ਪਟਨਾ – ਕੇਂਦਰੀ ਮੰਤਰੀ ਚਿਰਾਗ ਪਾਸਵਾਨ ਤੇ ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ ਕਿ ਮਹਾਰਾਸ਼ਟਰ ਨਵਨਿਰਮਾਣ ਸੇਨਾ (ਮਨਸੇ) ਦੇ ਮੁਖੀ ਰਾਜ ਠਾਕਰੇ ਸੁਰਖੀਆਂ ’ਚ ਰਹਿਣ ਲਈ ਯੂ. ਪੀ. ਤੇ ਬਿਹਾਰ ਨੂੰ ਨਿਸ਼ਾਨਾ ਬਣਾਉਂਦੇ ਹਨ। ਉਨ੍ਹਾਂ ਰਾਜ ਠਾਕਰੇ ਵੱਲੋਂ ਬਿਹਾਰ ਦੇ ਸਭ ਤੋਂ ਪ੍ਰਸਿੱਧ ਤਿਉਹਾਰ ਛੱਠ ਬਾਰੇ ਦਿੱਤੇ ਬਿਆਨ ’ਤੇ ਸ਼ਨੀਵਾਰ ਤਿੱਖੀ ਪ੍ਰਤੀਕਿਰਿਆ ਦਿੱਤੀ।
ਪਟਨਾ ’ਚ ਪੱਤਰਕਾਰਾਂ ਨੇ ਪ੍ਰਸ਼ਾਂਤ ਕਿਸ਼ੋਰ ਤੇ ਚਿਰਾਗ ਪਾਸਵਾਨ ਨੂੰ ਮੁੰਬਈ ਰੇਲਵੇ ਸਟੇਸ਼ਨਾਂ ’ਤੇ ਛੱਠ ਦੇ ਗੀਤ ਵਜਾਉਣ ’ਤੇ ਮਨਸੇ ਮੁਖੀ ਦੇ ਇਤਰਾਜ਼ ਬਾਰੇ ਵੱਖਰੇ ਤੌਰ ’ਤੇ ਸਵਾਲ ਕੀਤੇ। ਰਾਜ ਠਾਕਰੇ ਨੇ ਇਸ ਨੂੰ ਮਹਾਰਾਸ਼ਟਰ ’ਚ ਸੱਤਾਧਾਰੀ ਭਾਜਪਾ ਵੱਲੋਂ ਟਕਰਾਅ ਭੜਕਾਉਣ ਤੇ ਸੱਭਿਆਚਾਰਕ ਜਨੂੰਨ ਪੈਦਾ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ।
ਪਾਸਵਾਨ ਨੇ ਠਾਕਰੇ ’ਤੇ ਸਿਅਾਸਤ ’ਚ ਖੇਤਰਵਾਦ ਨੂੰ ਲਗਾਤਾਰ ਉਤਸ਼ਾਹਿਤ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਇਸ ਰਵੱਈਏ ਕਾਰਨ ਉਨ੍ਹਾਂ ਦੇ ਆਪਣੇ ਸੂਬੇ ਦੇ ਲੋਕ ਦਹਾਕਿਆਂ ਤੋਂ ਉਨ੍ਹਾਂ ਦੀ ਪਾਰਟੀ ਨੂੰ ਰੱਦ ਕਰ ਰਹੇ ਹਨ। ਕਿਸ਼ੋਰ ਨੇ ਮਨਸੇ ਮੁਖੀ ’ਤੇ ਟਿੱਪਣੀ ਕਰਦਿਆਂ ਇਹ ਵੀ ਕਿਹਾ ਕਿ ਜਦੋਂ ਕੋਈ ਉਨ੍ਹਾਂ ਨੂੰ ਨਹੀਂ ਪੁੱਛਦਾ ਤਾਂ ਉਹ ਮੀਡੀਆ ’ਚ ਬਣੇ ਰਹਿਣ ਲਈ ਸਮੇਂ-ਸਮੇਂ ’ਤੇ ਅਜਿਹੇ ਬਿਆਨ ਦਿੰਦੇ ਰਹਿੰਦੇ ਹਨ।















