ਚੰਡੀਗੜ੍ਹ : ਸਾਬਕਾ ਭਾਜਪਾ ਸਾਂਸਦ ਨਵਜੋਤ ਸਿੰਘ ਸਿੱਧੂ ਹੋ ਸਕਦਾ ਹੈ ਕਿ ਕਾਂਗਰਸ ‘ਚ ਚਲੇ ਜਾਣ ਕਿਉਂਕਿ ਆਮ ਆਦਮੀ ਪਾਰਟੀ ਨਾਲ ਉਨ੍ਹਾਂ ਦੀ ਗੱਲਬਾਤ ਕਿਸੇ ਸਿਰੇ ਨਹੀਂ ਚੜ੍ਹ ਸਕੀ ਹੈ। ਸੂਤਰਾਂ ਮੁਤਾਬਕ ਕਾਂਗਰਸ ਉਨ੍ਹਾਂ ਨਾਲ ਸੰਪਰਕ ‘ਚ ਹੈ ਅਤੇ ਹੋ ਸਕਦਾ ਹੈ ਕਿ ਪਾਰਟੀ ‘ਚ ਵੀ ਸ਼ਾਮਲ ਹੋਣ ਲਈ ਸੱਦਾ ਦੇ ਦਿੱਤਾ ਜਾਵੇ।
ਸਿੱਧੂ ਨੇ ਹਾਕੀ ਦੇ ਸਾਬਕਾ ਕਪਤਾਨ ਪਰਗਟ ਸਿੰਘ ਅਤੇ ਪੰਜਾਬ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵੰਤ ਸਿੰਘ ਬੈਂਸ ਨਾਲ ਮਿਲ ਕੇ ਆਵਾਜ਼-ਏ-ਪੰਜਾਬ ਨਾਮ ਨਾਲ ਰਾਜਨੀਤਕ ਮੋਰਚਾ ਬਣਾਇਆ ਸੀ ਪਰ ਉਹ ਪੰਜਾਬ ਦੇ ਰਾਜਨੀਤਕ ਦ੍ਰਿਸ਼ ‘ਤੇ ਕੋਈ ਮਹੱਤਵਪੂਰਨ ਪ੍ਰਭਾਵ ਨਹੀਂ ਬਣਾ ਸਕੇ। ਸਿੱਧੂ ਆਪਣੇ ਮੋਰਚੇ ਨੂੰ ਪੰਜਾਬ ‘ਚ ਚੌਥੀ ਤਾਕਤ ਦੇ ਤੌਰ ‘ਤੇ ਵੀ ਨਹੀਂ ਪੇਸ਼ ਕਰ ਸਕੇ। ਹਾਂ ਇੰਨਾ ਜ਼ਰੂਰ ਹੈ ਕਿ ਕੁਝ ਜ਼ਿਆਦਾ ਜੋਸ਼ ‘ਚ ਆ ਕੇ ਉਨ੍ਹਾਂ ਨੇ ਚੌਥੇ ਮੋਰਚੇ ਦੇ ਐਲਾਨ ਸਮੇਂ ਕਾਂਗਰਸ, ਅਕਾਲੀ ਦਲ ਅਤੇ ਆਪ ਪਾਰਟੀ ਨੂੰ ਲੰਮੇ ਹੱਥੀ ਲਿਆ ਸੀ। ਕੈਪਟਨ ਅਤੇ ਬਾਦਲ ‘ਤੇ ਉਨ੍ਹਾਂ ਨੇ ਕਿਹਾ ਸੀ ਕਿ ਇਨ੍ਹਾਂ ਦੋਹਾਂ ‘ਚ ਅੰਦਰਖਾਤੇ ਸਮਝੌਤਾ ਹੋ ਚੁੱਕਾ ਹੈ। ਇਸ ਲਈ ਉਹ ਇਨ੍ਹਾਂ ਨਾਲ ਨਹੀਂ ਜਾਣਗੇ ਪਰ ਹੁਣ ਆਪਣੀ ਗੱਲ ਕਿਤੇ ਨਾ ਬਣਦੀ ਦੇਖ ਉਨ੍ਹਾਂ ਨੂੰ ਕਾਂਗਰਸ ਇਕੋ-ਇਕ ਪਾਰਟੀ ਨਜ਼ਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਸਿੱਧੂ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਆਪਣਾ ਪੱਖ ਬਦਲ ਰਹੇ ਹਨ ਅਤੇ ਅਜਿਹਾ ਲੱਗ ਰਿਹਾ ਹੈ ਕਿ ਉਹ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਦੁਚਿੱਤੀ ‘ਚ ਹਨ। ਰਾਜਨੀਤਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸਿੱਧੂ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਹੀ ਉਨ੍ਹਾਂ ਨੂੰ ਖਤਮ ਕਰ ਰਹੀ ਹੈ। ਸਿੱਧੂ ਨੇ ਆਪਣੇ ਰਾਜਨੀਤਕ ਮੋਰਚੇ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਸੀ ਕਿ ਉਹ ਹੁਣ ਕਿਸੇ ਵੀ ਪਾਰਟੀ ਲਈ ਸਜਾਵਟ ਦਾ ਸਮਾਨ ਨਹੀਂ ਬਣਨਾ ਚਾਹੁੰਦੇ। ਰਾਜਨੀਤਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸਿੱਧੂ ਨੇ ਕਿਸੇ ਵਿਚਾਰਕ ਮਤਭੇਦ ਕਾਰਨ ਪਾਰਟੀ ਨਹੀਂ ਛੱਡੀ ਸੀ, ਸਗੋਂ ਪਾਰਟੀ ਵੱਲੋਂ ਇਕੱਲੇ ਚੋਣ ਲੜਨ ਲਈ ਤਿਆਰ ਨਾ ਹੋਣ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਨਾ ਬਣਾਉਣ ਕਾਰਨ ਉਨ੍ਹਾਂ ਨੇ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਸੀ।















