ਸੰਸਦ ‘ਚ ਗੂੰਜੇਗੀ ਮਹਿਲਾਵਾਂ ਦੀ ਆਵਾਜ਼: 16 ਤੋਂ 18 ਅਪ੍ਰੈਲ ਤੱਕ ਚੱਲੇਗਾ ਸੰਸਦ ਦਾ ਵਿਸ਼ੇਸ਼ ਸੈਸ਼ਨ

ਨਵੀਂ ਦਿੱਲੀ – ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਨ ਲਈ ਵੀਰਵਾਰ ਨੂੰ ਸੰਸਦ ਦਾ ਮੌਜੂਦਾ ਬਜਟ ਸੈਸ਼ਨ ਵਧਾ ਦਿੱਤਾ ਗਿਆ ਅਤੇ ਹੁਣ ਲੋਕ ਸਭਾ ਅਤੇ ਰਾਜ ਸਭਾ ਦੀ ਅਗਲੀ ਬੈਠਕ 16 ਅਪ੍ਰੈਲ ਨੂੰ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਦੋਵਾਂ ਸਦਨਾਂ ਦੀ 3 ਦਿਨਾ ਬੈਠਕ 16 ਤੋਂ 18 ਅਪ੍ਰੈਲ ਦੇ ਦਰਮਿਆਨ ਹੋ ਸਕਦੀ ਹੈ। ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ, ਸੰਸਦ ਦਾ ਮੌਜੂਦਾ ਬਜਟ ਸੈਸ਼ਨ ਵੀਰਵਾਰ ਨੂੰ ਹੀ ਖ਼ਤਮ ਹੋਣਾ ਸੀ।
ਸੂਤਰਾਂ ਅਨੁਸਾਰ, ਸਰਕਾਰ ਮੌਜੂਦਾ ਬਜਟ ਸੈਸ਼ਨ ’ਚ ਅਗਲੇ 3 ਦਿਨਾਂ ਦੀ ਕਾਰਵਾਈ ਦੌਰਾਨ ਮਹਿਲਾ ਰਾਖਵੇਂਕਰਨ ਨਾਲ ਸਬੰਧਤ ‘ਨਾਰੀ ਸ਼ਕਤੀ ਵੰਦਨ ਕਾਨੂੰਨ’ ’ਚ ਸੋਧ ਨਾਲ ਜੁੜਿਆ ਬਿੱਲ ਲਿਆ ਸਕਦੀ ਹੈ। ਸਰਕਾਰ ਨੇ ਕਈ ਪਾਰਟੀਆਂ ਨਾਲ ਜਿਸ ਖਰੜੇ ਨੂੰ ਲੈ ਕੇ ਮੰਥਨ ਕੀਤਾ ਹੈ, ਉਸ ਅਨੁਸਾਰ ਮਹਿਲਾ ਰਾਖਵਾਂਕਰਨ ਲਾਗੂ ਕਰਨ ਦੇ ਨਾਲ ਹੀ ਲੋਕ ਸਭਾ ’ਚ ਸੀਟਾਂ ਦੀ ਗਿਣਤੀ 543 ਤੋਂ ਵਧਾ ਕੇ 816 ਕੀਤੀ ਜਾਣੀ ਹੈ ਅਤੇ ਇਨ੍ਹਾਂ ’ਚੋਂ 273 ਸੀਟਾਂ ਔਰਤਾਂ ਲਈ ਰਾਖਵੀਆਂ ਹੋਣਗੀਆਂ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਸੂਚਿਤ ਕੀਤਾ ਕਿ ਸਦਨ ਦੀ ਬੈਠਕ ਅੱਜ ਮੁਲਤਵੀ ਹੋਵੇਗੀ ਅਤੇ ਜਲਦ ਹੀ ‘ਬਹੁਤ ਅਹਿਮ’ ਬਿੱਲ ਲਈ ਮੁੜ ਬੈਠਕ ਹੋਵੇਗੀ।