ਭਵਾਨੀਗੜ੍ਹ :- ਪੰਜਾਬ ਦੀ ਸਿਆਸਤ ਦੇ ਥੰਮ ਅਤੇ ਬਾਬਾ ਬੋਹੜ ਮੰਨੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਕੱਤਰ ਜਨਰਲ ਅਤੇ ਸਾਬਕਾ ਕੇਂਦਰੀ ਮੰਤਰੀ ਸਵ: ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਦਰਸ਼ਨ ਯਾਤਰਾ ਦੇ ਅੱਜ ਸਵੇਰੇ ਭਵਾਨੀਗੜ੍ਹ ਵਿਖੇ ਪਹੁੰਚਣ ’ਤੇ ਆਪਣੇ ਮਹਿਬੂਬ ਨੇਤਾ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕਰਨ ਲਈ ਲੋਕਾਂ ਦਾ ਸੜਕਾਂ ਉਪਰ ਜਨ ਸੈਲਾਬ ਉਮੜ ਆਇਆ।
ਇਹ ਅੰਤਿਮ ਯਾਤਰਾ ਜਦੋਂ ਜ਼ਿਲ੍ਹਾ ਸੰਗਰੂਰ ਦੀ ਹੱਦ ਅੰਦਰ ਪਿੰਡ ਚੰਨੋਂ ਵਿਖੇ ਪਹੁੰਚੀ ਤਾਂ ਇਥੇ ਮਾਰਕਿਟ ਕਮੇਟੀ ਦੇ ਸਾਬਕਾ ਉਪ ਚੇਅਰਮੈਨ ਬਲਜਿੰਦਰ ਸਿੰਘ ਗੋਗੀ ਚੰਨੋਂ ਅਗਵਾਈ ਹੇਠ ਵੱਡੀ ਗਿਣਤੀ ’ਚ ਇਕੱਠੇ ਹੋਏ ਅਕਾਲੀ ਆਗੂਆਂ, ਵਰਕਰਾਂ ਤੇ ਆਮ ਲੋਕਾਂ ਵੱਲੋਂ ਬਹੁਤ ਹੀ ਗਮਗੀਨ ਮਾਹੌਲ ਦੌਰਾਨ ਆਪਣੇ ਮਹਿਬੂਬ ਨੇਤਾ ਦੀ ਮ੍ਰਿਤਕ ਦੇਹ ਉਪਰ ਫੁੱਲਾਂ ਦਾ ਵਰਖਾ ਕਰਕੇ ਢੀਂਡਸਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਇਸ ਤੋਂ ਬਾਅਦ ਜਦੋਂ ਇਹ ਅੰਤਿਮ ਯਾਤਰਾ ਸਥਾਨਕ ਸ਼ਹਿਰ ਵਿਖੇ ਪਹੁੰਚੀ ਤਾਂ ਅਨਾਜ਼ ਮੰਡੀ ਕੱਟ ਨੇੜੇ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਹੇਠ ਇਕੱਠੇ ਹੋਏ ਅਕਾਲੀ ਆਗੂਆਂ, ਵਰਕਰਾਂ, ਅਨਾਜ਼ ਮੰਡੀ ਦੇ ਆੜਤੀਆਂ ਤੇ ਹੋਰ ਵਪਾਰੀਆਂ ਵੱਲੋਂ ਇਥੇ ਸ. ਸੁਖਦੇਵ ਸਿੰਘ ਢੀਂਡਸਾ ਦੀ ਮ੍ਰਿਤਕ ਦੇਹ ਉਪਰ ਫੁੱਲਾਂ ਦੀ ਵਰਖਾਂ ਕਰਕੇ ਉਨ੍ਹਾਂ ਨੂੰ ਸਰਧਾਂਜਲੀਆਂ ਭੇਟ ਕੀਤੀਆਂ ਗਈਆ। ਲੂਲੂ ਇਸ ਮੌਕੇ ਅੰਤਿਮ ਯਾਤਰਾ ’ਚ ਮ੍ਰਿਤਕ ਦੇਹ ਵਾਲੀ ਗੱਡੀ ’ਚ ਮੌਜੂਦ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਪਰਮਿੰਦਰ ਸਿੰਘ ਢੀਂਡਸਾ ਨੇ ਦੁੱਖ ਦੀ ਇਸ ਘੜੀ ’ਚ ਸ਼ਾਮਿਲ ਹੋ ਕੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਚਰਨਜੀਤ ਸਿੰਘ ਬਰਾੜ, ਨਿਰਮਲ ਸਿੰਘ ਸਤਰਾਣਾ, ਚਮਕੌਰ ਸਿੰਘ ਝਨੇੜੀ, ਮੇਜਰ ਸਿੰਘ ਝਨੇੜੀ, ਹਰਬੰਸ ਸਿੰਘ ਸੰਘਰੇੜੀ, ਜਸਵਿੰਦਰ ਸਿੰਘ ਨਿੱਜੀ ਸਹਾਇਕ, ਗੁਰਤੇਜ ਸਿੰਘ ਝਨੇੜੀ, ਰਾਜਿੰਦਰ ਸਿੰਘ ਸਾਬਕਾ ਸਰਪੰਚ ਮੁਨਸ਼ੀਵਾਲਾ, ਜਰਨੈਲ ਸਿੰਘ ਜੈਲੀ ਸਾਬਕਾ ਸਰਪੰਚ, ਐਡਕੇਟ ਬਲਵਿੰਦਰ ਸਿੰਘ ਫੁੰਮਣਵਾਲ ਸਮੇਤ ਵੱਡੀ ਗਿਣਤੀ ’ਚ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ।















