ਹਮ-ਉਮਰ ਕਲਾਕਾਰਾਂ ਨਾਲ ਕੰਮ ਕਰਨ ਦੀ ਚਾਹਵਾਨ ਹੈ ਪ੍ਰਾਚੀ

flimy duniyaਬਾਲੀਵੁੱਡ ਅਦਾਕਾਰਾ ਪ੍ਰਾਚੀ ਦੇਸਾਈ ਹੁਣ ਪ੍ਰੇਮ ਕਹਾਣੀ ‘ਤੇ ਆਧਾਰਿਤ ਫ਼ਿਲਮ ‘ਚ ਕੰਮ ਕਰਨਾ ਚਾਹੁੰਦੀ ਹੈ। 27 ਸਾਲਾ ਪ੍ਰਾਚੀ ਦੇਸਈ ਨੇ ਕਿਹਾ, ”ਮੈਂ ਆਪਣੀ ਉਮਰ ਦੇ ਕਲਾਕਾਰਾਂ ਨਾਲ ਕੰਮ ਕਰਨਾ ਚਾਹੁੰਦੀ ਹਾਂ। ਮੈਂ ਅਦਾਕਾਰ ਵਰੁਣ ਧਵਨ ਅਤੇ ਆਦਿੱਤਿਯ ਰਾਏ ਕਪੂਰ ਨਾਲ ਕੰਮ ਦੀ ਚਾਹਵਾਨ ਹਾਂ।
ਜਾਣਕਾਰੀ ਅਨੁਸਾਰ ਪ੍ਰਾਚੀ ਦੇਸਾਈ ਪਹਿਲਾਂ ਬਾਲੀਵੁੱਡ ਅਦਾਕਾਰ ਅਜੇ ਦੇਵਗਣ, ਇਮਰਾਨ ਹਾਸ਼ਮੀ, ਅਭਿਸ਼ੇਕ ਬੱਚਨ ਅਤੇ ਫ਼ਰਹਾਨ ਅਖਤਰ ਵਰਗੇ ਮਸ਼ਹੂਰ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ‘ਤੇ ਆਧਾਰਿਤ ਫ਼ਿਲਮਾਂ ‘ਚ ਕੰਮ ਕਰਨਾ ਜ਼ਿਆਦਾ ਮਜ਼ੇਦਾਰ ਹੁੰਦਾ ਹੈ। ਇਸ ਤੋਂ ਪਹਿਲਾਂ ਉਹ ਫ਼ਿਲਮ ‘ਰਾਕ ਆਨ’, ‘ਵਨਸ ਅਪੌਨ ਏ ਟਾਈਮ ਇਨ ਮੁੰਬਈ’ ਤੇ ‘ਬੋਲ ਬੱਚਨ’ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਜਾਣਕਾਰੀ ਅਨੁਸਾਰ ਪ੍ਰਾਚੀ ਦੀ ਆਉਣ ਵਾਲੀ ਫ਼ਿਲਮ ‘ਅਜਹਰ’ ਹੈ, ਜਿਸ ‘ਚ ਉਹ ਸਾਬਕਾ ਕ੍ਰਿਕਟਰ ਮੁਹਮੰਦ ਅਜਹਰੂਦੀਨ ਦੀ ਸਾਬਕਾ ਪਤਨੀ ‘ਨੋਰੀਨ’ ਦੀ ਭੂਮਿਕਾ ਨਿਭਾਅ ਰਹੀ ਹੈ।
‘ਬਾਲਾਜੀ ਮੋਸ਼ਨ ਪਿਕਚਰਸ’ ਅਤੇ ‘ਐੱਮ.ਐੱਸ.ਐੱਮ. ਮੋਸ਼ਨ ਪਿਕਚਰਸ’ ਦੇ ਬੈਨਰ ਹੇਠ ਬਣੀ ਇਹ ਫ਼ਿਲਮ ਏਕਤਾ ਕਪੂਰ, ਸ਼ੋਭਾ ਕਪੂਰ ਅਤੇ ਸਨੇਹਾ ਰਜਨੀ ਵਲੋਂ ਬਣਾਈ ਜਾ ਰਹੀ ਹੈ, ਜੋ ਕਿ 13 ਮਈ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ‘ਚ ਪ੍ਰਾਚੀ ਤੋਂ ਇਲਾਵਾ ਇਮਰਾਨ ਹਾਸ਼ਮੀ, ਨਰਗਿਸ ਫ਼ਾਖਰੀ ਅਤੇ ਹੁਮਾ ਕੁਰੇਸ਼ੀ ਵੀ ਮੁਖ ਭੂਮਿਕਾਵਾਂ ‘ਚ ਹਨ।