ਸਮਝ ਤੋਂ ਬਾਹਰ ਹੈ ਸੰਜੈ ਦੱਤ

ਸੰਜੈ ਦੱਤ ਦੀ ਜ਼ਿੰਦਗੀ ‘ਤੇ ਆਧਾਰਿਤ ਫ਼ਿਲਮ ਪ੍ਰੋਡਿਊਸ ਕਰ ਰਹੇ ਮਸ਼ਹੂਰ ਫ਼ਿਲਮਕਾਰ ਵਿਧੂ ਵਿਨੋਦ ਚੋਪੜਾ ਦਾ ਮੰਨਣਾ ਹੈ ਕਿ ਇਸ ਅਭਿਨੇਤਾ ਨੂੰ ਪੂਰੀ ਤਰ੍ਹਾਂ ਸਮਝਿਆ ਨਹੀਂ ਜਾ ਸਕਦਾ। ਸੰਜੈ ਦੱਤ ਦੀ ਕਮਬੈਕ ਮੂਖੀ ‘ਭੂਮੀ’ ਦੇ ਟ੍ਰੇਲਰ ਲਾਂਚਿੰਗ ਮੌਕੇ ਵਿਧੂ ਵਿਨੋਦ ਨੇ ਕਿਹਾ ਕਿ ‘ਸੰਜੈ ਇੱਕ ਆਮ ਇਨਸਾਨ ਨਹੀਂ ਹਨ। ਮੈਂ ਉਨ੍ਹਾਂ ਨੂੰ ਕਈ ਸਾਲਾਂ ਤੋਂ ਜਾਣਦਾ ਹਾਂ ਪਰ ਸਹੀ ਮਾਅਨਿਆਂ ਵਿੱਚ ਮੈਂ ਉਨ੍ਹਾਂ ਨੂੰ ਉਦੋਂ ਜਾਣਨਾ ਸ਼ੁਰੂ ਕੀਤਾ ਜਦੋਂ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੇ ਮੈਨੂੰ ਉਨ੍ਹਾਂ ਦੀ ਕਹਾਣੀ ਦੱਸਣੀ ਸ਼ੁਰੂ ਕੀਤੀ। ਮੈਨੂੰ ਲਗਦਾ ਹੈ ਕਿ ਕੋਈ ਵੀ ਸੰਜੈ ਦੱਤ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦਾ।’ ਸੰਜੈ ਦੀ ਸ਼ਖਸੀਅਤ ਦੇ ਹੋਰ ਅਹਿਮ ਪਹਿਲੂਆਂ ਬਾਰੇ ਬੋਲਦਿਆਂ ਵਿਧੂ ਨੇ ਕਿਹਾ ਕਿ ‘ਮੈਨੂੰ ਜ਼ਿੰਦਗੀ ਵਿੱਚ ਉਸ ਵਰਗਾ ਇਨਸਾਨ ਹੋਰ ਨਹੀਂ ਮਿਲਿਆ ਹੈ ਤੇ ਨਾ ਹੀ ਮਿਲਾਂਗਾ। ਸੰਜੈ ਵਰਗਾ ਇਨਸਾਨ ਹੋਣਾ ਸੰਭਵ ਨਹੀਂ ਹੈ।’ ਸੰਜੈ ਦੀਆਂ ਤਾਰੀਫ਼ਾਂ ਦੌਰਾਨ ਇੱਕ ਹੋਰ ਦਿਲਚਸਪ ਖ਼ਬਰ ਇਹ ਵੀ ਹੈ ਕਿ ‘ਭੂਮੀ’ ਤੋਂ ਬਾਅਦ ‘ਮੁੰਨਾ ਭਾਈ 3’ ਦੀ ਤਿਆਰੀ ਸ਼ੁਰੂ ਹੋਣ ਜਾ ਰਹੀ ਹੈ। ਇਸ ਦੀ ਸਕ੍ਰਿਪਟ ਤਿਆਰ ਹੈ ਤੇ ਇਹ ਫ਼ਿਲਮ ਅਗਲੇ ਸਾਲ ਦੇ ਅਖ਼ੀਰ ਤਕ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਫ਼ਿਲਮ ਦੀ ਕਾਸਟਿੰਗ ਵੀ ਪੂਰੀ ਹੋ ਚੁੱਕੀ ਹੈ। ਇਹ ਫ਼ਿਲਮ ਵਿਦੇਸ਼ੀ ਪਿੱਠ-ਭੂਮੀ ‘ਤੇ ਆਧਾਰਿਤ ਹੋਵੇਗੀ।