ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਜੁਬਲ ਖੇਤਰ ਦੇ ਧਾਰ ਪਿੰਡ ‘ਚ ਭਿਆਨਕ ਅੱਗ ਲੱਗਣ ਨਾਲ 5 ਘਰ ਸੜ ਕੇ ਸੁਆਹ ਹੋ ਗਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਵੀਰਵਾਰ ਰਾਤ ਲੱਗੀ ਇਸ ਅੱਗ ‘ਚ ਕਿਸੇ ਦੇ ਹਤਾਹਤ ਹੋਣ ਦੀ ਸੂਚਨਾ ਨਹੀਂ ਹੈ। ਜੁਬਲ ਫਾਇਰ ਸਟੇਸ਼ਨ ਨੂੰ ਵੀਰਵਾਰ ਰਾਤ 11:20 ਵਜੇ ਧਾਰ ਪਿੰਡ ‘ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਫਾਇਰ ਵਿਭਾਗ ਦੀ ਇਕ ਟੀਮ ਤੁਰੰਤ ਘਟਨਾ ਸਥਾਨ ‘ਤੇ ਭੇਜੀ ਗਈ।
ਉਸ ਨੇ ਦੱਸਿਆ ਕਿ ਅੱਗ ਦੇ ਭਿਆਨਕ ਰੂਪ ਨੂੰ ਦੇਖਦੇ ਹੋਏ ਰੋਹੜੂ, ਕੋਟਖਾਈ ਅਤੇ ਟਿੱਕਰ ਤੋਂ ਵਾਧੂ ਫਾਇਰ ਗੱਡੀਆਂ ਭੇਜੀਆਂ ਗਈਆਂ। ਸਥਾਨਕ ਪੁਲਸ ਅਤੇ ਪਿੰਡ ਵਾਸੀਆਂ ਨੇ ਵੀ ਅੱਗ ਬੁਝਾਉਣ ‘ਚ ਫਾਇਰਫਾਈਟਰਾਂ ਦੀ ਮਦਦ ਕੀਤੀ। ਅੱਗ ‘ਤੇ ਕਾਬੂ ਪਾਉਣ ਲਈ ਫਾਇਰਫਾਈਟਰਾਂ ਨੇ ਰਾਤ ਭਰ ਕੰਮ ਕੀਤਾ। ਅੱਗ ਨੂੰ ਨੇੜਲੇ ਘਰਾਂ ਅਤੇ ਪਿੰਡ ਦੇ ਹੋਰ ਹਿੱਸਿਆਂ ‘ਚ ਫੈਲਣ ਤੋਂ ਰੋਕਣ ਲਈ ਫਾਇਰ ਵਿਭਾਗ ਦੀਆਂ ਟੀਮਾਂ ਸਵੇਰ ਤੱਕ ਮੌਕੇ ‘ਤੇ ਮੌਜੂਦ ਰਹੀਆਂ।
ਪੁਲਸ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਿੱਖਿਆ ਮੰਤਰੀ ਅਤੇ ਸਥਾਨਕ ਵਿਧਾਇਕ ਰੋਹਿਤ ਠਾਕੁਰ ਨੇ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਠਾਕੁਰ ਨੇ ਕਿਹਾ ਕਿ ਅੱਗ ਕਾਰਨ ਹੋਏ ਨੁਕਸਾਨ ਦੇ ਮੱਦੇਨਜ਼ਰ ਪ੍ਰਭਾਵਿਤ ਪਰਿਵਾਰਾਂ ਨੂੰ ਸਰਕਾਰੀ ਸਹਾਇਤਾ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਮੰਤਰੀ ਨੇ ਪ੍ਰਸ਼ਾਸਨ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ, ਮੌਕੇ ‘ਤੇ ਨੁਕਸਾਨ ਦਾ ਮੁਲਾਂਕਣ ਕਰਨ ਅਤੇ ਜ਼ਰੂਰੀ ਕਾਰਵਾਈਆਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ।















