ਸੰਸਦ ਦੇ ਸਰਦ ਰੁੱਤ ਇਜਲਾਸ ਵਿਚ ਮੋਦੀ ਸਰਕਾਰ ਦੀਆਂ ਨਾਕਾਮੀਆਂ ਦੀ ਖੋਲੀ ਜਾਵੇਗੀ ਪੋਲ -ਸੁਨੀਲ ਜਾਖੜ

ਚੰਡੀਗੜ : ਪਾਰਲੀਮੈਂਟ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਪਾਰਟੀ ਵੱਲੋਂ ਸੰਸਦ ਦੇ ਇਸ ਸੈਸ਼ਨ ਵਿਚ ਕੇਂਦਰ ਸਰਕਾਰ ਨੂੰ ਉਸਦੀਆਂ ਕਿਸਾਨ, ਵਪਾਰ ਤੇ ਉਦਯੋਗ ਵਿਰੋਧੀ ਨਿਤੀਆਂ ਦੇ ਮੁੱਦੇ ਤੇ ਘੇਰਨ ਦੇ ਨਾਲ ਨਾਲ ਭਾਜਪਾ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਸੋਤੇਲੇ ਵਿਵਹਾਰ ਦਾ ਮੁੱਦਾ ਵੀ ਚੁੱਕਿਆ ਜਾਵੇਗਾ।
ਅੱਜ ਨਵੀਂ ਦਿੱਲੀ ਵਿਖੇ ਲੋਕ ਸਭਾ ਮੈਂਬਰ ਵਜੋਂ ਚੁਣੇ ਜਾਣ ਤੋਂ ਬਾਅਦ ਸ੍ਰੀ ਸੁਨੀਲ ਜਾਖੜ ਪਾਰਲੀਮੈਂਟ ਵਿਖੇ ਆਪਣੀ ਚੋਣ ਸਬੰਧੀ ਦਸਤਾਵੇਜ ਦੇਣ ਲਈ ਪੁੱਜੇ ਸਨ। ਇਸ ਮੌਕੇ ਉਨਾਂ ਆਖਿਆ ਕਿ 15 ਦਸੰਬਰ ਤੋਂ ਸ਼ੁਰੂ ਹੋ ਰਹੇ ਸਰਦ ਰੁੱਤ ਇਜਲਾਜ ਵਿਚ ਨਰਿੰਦਰ ਮੋਦੀ ਸਰਕਾਰ ਦੀਆਂ ਨਾਕਾਮੀਆਂ ਦਾ ਕੱਚਾ ਚਿੱਠਾ ਖੋਲਿਆ ਜਾਵੇਗਾ। ਉਨਾਂ ਨੇ ਆਖਿਆ ਕਿ ਮੋਦੀ ਸਰਕਾਰ ਨੇ ਸੰਸਦ ਦਾ ਇਹ ਇਜਲਾਸ ਆਪਣੀ ਸਰਕਾਰ ਦੀਆਂ ਕਮਜੋਰੀਆਂ ਤੇ ਪਰਦਾ ਪਾਉਣ ਲਈ ਹੀ ਦੇਰੀ ਨਾਲ ਬੁਲਾਇਆ ਹੈ ਤਾਂ ਜੋ ਇਸਦਾ ਗੁਜਰਾਤ ਵਿਧਾਨ ਸਭਾ ਚੋਣਾਂ ਤੇ ਪ੍ਰਭਾਵ ਨਾ ਪਵੇ। ਉਨਾਂ ਕਿਹਾ ਕਿ ਜਿਸ ਤਰਾਂ ਪੂਰੀ ਭਾਰਤ ਸਰਕਾਰ ਗੁਜਰਾਤ ਵਿਚ ਡੇਰਾ ਲਗਾ ਕੇ ਬੈਠੀ ਰਹੀ ਉਸਤੋਂ ਗੁਜਰਾਤ ਵਿਚ ਭਾਜਪਾ ਦੇ ਅਸਲ ਵਿਕਾਸ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਸ੍ਰੀ ਸੁਨੀਲ ਜਾਖੜ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਨਾਲ ਮਤਰੇਆ ਸਲੂਕ ਕੀਤਾ ਜਾ ਰਿਹਾ ਹੈ। ਇਸ ਖਿਲਾਫ ਲੋਕ ਸਭਾ ਵਿਚ ਉਹ ਅਵਾਜ ਉਠਾਉਣਗੇ। ਇਸ ਤੋਂ ਇਲਾਵਾ ਪੰਜਾਬ ਦੇ ਸਰਹੱਦੀ ਖੇਤਰਾਂ ਖਾਸ ਕਰਕੇ ਗੁਰਦਾਸਪੁਰ ਦੇ ਧਾਲੀਵਾਲ ਅਤੇ ਬਟਾਲਾ ਦੀ ਸਨਅਤ ਦਾ ਮੁੱਦਾ ਵੀ ਉਨਾਂ ਦੇ ਏਂਜਡੇ ਵਿਚ ਸ਼ਾਮਿਲ ਰਹੇਗਾ।
ਪੰਜਾਬ ਵਿਚ ਹੋ ਰਹੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਆਖਿਆ ਕਿ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੰਨਾਂ ਚੋਣਾਂ ਲਈ ਵੋਟਰਾਂ ਸਾਹਮਣੇ ਆਪਣਾ ਦ੍ਰਿਸ਼ਟੀ ਪੱਤਰ ਰੱਖ ਦਿੱਤਾ ਹੈ, ਅਤੇ ਆਪਣੇ ਇਸੇ ਵਿਜ਼ਨ ਦਸਤਾਵੇਜ ਦੇ ਅਨੁਸਾਰ ਹੀ ਪਾਰਟੀ ਇੰਨਾਂ ਚੋਣਾਂ ਵਿਚ ਜਿੱਤ ਦਰਜ ਕਰੇਗੀ। ਉਨਾਂ ਨੇ ਆਖਿਆ ਕਿ ਪਿੱਛਲੇ 10 ਸਾਲਾਂ ਵਿਚ ਭਾਜਪਾ ਨੇ ਪੁਰੀ ਤਰਾਂ ਨਾਲ ਅਕਾਲੀ ਦਲ ਅੱਗੇ ਗੋਢੇ ਟੇਕੀ ਰੱਖੇ ਅਤੇ ਸ਼ਹਿਰੀ ਖੇਤਰਾਂ ਦਾ ਕੋਈ ਵਿਕਾਸ ਨਹੀਂ ਹੋਇਆ ਹੈ। ਜੋ ਪ੍ਰੋਜੈਕਟ ਆਰੰਭੇ ਵੀ ਗਏ ਉਹ ਅੱਧਵਾਟੇ ਰਹਿ ਗਏ ਸਨ। ਉਨਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਦੇ ਵਿਕਾਸ ਦੀ ਲਘੂ ਅਤੇ ਲੰਬੇ ਸਮੇਂ ਦੀ ਯੋਜਨਾਬੰਦੀ ਉਲੀਕੀ ਗਈ ਹੈ।
ਸ਼ੋ੍ਰਮਣੀ ਅਕਾਲੀ ਦਲ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਆਖਿਆ ਕਿ ਪਹਿਲਾਂ ਵਿਧਾਨ ਸਭਾ, ਫਿਰ ਗੁਰਦਾਸਪੁਰ ਲੋਕ ਸਭਾ ਉਪ ਚੋਣ ਤੇ ਹੁਣ ਸਥਾਨਕ ਸਰਕਾਰਾਂ ਵਿਚ ਆਪਣੀ ਪ੍ਰਤੱਖ ਨਜ਼ਰ ਆ ਰਹੀ ਹਾਰ ਵੇਖ ਕੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੌਖਲਾ ਗਏ ਹਨ। ਉਨਾਂ ਨੇ ਸ: ਬਾਦਲ ਨੂੰ ਯਾਦ ਕਰਵਾਇਆ ਕਿ ਉਹ ਖੁਦ ਸੂਬੇ ਦੇ ਗ੍ਰਹਿ ਮੰਤਰੀ ਰਹੇ ਹਨ ਅਤੇ ਭਲੀ ਭਾਂਤ ਜਾਣਦੇ ਹੋਣਗੇ ਕਿ ਕੌਮੀ ਸ਼ਾਹਮਾਰਗ ਰੋਕਣ ਤੇ ਕਿਹੜਾ ਕਾਨੂੰਨ ਲਾਗੂ ਹੁੰਦਾ ਹੈ। ਉਨਾਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿਚ ਹੁਣ ਅਕਾਲੀ ਦਲ ਦਾ ਜੰਗਲ ਰਾਜ ਨਹੀਂ ਹੈ ਬਲਕਿ ਕਾਨੂੰਨ ਦਾ ਰਾਜ ਹੈ ਅਤੇ ਜੋ ਵੀ ਕਾਨੂੰਨ ਦੀ ਉਲਘੰਣਾ ਕਰੇਗਾ, ਕਾਨੂੰਨ ਉਸ ਨਾਲ ਨਿਪਟੇਗਾ। ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੁਲਿਸ ਨੂੰ ਪੁਰੀ ਤਰਾਂ ਨਾਲ ਰਾਜਨੀਤੀ ਤੋਂ ਪਾਸੇ ਰੱਖਿਆ ਹੈ ਅਤੇ ਪੁਲਿਸ ਨੂੰ ਪੇਸ਼ੇਵਰਾਨਾ ਢੰਗ ਨਾਲ ਕੰਮ ਕਰਨ ਦੀ ਅਜਾਦੀ ਦਿੱਤੀ ਗਈ ਹੈ ਅਤੇ ਇਸੇ ਦਾ ਹੀ ਨਤੀਜਾ ਹੈ ਕਿ ਪੁਲਿਸ ਨੇ ਪਿੱਛਲੇੇ ਸਮੇਂ ਵਿਚ ਅਨੇਕਾਂ ਅਹਿਮ ਕੇਸ ਹੱਲ ਕੀਤੇ ਹਨ। ਉਨਾਂ ਕਿਹਾ ਕਿ ਹੁਣ ਅਕਾਲੀ ਦਲ ਦੀ ਧੱਕੇਸ਼ਾਹੀ ਦੀ ਰਾਜਨੀਤੀ ਨਹੀਂ ਚਲੇਗੀ। ਉਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਸਲਾਹ ਦਿੱਤੀ ਕਿ ਉਹ ਜੇਕਰ ਸੱਚਮੁੱਚ ਰਾਜਨੀਤੀ ਵਿਚ ਬਣੇ ਰਹਿਣਾ ਚਾਹੁੰਦੇ ਹਨ ਤਾਂ ਉਹ ਆਪਣੀ ਪਿੱਛਲੀ ਸਰਕਾਰ ਦੀਆਂ ਧੱਕੇਸ਼ਾਹੀਆਂ ਲਈ ਪੰਜਾਬ ਦੇ ਅਵਾਮ ਤੋਂ ਮਾਫੀ ਮੰਗ ਕੇ ਇਕ ਸਾਰਥਕ ਰਾਜਨੀਤੀ ਕਰਨ ਲਈ ਅੱਗੇ ਆਉਣ।