ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਦਾ ਵੱਡਾ ਬਿਆਨ

ਚੰਡੀਗੜ੍ਹ : ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਰਸਮੀ ਤੌਰ ‘ਤੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਉਨ੍ਹਾਂ ਨੂੰ ਸੌਂਪ ਦਿੱਤਾ ਹੈ। ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਵੜਿੰਗ ਨੇ ਕਿਹਾ ਕਿ ਇਸ ਮੁਲਾਕਾਤ ਦੌਰਾਨ ਰਾਹੁਲ ਗਾਂਧੀ ਤੋਂ ਉਨ੍ਹਾਂ ਨੂੰ ਬਹੁਤ ਪਿਆਰ ਮਿਲਿਆ। ਪੰਜਾਬ ਵਿਚ ਕਾਂਗਰਸ ਨੂੰ ਕੀ ਕਰਨਾ ਚਾਹੀਦਾ ਹੈ, ਕੀ ਹੋਣ ਵਾਲਾ ਹੈ, ਮੇਰਾ ਸਾਢੇ ਚਾਰ ਸਾਲ ਦਾ ਤਜ਼ਰਬਾ ਕਿਹੋ ਜਿਹਾ ਸੀ, ਕਾਂਗਰਸ ਨੂੰ ਪੰਜਾਬ ਵਿਚ ਕੀ ਚੁਣੌਤੀਆਂ ਹਨ ਅਤੇ ਇਨ੍ਹਾਂ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ, ਇਹ ਸਾਰੀ ਜਾਣਕਾਰੀ ਮੈਂ ਉਨ੍ਹਾਂ ਨਾਲ ਸਾਂਝੀ ਕੀਤੀ ਹੈ। ਵੜਿੰਗ ਨੇ ਗੱਲਾਂ ਗੱਲਾਂ ਵਿਚ ਇਹ ਆਖ ਦਿੱਤਾ ਕਿ ਮੈਂ ਸਾਢੇ ਚਾਰ ਸਾਲਾਂ ਵਿਚ ਬਹੁਤ ਕੰਮ ਕੀਤਾ, ਹੁਣ ਮੈਨੂੰ ਥੋੜੀ ਛੁੱਟੀ ਲੈਣੀ ਚਾਹੀਦੀ ਹੈ।
ਵੜਿੰਗ ਨੇ ਕਿਹਾ ਕਿ ਮੇਰੇ ਵਰਗੇ ਵਰਕਰ ਨੂੰ ਉਨ੍ਹਾਂ ਨੇ ਸੂਬੇ ਦਾ ਪ੍ਰਧਾਨ ਬਣਾਇਆ, ਇਸ ਲਈ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ। ਹਰ ਬੰਦੇ ਨੇ ਐਕਸ ਹੋਣਾ ਹੈ। ਮੈਂ ਸ਼ੁੱਭਕਾਮਨਾਵਾਂ ਦਿੱਤੀਆਂ, ਮੈਂ ਕਿਹਾ ਜਦੋਂ ਵੀ ਕਾਂਗਰਸ ਨੂੰ ਮੇਰੀ ਲੋੜ ਪਵੇਗੀ ਮੈਂ ਨਾਲ ਖੜ੍ਹਾ ਰਹਾਂਗਾ। ਇਸ ਮੌਕੇ ਵੜਿੰਗ ਨੇ ਸਾਫ ਕੀਤਾ ਕਿ ਮੇਰੇ ਤੋਂ ਅਸਤੀਫਾ ਲਿਆ ਨਹੀਂ ਸਗੋਂ ਮੈਂ ਖੁਦ ਦਿੱਤਾ ਹੈ। ਮੈਨੂੰ ਰਾਹੁਲ ਨੇ ਪ੍ਰਧਾਨ ਬਣਾਇਆ ਸੀ ਤੇ ਮੈਂ ਉਨ੍ਹਾਂ ਨੂੰ ਅਸਤੀਫਾ ਦੇ ਦਿੱਤਾ, ਮੈਂ ਕਿਸੇ ਦੇ ਰਹਿਮੋ ਕਰਮ ‘ਤੇ ਨਹੀਂ ਜਿਊਂਦਾ। ਵੜਿੰਗ ਨੇ ਕਿਹਾ ਕਿ ਚੋਟੀ ‘ਤੇ ਪਹੁੰਚਣਾ ਤਾਂ ਪ੍ਰਾਪਤੀ ਹੁੰਦੀ ਹੈ ਪਰ ਚੋਟੀ ‘ਤੇ ਕੋਈ ਟਿਕਿਆ ਨਹੀਂ ਰਹਿ ਸਕਦਾ, ਮੈਂ ਹੁਣ ਸਾਬਕਾ ਪ੍ਰਧਾਨ ਹਾਂ।
ਵੜਿੰਗ ਨੇ ਸਾਫ ਕੀਤਾ ਕਿ ਮੇਰੇ ਬਾਰੇ ਕੋਈ ਕੀ ਕਹਿੰਦਾ ਹੈ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਮੈਂ ਸਿਰਫ ਆਪਣੇ ਮੰਨ ਦੀ ਗੱਲ ਕਰਦਾ ਹਾਂ। ਮੇਰੇ ਉਪਰ ਜੋ ਵੀ ਮਿਹਰਬਾਨੀ ਹੋਈ, ਉਹ ਰਾਹੁਲ ਗਾਂਧੀ ਦੀ ਸੀ, ਮੈਂ ਆਪਣੇ ਲੀਡਰ ਸਾਹਮਣੇ ਆਪਣੀ ਗੱਲ ਰੱਖ ਦਿੱਤੀ ਹੈ।