਕਵੀ ਮਿਤਰ ਤਰਸੇਮ ਨਾਲ। ਮੈਨੂੰ ਭਾਸ਼ਾ ਵਿਭਾਗ ਦੇ ਡਾਇਰੈਕਟਰ ਹਸੀਜਾ ਨੇ ਮਾਲੀ-ਕਮ-ਸੇਵਾਦਾਰ ਦੀ ਨੌਕਰੀ ਤੋਂ ਹਟਾ ਦਿੱਤਾ ਹੋਇਆ ਸੀ ਅਤੇ ਮੈਂ ਬਰਨਾਲੇ ਵਾਲੇ ਕਵੀ ਦਰਬਾਰ ਵਿੱਚ ਇਸ ਤਾਕ ‘ਚ ਗਿਆ ਸੀ ਕਿ ਉਥੇ ਪ੍ਰੋ.ਪ੍ਰੀਤਮ ਸਿੰਘ ਰਾਹੀ ਅਤੇ ਜੋਗਿੰਦਰ ਸਿੰਘ ਨਿਰਾਲਾ ਮੈਨੂੰ ਪੰਡਤ ਸੋਮ ਦੱਤ ਦੇ ਮੱਥੇ ਲਾ ਦੇਣਗੇ ਅਤੇ ਉਹ ਅੱਗੋਂ ਉਸ ਸਮੇਂ ਦੀ ਭਾਸ਼ਾ ਵਿਭਾਗ ਦੀ ਮੰਤਰੀ ਬੀਬੀ ਭੱਠਲ ਨੂੰ ਮੈਨੂੰ ਮੁੜ ਰੱਖਣ ਲਈ ਬੇਨਤੀ ਕਰ ਦੇਣਗੇ। ਸੋਮ ਦੱਤ ਭੱਠਲ ਦੇ ਖੇਮੇ ‘ਚ ਸਨ। ਪ੍ਰੋਗਰਾਮ ਵਿੱਚ ਕਵੀ ਸੱਜਣ ਕਵਿਤਾਵਾਂ ਪੜ੍ਹ ਰਹੇ ਸਨ। ਮੈਂ ਸ੍ਰੋਤਿਆਂ ਵਿੱਚ ਉਦਾਸ ਬੈਠਾ ਸਾਂ ਕਿ ਖਵਰੈ ਮੈਨੂੰ ਕੋਈ ਪੰਡਤ ਜੀ ਨਾਲ ਮਿਲਵਾਏਗਾ ਵੀ ਜਾਂ ਨਹੀਂ … ਮੇਰੇ ਕੰਮ ਦਾ ਕੀ ਬਣੂਗਾ? ਕੀ ਪੰਡਤ ਜੀ ਮੇਰੀ ਨੌਕਰੀ ਦੀ ਬਹਾਲੀ ਲਈ ਸਿਫ਼ਾਰਿਸ਼ ਕਰਨਗੇ ਵੀ ਜਾਂ ਨਹੀਂ? ਮੇਰਾ ਧਿਆਨ ਕਵੀ-ਦਰਬਾਰ ‘ਚੋਂ ਉਖੜਿਆ ਪਿਆ ਸੀ ਅਤੇ ਅੱਚਵੀਂ ਲੱਗੀ ਹੋਈ ਸੀ। ਕਵੀ ਦਰਬਾਰ ਦੇ ਜਲਦੀ ਮੁੱਕ ਜਾਣ ਦੀ ਉਡੀਕ ਕਰ ਰਿਹਾ ਸਾਂ ਕਿ ਜੰਗ ਸਿੰਘ ਫ਼ੱਟੜ ਨਾਂ ਦੇ ਇੱਕ ਕਵੀ ਦੀ ਵਾਰੀ ਆ ਗਈ। ਉਸ ਨੇ ਆਪਣੀ ਇੱਕ ਰੁਬਾਈ ਸੁਣਾਈ ਜੋ ਪੂਰੀ ਤਰਾਂ ਤਾਂ ਮੈਨੂੰ ਯਾਦ ਨਹੀਂ, ਪਰ ਉਸ ਦੇ ਕੁੱਝ ਟੁੱਟੇ ਫ਼ੁੱਟੇ ਬੋਲ ਮੈਂ ਪਾਠਕਾਂ ਨਾਲ ਲਾਜ਼ਮੀ ਸਾਂਝੇ ਕਰਨਾ ਚਾਹੁੰਦਾ ਹਾਂ:
ਬਰਾੜ ਦੀ ਮੁੱਛ ਖੜ੍ਹੀ ਹੈ
ਭੱਠਲ ਦੀ ਅੱਖ ਤੜੀ ਹੈ
ਸਾਡੀ ਕਮਾਨ ‘ਚੋਂ ਸਾਡਾ ਹੈ ਤੀਰ ਤਣਿਐ
ਅਸੀਂ ਕੀ ਕਿਸੇ ਤੋਂ ਦਹੀਂ ਲੈਣੈ
ਪੰਡਤ ਸੋਮ ਦੱਤ ਸਾਡਾ ਵਜ਼ੀਰ ਬਣਿਐ
ਇਹ ਸੁਣ ਸਾਰੇ ਸ੍ਰੋਤੇ ਜ਼ੋਰ-ਜ਼ੋਰ ਦੀ ਹੱਸਣ ਲੱਗੇ। ਮੰਚ ‘ਤੇ ਬੈਠੇ ਪੰਡਤ ਜੀ ਵੀ ਵਾਹਵਾ ਹੱਸੇ। ਮਾਹੌਲ ‘ਚ ਰੰਗੀਨੀ ਭਰ ਗਈ। ਮੈਨੂੰ ਜਾਪਿਆ ਕਿ ਹੁਣ ਸ਼ਾਇਦ ਮੇਰੀ ਨੌਕਰੀ ਵਾਲਾ ਕੰਮ ਹੋ ਜਾਏਗਾ। ਪ੍ਰੋਗਰਾਮ ਮੁੱਕ ਗਿਆ। ਨਿਰਾਲਾ ਅਤੇ ਰਾਹੀ ਜੀ ਦੋਏਂ ਭਰਾ, ਮੈਨੂੰ ਪੰਡਤ ਜੀ ਪਾਸ ਲੈ ਗਏ ਤੇ ਨਾਲ ਡਾ ਤੇਜਵੰਤ ਮਾਨ, ਜੋ ਓਦੋਂ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਸਨ, ਵੀ ਮੱਦਦ ਵਾਸਤੇ ਨਾਲ ਖੜ ਗਏ। ਇੱਕ ਅਰਜ਼ੀ-ਪੱਤਰ ਲਿਖ ਕੇ ਮੈਂ ਨਾਲ ਲਿਆਇਆ ਹੋਇਆ ਸਾਂ। ਅਰਜ਼ੀ ਖੋਲ੍ਹ ਕੇ ਪੰਡਤ ਜੀ ਨੂੰ ਫ਼ੜਾਉਂਦਿਆਂ ਮੈਂ ਹੱਥ ਜੋੜੀ ਖੜ੍ਹਾ ਆਪਣਾ ਦੁੱਖੜਾ ਦੱਸਣ ਲੱਗਾ। ਪੰਡਤ ਜੀ ਨੇ ਬੜੇ ਧਿਆਨ ਨਾਲ ਅਰਜ਼ੀ-ਪੱਤਰ ਪੜ੍ਹਿਆ ਅਤੇ ਮੇਰੇ ਵੱਲ ਦੇਖਦੇ ਹੋਏ ਬੋਲੇ, ”ਤੂੰ ਫ਼ਿਕਰ ਨਾ ਕਰ ਜੁਆਨਾ … ਮੈਂ ਅੱਜ ਈ ਬੀਬੀ ਜੀ ਨਾਲ ਗੱਲ ਕਰੂੰਗਾ …।”ਪੰਡਤ ਜੀ ਨੇ ਅਰਜ਼ੀ-ਪੱਤਰ ਆਪਣੇ ਕੁੜਤੇ ਦੀ ਮੂਹਰਲੀ ਜੇਬ੍ਹ ਵਿੱਚ ਪਾ ਲਿਆ। ਮੈਨੂੰ ਕੁੱਝ ਹੌਸਲਾ ਜਿਹਾ ਹੋ ਗਿਆ। ਖ਼ੈਰ!
***
ਬੜੇ ਦਿਨ ਬੀਤ ਗਏ। ਕੁੱਝ ਨਾ ਬਣਿਆ। ਸਾਡੇ ਪਿੰਡੋਂ ਜੋਗਿੰਦਰ ਸਿੰਘ ਬਰਾੜ ਨਿਰਮਲੇ ਮਹੰਤ ਸਨ ਅਤੇ ਮੇਰੇ ਨਾਲ ਉਨ੍ਹਾਂ ਦਾ ਚੰਗਾ ਲਿਹਾਜ਼ ਸੀ, ਮੈਂ ਉਨ੍ਹਾਂ ਨੂੰ ਤਾਇਆ ਜੀ ਸੱਦਦਾ ਸੀ। ਉਹਨਾਂ ਦਾ ਬਰਾੜ ਭਾਈਚਾਰਾ ਹੋਣ ਕਾਰਨ ਹਰਚਰਨ ਸਿੰਘ ਬਰਾੜ ਮੁੱਖ-ਮੰਤਰੀ ਨੂੰ ਵੀ ਉਨ੍ਹਾਂ ਨੂੰ ਕਦੀ-ਕਦਾਈਂ ਮਿਲਦੇ-ਗਿਲਦੇ ਸਨ। ਮੈਂ ਪਿੰਡ ਆਇਆ ਤਾਂ ਮਹੰਤ ਜੀ ਵੀ ਦਿੱਲੀਂਓ ਪਿੰਡ ਆਏ ਹੋਏ ਸਨ। ਮੈਂ ਮਹੰਤ ਜੀ ਨਾਲ ਆਪਣੀ ਸਮੱਸਿਆ ਸਾਂਝੀ ਕੀਤੀ ਤਾਂ ਉਹਨਾਂ ਆਖਿਆ, ”ਵਾਹ ਓ ਮੁੰਡਿਆ, ਹੱਦ ਹੋਗੀ … ਮੁੱਖ-ਮੰਤਰੀ ਆਪਣੇ ਘਰ ਦਾ ਹੋਵੇ ਤੇ ਏਹ ਨਿੱਕਾ ਜਿਹਾ ਕੰਮ ਵੀ ਨਾ ਹੋਵੇ ਆਪਣਾ …? ਚੱਲ, ਆਪਾਂ ਕੱਲ੍ਹ ਨੂੰ ਚੰਡੀਗੜ ਚੱਲੀਏ … ਤਿਆਰੀ ਵੱਟ …।”
ਸੋ ਮੈਂ ਮਹੰਤ ਜੀ ਨਾਲ ਚੰਡੀਗੜ ਜਾਣ ਦੀ ਤਿਆਰੀ ਕਰਨ ਲੱਗਿਆ।
***
ਮੈਨੂੰ ਯਾਦ ਆਇਆ ਕਿ ਇੱਕ ਵਾਰ ਜਦੋਂ ਬਰਾੜ ਸਾਹਬ ਦੀ ਬੇਟੀ ਬਬਲੀ ਬਰਾੜ ਨੇ ਲੋਕ ਸਭਾ ਦੀ ਚੋਣ ਲੜੀ ਸੀ ਤਾਂ ਉਹ ਬਰਾੜ ਸਾਹਬ ਨਾਲ ਸਾਡੇ ਪਿੰਡ ਆਈ ਸੀ। ਉਸ ਸਮੇਂ ਦੇ ਸਮਾਗਮ ਦੀ ਸਟੇਜ ਸਕੱਤਰੀ ਮੈਂ ਹੀ ਕੀਤੀ ਸੀ, ਅਤੇ ਮੇਰੇ ਕੋਲ ਉਸ ਸਮੇਂ ਦੀਆਂ ਦੋ ਤਸਵੀਰਾਂ ਵੀ ਸਾਂਭੀਆਂ ਪਈਆਂ ਸਨ। ਮੈਂ ਇਹ ਸੋਚ ਕੇ ਤਸਵੀਰਾਂ ਅਰਜ਼ੀ-ਪੱਤਰ ਵਾਲੇ ਲਿਫ਼ਾਫ਼ੇ ਨਾਲ ਬੈਗ ਵਿੱਚ ਪਾ ਲਈਆਂ ਕਿ ਮੁੱਖ-ਮੰਤਰੀ ਜੀ ਨੂੰ ਇਹ ਤਸਵੀਰਾਂ ਦਿਖਾਉਣ ਨਾਲ ਉਹਨਾਂ ‘ਤੇ ਮੇਰਾ ਚੰਗਾ ਪ੍ਰਭਾਵ ਪੈ ਸਕਦਾ ਹੈ ਕਿ ਇਸ ਮੁੰਡੇ ਦੀਆਂ ਫ਼ੋਟੋਆਂ ਹਨ ਨਾਲ ਮੇਰੇ। ਮਹੰਤ ਜੀ ਅਤੇ ਮੈਂ ਚੰਡੀਗੜ ਨੂੰ ਚੱਲ ਪਏ। ਰਾਤ ਅਸੀਂ ਇੱਕ ਗੁਰੂ ਘਰ ਵਿੱਚ ਕੱਟੀ ਅਤੇ ਸਵੇਰੇ ਨਹਾ-ਧੋਕੇ ਆਟੋ ਰਿਕਸ਼ਾ ‘ਚ ਬੈਠ ਕੇ ਮੁੱਖ-ਮੰਤਰੀ ਜੀ ਦੀ ਕੋਠੀ ਵੱਲ ਚਾਲੇ ਪਾਏ। ਮਹੰਤ ਜੀ ਆਖਣ ਲੱਗੇ ਕਿ ਆਪਾਂ ਭੋਜਨ ਪਾਣੀ ਵੀ ਮੁਖ ਮੰਤਰੀ ਸਾਹਬ ਕੋਲ ਛਕਾਂਗੇ। ਇਹ ਸੁਣ ਮੈਂ ਬੜਾ ਬਾਗੋਬਾਗ ਹੋ ਰਿਹਾ ਸਾਂ ਕਿ ਚਲੋ, ਮਹੰਤ ਜੀ ਦੇ ਬਹਾਨੇ ਹੀ ਮੇਰੇ ਵਰਗੇ ਨਿਮਾਣੇ ਨਿਤਾਣੇ ਨੂੰ ਮੁਖ ਮੰਤਰੀ ਹਾਊਸ ਚੋਂ ਪਰਸ਼ਾਦੇ ਛਕਣ ਨੂੰ ਮਿਲ ਜਾਣਗੇ। ਸਾਡੇ ਜਾਂਦਿਆਂ ਨੂੰ ਉਥੇ ਕੋਈ ਖ਼ਾਸ ਭੀੜ ਨਹੀਂ ਸੀ। ਅਸੀਂ ਦੋ ਪਾਸ ਬਣਵਾ ਲਏ। ਕਰਮਚਾਰੀਆਂ ਦਾ ਵਤੀਰਾ ਬੜਾ ਮਿਲਵਰਤਣ ਵਾਲਾ ਸੀ। ਮਹੰਤ ਜੀ ਦਾ ਭਗਵਾਂ ਪਹਿਰਾਵਾ, ਪ੍ਰਕਾਸ਼ਿਆ ਦਾੜ੍ਹਾ ਬੜਾ ਪ੍ਰਭਾਵ ਪਾ ਰਿਹਾ ਸੀ ਅਤੇ ਸਾਰੇ ਮਹੰਤ ਜੀ ਨੂੰ ਨਮਸਕਾਰ ਜਾਂ ਸਤਿ ਸ੍ਰੀ ਅਕਾਲ ਆਖ ਰਿਹਾ ਸੀ। ਇੱਕ ਦੋ ਜਣੇ ਤਾਂ ਪੈਰੀਂ ਹੱਥ ਲਾਕੇ ਆਸ਼ੀਰਵਾਦ ਵੀ ਲੈ ਗੇ। ਮਹੰਤ ਜੀ ਖਾਸੇ ਖ਼ੁਸ਼ ਸਨ। ਮੈਂ ਵੀ ਖ਼ੁਸ਼ ਸਾਂ ਕਿ ਅੱਜ ਬਾਜ਼ੀ ਜਿੱਤ ਕੇ ਜਾਵਾਂਗੇ ਤਾਇਆ ਭਤੀਜਾ। ਅਸੀਂ ਉਡੀਕ ਕਮਰੇ ਵਿੱਚ ਬੈਠ ਗਏ। ਕੋਈ ਪਾਣੀ ਪਿਲਾਉਣ ਵੀ ਨਾ ਬਹੁੜਿਆ। ਹੌਲੀ ਹੌਲੀ ਲੋਕਾਂ ਦੀ ਭੀੜ ਵਧਣ ਲੱਗੀ। ਇਹ ਉਹ ਦਿਨ ਸੀ ਜਿਸ ਦਿਨ ਮੁੱਖ-ਮੰਤਰੀ ਜੀ ਲੋਕਾਂ ਨੂੰ ਆਪਣੀ ਰਿਹਾਇਸ਼ ‘ਤੇ ਮਿਲਦੇ ਸਨ, ਸੰਗਤ ਦਰਸ਼ਨ ਕਹਿ ਲਓ। ਮਹੰਤ ਜੀ ਮੁੱਖ-ਮੰਤਰੀ ਨੂੰ ਮਿਲਣ ਲਈ ਬੜੇ ਉਤਾਵਲੇ ਸਨ ਤੇ ਬੇਚੈਨ ਵੀ ਹੋ ਰਹੇ ਸਨ। ਮੈਨੂੰ ਬਾਰ-ਬਾਰ ਆਖ ਰਹੇ ਸਨ, ”ਆਪਣੀ ਕਹੀ ਨਹੀਂ ਮੋੜਦਾ ਬਰਾੜ … ਬਸ, ਆ ਜਾਣ ਦੇ … ਆਪਣਾ ਕੰਮ ਬਣਜੂ …”
ਘੰਟਾ ਕੁ ਲੰਘਿਆ ਤਾਂ ਭੀੜ ਹੋਰ ਵੀ ਵਧਣ ਲੱਗੀ। ਦੋ ਕੁ ਸੌ ਤੋਂ ਵੱਧ ਲੋਕ ਮਿਲਣ ਵਾਲੇ ਆਣ ਪੁੱਜੇ ਅਤੇ ਬਹੁਤੇ ਲੋਕ ਤਾਂ ਮੁੱਖ-ਮੰਤਰੀ ਜੀ ਦੇ ਇਲਾਕੇ ਦੇ ਹੀ ਲਗਦੇ ਸਨ। ਮੁੱਖ-ਮੰਤਰੀ ਜੀ ਦਾ ਆਪਣੀ ਰਿਹਾਇਸ਼ ‘ਚੋਂ ਆਉਣ ਦਾ ਵਕਤ ਵੀ ਹੋ ਗਿਆ ਸੀ ਅਤੇ ਸਾਨੂੰ ਸਭ ਨੂੰ ਲੰਬੀ ਕਤਾਰ ਵਿੱਚ ਖੜ੍ਹਾਇਆ ਜਾਣ ਗਿਆ। ਸਾਥੋਂ ਮੂਹਰੇ ਅੱਠ-ਦਸ ਬੰਦੇ ਖੜ੍ਹੇ ਸਨ। ਮੈਨੂੰ ਮਹੰਤ ਜੀ ਨੇ ਆਪਣੇ ਅੱਗੇ ਖੜੇ ਰਹਿਣ ਲਈ ਆਖਿਆ। ਫ਼ੋਟੋਜ਼ ਅਤੇ ਅਰਜ਼ੀ-ਪੱਤਰ ਮੇਰੇ ਹੱਥ ਵਿੱਚ ਸਨ। ਸਾਰੀ ਕਤਾਰ ਪਿਛਾਂਹ ਨੂੰ ਦੇਖੀ ਜਾਵੇ। ਮਹੰਤ ਜੀ ਵੀ ਕਾਫ਼ੀ ਉਪਰਾਮਤਾ ਮਹਿਸੂਸ ਕਰ ਰਹੇ ਸਨ ਅਤੇ ਮੈਂ ਬਾਰ ਬਾਰ ਧੌਣ ਮੋੜ ਮੋੜ ਉਨ੍ਹਾਂ ਵੱਲ ਝਾਕਦਾ ਤਾਂ ਮਹੰਤ ਜੀ ਮੈਨੂੰ ਘੂਰਦੇ, ”ਪਿਛਾਂਹ ਕੀ ਵੇਹਨਾ ਐਂ? ਖੜ੍ਹਾ ਨੀ ਹੋਇਆ ਜਾਂਦਾ ਤੈਥੋਂ ਚੱਜ ਨਾਲ? ”ਖੈਰ, ਮੁੱਖ-ਮੰਤਰੀ ਜੀ ਪਿਛਲੇ ਪਾਸਿਓਂ ਦੀ ਦੋ ਉੱਚ-ਅਫ਼ਸਰਾਂ ਨਾਲ ਬੜੀ ਸਹਿਜ ਚਾਲ ਤੁਰਦੇ ਆ ਰਹੇ ਸਨ। ਸਭਨਾਂ ਨੇ ਦੋਵੇਂ ਹੱਥ ਜੋੜ ਕੇ ਮੁੱਖ-ਮੰਤਰੀ ਜੀ ਨੂੰ ਫ਼ਤਿਹ ਬੁਲਾਈ। ਜਵਾਬੀ ਰੂਪ ਵਿੱਚ ਉਹਨਾਂ ਵੀ ਅੱਗੋਂ ਹੱਥ ਜੋੜ ਕੇ ਫ਼ਤਿਹ ਕਬੂਲੀ। ਉਹ ਇੱਕ ਕੈਬਿਨ ‘ਚ ਡੱਠੀ ਕੁਰਸੀ ‘ਤੇ ਬੈਠ ਗਏ। ਨਾਲ ਆਏ ਦੋਵੇਂ ਅਫ਼ਸਰ ਵੀ ਲਾਗੇ-ਲਾਗੇ ਬਹਿ ਗਏ। ਮੁੱਖ-ਮੰਤਰੀ ਜੀ ਨੇ ਹੱਥ ਦੇ ਇਸ਼ਾਰੇ ਨਾਲ ਕੋਲ ਖਲੋਤੇ ਸਹਾਇਕ ਨੂੰ ਕਿਹਾ ਕਿ ਲੋਕਾਂ ਨੂੰ ਮਿਲਵਾਉਣ ਦਾ ਕੰਮ ਸ਼ੁਰੂ ਕਰੋ। ਲਗਭਗ ਸਾਰਿਆਂ ਕੋਲ ਹੀ ਜ਼ਰੂਰੀ ਕਾਗ਼ਜ਼ ਅਤੇ ਬਿਨੈ-ਪੱਤਰ ਫ਼ੜੇ ਹੋਏ ਸਨ। ਮੁੱਖ-ਮੰਤਰੀ ਜੀ ਕਾਗ਼ਜ਼ ਫ਼ੜਦੇ ਜ਼ਰੂਰ ਸਨ ਪਰ ਪੜ੍ਹਦੇ ਨਹੀਂ ਸਨ … ਨਿਗਾਹ ਵੀ ਨਹੀਂ ਸੀ ਮਾਰਦੇ ਅਤੇ ਨਾਲ ਬੈਠੇ ਅਫ਼ਸਰਾਂ ਨੂੰ ਕਾਗ਼ਜ ਫ਼ੜਾਈ ਜਾਂਦੇ ਸਨ। ਮੁੱਖ-ਮੰਤਰੀ ਜੀ ਨਾ ਹੀ ਕੁੱਝ ਬੋਲਦੇ ਅਤੇ ਨਾ ਹੀ ਮੁਸਕੁਰਾਉਂਦੇ। ਮੇਰੀ ਵਾਰੀ ਆਈ ਤਾਂ ਮੇਰਾ ਦਿਲ ਜ਼ੋਰ ਨਾਲ ਧੜਕਣ ਲੱਗਾ।
(ਬਾਕੀ ਅਗਲੇ ਹਫ਼ਤੇ)
















