ਆਲੀਆ ਭੱਟ ਨਿਰਦੇਸ਼ਕਾਂ ਦੀ ਪਸੰਦੀਦਾ ਲਿਸਟ ਵਿੱਚ ਸ਼ੁਮਾਰ ਹੋ ਚੁੱਕੀ ਹੈ। ਆਪਣੇ ਦਮਦਾਰ ਅਭਿਨੈ ਨਾਲ ਨਿਰਦੇਸ਼ਕਾਂ ਦਾ ਦਿਲ ਜਿੱਤ ਚੁੱਕੀ ਆਲੀਆ ਕੋਲ ਪ੍ਰਾਜੈਕਟਾਂ ਦੀ ਭਰਮਾਰ ਹੈ। ਉਸ ਨੂੰ ਐਨੀਆਂ ਫ਼ਿਲਮਾਂ ਆਫ਼ਰ ਹੋ ਰਹੀਆਂ ਹਨ ਕਿ ਉਹ ਕਈ ਨਿਰਦੇਸ਼ਕਾਂ ਨੂੰ ਇਨਕਾਰ ਕਰਨ ਲਈ ਮਜਬੂਰ ਹੈ। ਇਸ ਦਾ ਕਾਰਨ ਹੈ ਤਰੀਕਾਂ ਨਾ ਹੋਣਾ। ਖ਼ਬਰ ਤਾਂ ਇਹ ਵੀ ਆਈ ਸੀ ਕਿ ਆਲੀਆ ਨੇ ਆਪਣੇ ਪਾਪਾ ਦੇ ਪ੍ਰੋਡਕਸ਼ਨ ਹੇਠ ਬਣ ਰਹੀ ਫ਼ਿਲਮ ‘ਆਸ਼ਕੀ 3’ ਨੂੰ ਵੀ ਨਾਂਹ ਕਹਿ ਦਿੱਤੀ ਸੀ। ਫ਼ਿਲਮ ‘ਉੜਤਾ ਪੰਜਾਬ’ ਵਿੱਚ ਆਪਣੇ ਦਮਦਾਰ ਅਤੇ ਵੱਖਰੀ ਤਰ੍ਹਾਂ ਦੇ ਕਿਰਦਾਰ ਲਈ ਤਮਾਮ ਐਵਾਰਡ ਸਮਾਰੋਹਾਂ ਵਿੱਚ ਸਰਬੋਤਮ ਅਦਾਕਾਰਾ ਦਾ ਖ਼ਿਤਾਬ ਜਿੱਤ ਚੁੱਕੀ ਆਲੀਆ ਨੇ ਮੀਡੀਆ ਵਿੱਚ ਉੱਡ ਰਹੀਆਂ ਉਨ੍ਹਾਂ ਅਫ਼ਵਾਹਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ ਮੁਤਾਬਕ ਉਹ ਆਪਣੇ ਪਿਤਾ ਦੇ ਹੋਮ ਪ੍ਰੋਡਕਸ਼ਨ ਦੀ ਫ਼ਿਲਮ ‘ਆਸ਼ਕੀ 3’ ਵਿੱਚ ਕੰਮ ਨਹੀਂ ਕਰਨਾ ਚਾਹੁੰਦੀ। ਆਲੀਆ ਨੇ ਸਪਸ਼ਟ ਕਰਦਿਆਂ ਕਿਹਾ ਕਿ ਉਸ ਨੇ ਕਦੇ ਅਜਿਹਾ ਕੁਝ ਨਹੀਂ ਕਿਹਾ। ਬਾਕਸ ਆਫ਼ਿਸ ‘ਤੇ ਹਿੱਟ ਰਹੀ ‘ਆਸ਼ਕੀ ਸੀਰੀਜ਼ ਦੀ ਪਹਿਲੀ ਫ਼ਿਲਮ ਸਾਲ 1990 ਵਿੱਚ ਆਲੀਆ ਦੇ ਪਿਤਾ ਮਹੇਸ਼ ਭੱਟ ਨੇ ਨਿਰਦੇਸ਼ਿਤ ਕੀਤੀ ਸੀ ਜਦਕਿ ਇਸੇ ਲੜੀ ਦੀ ਦੂਜੀ ਫ਼ਿਲਮ ‘ਆਸ਼ਕੀ 2’ ਦਾ ਨਿਰਦੇਸ਼ਨ ਮੋਹਿਤ ਸੂਰੀ ਨੇ ਕੀਤਾ ਸੀ। ਇਹ ਫ਼ਿਲਮ 2013 ਵਿੱਚ ਰਿਲੀਜ਼ ਹੋਈ ਅਤੇ ਇਸ ਫ਼ਿਲਮ ਵਿੱਚ ਸ਼ਰਧਾ ਕਪੂਰ ਅਤੇ ਆਦਿੱਤਿਆ ਰਾਏ ਕਪੂਰ ਲੀਡ ਰੋਲ ਵਿੱਚ ਸਨ। ਇਹ ਫ਼ਿਲਮ ਵੀ ਸੁਪਰਹਿੱਟ ਰਹੀ ਸੀ। ਇੱਕ ਟਵੀਟ ਰਾਹੀਂ ਆਲੀਆ ਨੇ ਸਪਸ਼ਟ ਕੀਤਾ ਕਿ ‘ਆਸ਼ਕੀ’ ਬਹੁਤ ਖ਼ਾਸ ਬ੍ਰਾਂਡ ਹੈ ਅਤੇ ਪਹਿਲੀ ਵਾਰ ਆਪਣੇ ਪਿਤਾ ਨਾਲ ਕੰਮ ਕਰਨਾ ਮੇਰੇ ਲਈ ਓਨਾ ਹੀ ਖ਼ਾਸ ਹੋਵੇਗਾ। ਹਰ ਚੰਗੇ ਕੰਮ ਵਿੱਚ ਸਮਾਂ ਲਗਦਾ ਹੈ ਇਸ ਲਈ ਵੀ ਸਮਾਂ ਲੱਗੇਗਾ।’ ਆਲੀਆ ਫ਼ਿਲਹਾਲ ਮੇਘਨਾ ਗੁਲਜ਼ਾਰ ਦੀ ‘ਰਾਜ਼ੀ’ ਦੀ ਸ਼ੂਟਿੰਗ ‘ਚ ਵਿਅਸਤ ਹੈ। ਇਸ ਵਿੱਚ ਉਹ ਇੱਕ ਕਸ਼ਮੀਰੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ।











