ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਪਾਕਿ ਨਾਗਰਿਕ ਬੀ. ਐੱਸ. ਐੱਫ. ਨੇ ਕੀਤੇ ਢੇਰ

ਤਰਨਤਾਰਨ : ਭਾਰਤ-ਪਾਕਿਸਤਾਨ ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਬੀਐਸਐਫ ਨੇ ਨਾਕਾਮ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਖੇਮਕਰਨ ਸੈਕਟਰ ਦੇ ਪਿੰਡ ਰਾਜੋਕੇ ਨੇੜੇ ਦੋ ਪਾਕਿਸਤਾਨੀ ਨਾਗਰਿਕਾਂ ਵੱਲੋਂ ਭਾਰਤੀ ਸਰਹੱਦ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਕਿਸਾਨ ਨੇ ਸਰਹੱਦ ‘ਤੇ ਤਾਇਨਾਤ ਬੀਐਸਐਫ ਨੂੰ ਸਰਹੱਦ ‘ਤੇ ਕੁਝ ਹਿਲਜੁਲ ਹੋਣ ਦੀ ਸੂਚਨਾ ਦਿੱਤੀ।
ਇਸ ਤੋਂ ਬਾਅਦ ਜਵਾਨਾਂ ਨੇ ਚੌਕਸੀ ਦਿਖਾਉਂਦੇ ਹੋਏ ਲਲਕਾਰਾ ਮਾਰ ਕੇ ਚੇਤਾਵਨੀ ਦਿੱਤੀ। ਚੇਤਾਵਨੀ ਦੇ ਬਾਵਜੂਦ ਵਿਅਕਤੀਆਂ ਨੇ ਭਾਰਤੀ ਖੇਤਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਜਾਰੀ ਰੱਖੀ, ਜਿਸ ‘ਤੇ ਬੀਐਸਐਫ ਨੇ ਕਾਰਵਾਈ ਕਰਦਿਆਂ ਦੋਵਾਂ ਵਿਅਕਤੀਆਂ ਨੂੰ ਫਾਇਰਿੰਗ ਕਰਕੇ ਢੇਰ ਕਰ ਦਿੱਤਾ ਗਿਆ।
ਘਟਨਾ ਤੋਂ ਬਾਅਦ ਸਰਹੱਦੀ ਇਲਾਕੇ ‘ਚ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਇਸ ਸਬੰਧੀ ਬੀਐਸਐਫ, ਖੁਫੀਆ ਏਜੰਸੀਆਂ ਅਤੇ ਥਾਣਾ ਖਾਲੜਾ ਦੀ ਪੁਲਸ ਵੱਲੋਂ ਸਾਂਝੇ ਤੌਰ ‘ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਮ੍ਰਿਤਕਾਂ ਦੀ ਪਛਾਣ ਅਤੇ ਉਨ੍ਹਾਂ ਕੋਲੋਂ ਹੋਈ ਬਰਾਮਦਗੀ ਬਾਰੇ ਬੀਐਸਐਫ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।