ਸੁਰੱਖਿਅਤ ਹਾਂ ਆਪਣੇ ਦੇਸ਼ ‘ਚ ਹੁਮਾ ਕੁਰੈਸ਼ੀ

ਆ. ਪਣੀ ਵੱਖਰੀ ਚਾਲ ਚੱਲ ਰਹੀ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਆਪਣੇ ਤਰੀਕੇ ਨਾਲ ਕਰੀਅਰ ਨੂੰ ਅੱਗੇ ਤੋਰ ਰਹੀ ਹੈ। ਆਪਣੀ ਆਉਣ ਵਾਲੀ ਫ਼ਿਲਮ ‘ਪਾਰਟੀਸ਼ਨ 1947’ ਦੀ ਪ੍ਰਮੋਸ਼ਨ ਦੌਰਾਨ ਹੁਮਾ ਨੇ ਕਿਹਾ ਕਿ ‘ਮੈਂ ਖ਼ੁਦ ਇੱਕ ਲੜਕੀ ਹਾਂ, ਹਿੰਦੁਸਤਾਨੀ ਹਾਂ ਅਤੇ ਇਸ ਦੇਸ਼ ‘ਚ ਖ਼ੁਦ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਕਰਦੀ ਹਾਂ। ਹੁਮਾ ਨੇ ਇਹ ਬਿਆਨ ਸਾਬਕਾ ਉਪਰਾਸ਼ਟਰਪਤੀ ਹਾਮਿਦ ਅੰਸਾਰੀ ਦੇ ਕਾਰਜਕਾਰ ਦੇ ਵਿਦਾਈ ਭਾਸ਼ਣ ਵਿੱਚ ਮੁਸਲਮਾਨਾਂ ਨੂੰ ਅਸੁਰੱਖਿਅਤ ਦੱਸੇ ਜਾਣ ‘ਤੇ ਦਿੱਤਾ ਹੈ। ਹੁਮਾ ਨੇ ਅੱਗੇ ਕਿਹਾ ਕਿ ਭਾਰਤ ਦੀ ਆਜ਼ਾਦੀ ਨੂੰ ਪੂਰੇ 70 ਸਾਲ ਹੋ ਗਏ ਅਤੇ ਇੰਨੇ ਵਧੀਆ ਮਾਹੌਲ ਵਿੱਚ ਸਕਾਰਾਤਮਕ ਗੱਲਾਂ ਹੀ ਚੰਗੀਆਂ ਲਗਦੀਆਂ ਹਨ। ਭਾਰਤ ਦੀ ਆਜ਼ਾਦੀ ਦੇ 70ਵੇਂ ਸਾਲ ਵਿੱਚ ਔਰਤਾਂ ਦੀ ਆਜ਼ਾਦੀ ਬਾਰੇ ਹੁਮਾ ਨੇ ਕਿਹਾ ਕਿ ਭਾਰਤ ਵਿੱਚ ਬਹੁਤ ਸੁਧਾਰ ਹੋਇਆ ਹੈ। ਔਰਤਾਂ ਨੂੰ ਮੁੱਢਲੀ ਸੁਰੱਖਿਆ ਤਾਂ ਮੁਹੱਈਆ ਕਰਵਾਈ ਜਾ ਰਹੀ ਹੈ ਪਰ ਔਰਤਾਂ ਨੂੰ ਖ਼ੁਦ ਵੀ ਐਨਾ ਮਜ਼ਬੂਤ ਹੋਣਾ ਪਵੇਗਾ ਕਿ ਉਨ੍ਹਾਂ ਨੂੰ ਆਪਣੀ ਸੁਰੱਖਿਆ ਲਈ ਕਿਸੇ ‘ਤੇ ਨਿਰਭਰ ਨਾ ਰਹਿਣਾ ਪਵੇ। ਦਿੱਲੀ ਯੂਨੀਵਰਸਿਟੀ ਤੋਂ ਹਿਸਟਰੀ ਆਨਰਜ਼ ਵਿੱਚ ਡਿਗਰੀ ਹਾਸਲ ਕਰ ਚੁੱਕੀ ਹੁਮਾ ਨੇ ਕਿਹਾ ਕਿ ਇਤਿਹਾਸ ਉਸ ਦਾ ਹਮੇਸ਼ਾ ਤੋਂ ਪਸੰਦੀਦਾ ਵਿਸ਼ਾ ਰਿਹਾ ਹੈ। ਇਸ ਫ਼ਿਲਮ ਦੀ ਨਿਰਦੇਸ਼ਕ ਗੁਰਿੰਦਰ ਚੱਢਾ ਨੇ ਕਿਹਾ ਕਿ ‘ਮੈਨੂੰ ਇਹ ਫ਼ਿਲਮ ਬਣਾਉਣ ਦਾ ਵਿੱਚਾਰ ਉਦੋਂ ਆਇਆ, ਜਦੋਂ ਮੈਂ ਆਪਣੇ ਦਾਦਾ ਦਾ ਪੁਸ਼ਤੈਨੀ ਮਕਾਨ ਲੱਭਦੇ ਹੋਏ ਪਾਕਿਸਤਾਨ ਪੁੱਜੀ ਸਾਂ। ਉਥੇ ਮੈਂ ਕਈਆਂ ਤੋਂ ਪੁੱਛਿਆ ਕਿ ਕੀ ਉਹ ਮੇਰੇ ਦਾਦਾ ਨੂੰ ਜਾਣਦੇ ਹਨ? ਪਤਾ ਲੱਗਾ ਕਿ ਉਹ ਸਾਰੇ 1947 ਵਿੱਚ ਹੀ ਇਥੇ ਆ ਕੇ ਵੱਸੇ ਸਨ। ਮੈਨੂੰ ਅੰਦਾਜ਼ਾ ਹੋ ਗਿਆ ਕਿ ਲੋਕ ਕਿਵੇਂ ਰਾਤੋ-ਰਾਤ ਆਪਣੇ ਸ਼ਹਿਰ-ਗਰਾਂ ਤੇ ਆਪਣਾ ਘਰ-ਬਾਰ ਛੱਡ ਕੇ ਕਿਸੇ ਹੋਰ ਦੇਸ਼ ‘ਚ ਜਾ ਵੱਸੇ। ਇਸੇ ਪਲਾਟ ‘ਚੋਂ ਇਹ ਫ਼ਿਲਮ ਨਿਕਲੀ।’