ਅੰਮ੍ਰਿਤਸਰ : ਮਕਬੂਲਪੁਰਾ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੁਲਸ ਕਮਿਸ਼ਨਰ੍ਰੇਟ ਨਾਲ ਨਗਰ ਨਿਗਮ ਦੀ ਟੀਮ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਗਲੀ ਨੰਬਰ 12 ਵਿਚ ਸਥਿਤ ਇਕ ਮਹਿਲਾ ਸਮੱਗਲਰ ਦੀ ਗੈਰ-ਕਾਨੂੰਨੀ ਤੌਰ ’ਤੇ ਪ੍ਰਾਪਤ ਜਾਇਦਾਦ ਨੂੰ ਢਾਹ ਦਿੱਤਾ ਗਿਆ। ਇਹ ਕਾਰਵਾਈ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਯੋਗ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਇਸ ਇਲਾਕੇ ਵਿਚ ਔਰਤ ਨਸ਼ਾ ਸਮੱਗਲਰ ਕਾਫੀ ਸਮੇਂ ਤੋਂ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰ ਰਹੀ ਸੀ, ਜਿਸ ਨੇ ਗੈਰ-ਕਾਨੂੰਨੀ ਜਾਇਦਾਦ ਬਣਾਈ, ਜਿਸ ਨੂੰ ਜ਼ਬਤ ਕਰਨ ਬਾਅਦ ਉਸ ’ਤੇ ਡਿੱਚ ਮਸ਼ੀਨ ਚਲਾ ਕੇ ਉਸ ਨੂੰ ਢਾਹ ਦਿੱਤਾ ਗਿਆ ਹੈ।
ਪੁਲਸ ਕਮਿਸ਼ਨਰ ਅਨੁਸਾਰ ਢਾਹੀ ਗਈ ਜਾਇਦਾਦ ਸੁਰਿੰਦਰ ਕੌਰ ਉਰਫ਼ ਸਵਿੰਦਰ ਕੌਰ ਦੀ ਸੀ, ਜਿਸ ਦੇ ਖਿਲਾਫ ਐੱਨ. ਡੀ. ਪੀ. ਐੱਸ ਐਕਟ ਅਧੀਨ ਕਈ ਗੰਭੀਰ ਮਾਮਲੇ ਦਰਜ ਹਨ। ਉਹ ਇਸ ਵੇਲੇ ਜੇਲ ਵਿਚ ਬੰਦ ਹੈ ਅਤੇ ਉਸ ’ਤੇ 11 ਮੁਕੱਦਮਿਆਂ ਨਾਲ ਇਕ ਰੋਕਥਾਮ ਕਾਰਵਾਈ ਵੀ ਦਰਜ ਹੈ। ਪੁਲਸ ਰਿਕਾਰਡ ਅਨੁਸਾਰ ਸੁਰਿੰਦਰ ਕੌਰ ਨੂੰ ਇਕ ਮਾਮਲੇ ਵਿਚ 10 ਸਾਲ ਦੀ ਕੈਦ ਅਤੇ 1 ਲੱਖ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਜਾ ਚੁੱਕੀ ਹੈ। ਉਸ ਖਿਲਾਫ ਵੱਖ-ਵੱਖ ਸਮਿਆਂ ਵਿਚ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਹੇਠ ਕੇਸ ਦਰਜ ਹੋਏ ਹਨ, ਜਿਹੜੇ ਨਸ਼ੇ ਦੀ ਸਮੱਗਲਿੰਗ ਨਾਲ ਜੁੜੇ ਹੋਏ ਹਨ। ਪਰਿਵਾਰ ਦੇ ਹੋਰ ਮੈਂਬਰਾਂ ’ਤੇ ਵੀ ਕਾਨੂੰਨੀ ਕਾਰਵਾਈ ਹੋਈ ਹੈ। ਕੁਝ ਮੈਂਬਰ ਜੇਲ ਵਿਚ ਹਨ ਜਦਕਿ ਕੁਝ ਦੀ ਮੌਤ ਹੋ ਚੁੱਕੀ ਹੈ, ਜਿਸ ਨਾਲ ਇਹ ਮਾਮਲਾ ਇਕ ਵੱਡੇ ਨਸ਼ਾ ਜਾਲ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ।
ਇਲਾਕੇ ਦੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ
ਪੁਲਸ ਕਮਿਸ਼ਨਰ ਭੁੱਲਰ ਨੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਨੇੜੇ ਹੋ ਕੇ ਸੁਣਿਆ ਅਤੇ ਭਰੋਸਾ ਦਿੱਤਾ ਕਿ ਜੇਕਰ ਕੋਈ ਵੀ ਨਸ਼ਾ ਸਮੱਗਲਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਨਾਲ ਵੀ ਨਾਜਾਇਜ਼ ਤੌਰ ’ਤੇ ਤੰਗ ਪ੍ਰੇਸ਼ਾਨ ਕਰਦਾ ਹੈ, ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਵੀ ਇਲਾਕੇ ਵਿਚ ਨਸ਼ਾ ਵੇਚਦਾ ਹੈ ਤਾਂ ਉਸ ਦੀ ਇਤਲਾਹ ਤੁਰੰਤ ਪੁਲਸ ਨੂੰ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਹੈ ਕਿ ਨਸ਼ਿਆਂ ਅਤੇ ਗੈਂਗਸਟਰ ਅਪਰਾਧ ਵਿਰੁੱਧ ਲੜਾਈ ਵਿਚ ਆਪਣਾ ਯੋਗਦਾਨ ਪਾਉਣ ਲਈ ਐਂਟੀ-ਡਰੱਗ ਹੈਲਪਲਾਈਨ 97791-00200 ਅਤੇ ਐਂਟੀ-ਗੈਂਗਸਟਰ ਹੈਲਪਲਾਈਨ 93946-93946 (ਕਾਲ/ਵਟਸਐਪ) ’ਤੇ ਜਾਣਕਾਰੀ ਸਾਂਝੀ ਕਰਨ। ਪੁਲਸ ਨੇ ਭਰੋਸਾ ਦਿਵਾਇਆ ਹੈ ਕਿ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਇਸ ਤੋਂ ਇਲਾਵਾ ਗੈਂਗਸਟਰਾਂ ਦੀ ਗ੍ਰਿਫਤਾਰੀ ਲਈ ਮਦਦਗਾਰ ਜਾਣਕਾਰੀ ਦੇਣ ਵਾਲਿਆਂ ਨੂੰ 10 ਲੱਖ ਰੁਪਏ ਤੱਕ ਦਾ ਇਨਾਮ ਵੀ ਦਿੱਤਾ ਜਾ ਸਕਦਾ ਹੈ।















