ਨਵੀਂ ਦਿੱਲੀ – ਪਾਕਿਸਤਾਨੀ ਬੱਲੇਬਾਜ਼ ਉਮਰ ਅਕਮਲ ਸਪੌਟ ਫ਼ਿਕਸਿੰਗ ਦੀ ਪੇਸ਼ਕਸ਼ ਦੇ ਦੋਸ਼ਾਂ ਦਾ ਸ਼ਿਕਾਰ ਹੁੰਦਾ ਨਜ਼ਰ ਆ ਰਿਹਾ ਹੈ। ਦਰਅਸਲ, ਪਾਕਿਸਤਾਨ ਕ੍ਰਿਕਟ ਬੋਰਡ ਨੇ ਬੱਲੇਬਾਜ਼ ਉਮਰ ਅਕਮਲ ਨੂੰ ਨੋਟਿਸ ਭੇਜ ਕੇ ਉਸ ਤੋਂ ਇਸ ਮਾਮਲੇ ‘ਚ ਜਵਾਬ ਮੰਗ ਲਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਟਵਿਟਰ ਐਕਾਉਂਟ ‘ਤੇ ਵੀ ਇਸ ਖ਼ਬਰ ਨੂੰ ਪੋਸਟ ਕੀਤਾ ਹੈ। PCB ਨੇ ਉਮਰ ਅਕਮਲ ਨੂੰ ਲਾਹੌਰ ‘ਚ ਐਂਟੀ ਕਰਪਸ਼ਨ ਯੁਨਿਟ ਸਾਹਮਣੇ 27 ਜੂਨ ਨੂੰ ਪੇਸ਼ ਹੋਣ ਲਈ ਵੀ ਕਿਹਾ ਹੈ।
ਅਕਮਲ ਦਾ ਦਾਅਵਾ
ਪਾਕਿਸਤਾਨ ਦੀ ਟੀਮ ਤੋਂ ਬਾਹਰ ਚੱਲ ਰਹੇ ਉਮਰ ਅਕਮਲ ਨੇ ਸਪੌਟ ਫ਼ਿਕਸਿੰਗ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਸੀ। ਉਸ ਨੇ ਪਾਕਿਸਤਾਨੀ ਮੀਡੀਆ ਦੇ ਸਾਹਮਣੇ ਦਾਅਵਾ ਕੀਤਾ ਕਿ ਸਾਲ 2015 ਵਰਲਡ ਕੱਪ ‘ਚ ਉਸ ਨੂੰ ਸਪੌਟ ਫ਼ਿਕਸਿੰਗ ਕਰਨ ਦੀ ਔਫ਼ਰ ਮਿਲੀ ਸੀ। ਉਮਰ ਅਕਮਲ ਨੇ ਕਿਹਾ ਕਿ ਉਸ ਨੇ ਭਾਰਤ ਖ਼ਿਲਾਫ਼ ਪਹਿਲੇ ਮੈਚ ‘ਚ ਦੋ ਗੇਂਦਾਂ ‘ਤੇ ਦੌੜਾਂ ਨਾ ਬਣਾਉਣ ਲਈ ਦੋ ਲੱਖ ਡਾਲਰ ਦੀ ਔਫ਼ਰ ਮਿਲੀ ਸੀ।
ਉਮਰ ਅਕਮਲ ਨੇ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ, ”ਮੈਨੂੰ ਵਰਲਡ ਕੱਪ 2015 ‘ਚ ਭਾਰਤੇ ਖ਼ਿਲਾਫ਼ ਦੋ ਡੌਟ ਬਾਲ ਖੇਡਣ ਦੀ ਆਫ਼ਰ ਮਿਲੀ ਸੀ ਜਿਸ ਲਈ ਮੈਨੂੰ ਦੋ ਲੱਖ ਡਾਲਰ ਦੀ ਪੇਸ਼ਕਸ਼ ਕੀਤੀ ਗਈ ਸੀ।
ਉਹ ਸਾਡਾ ਵਰਲਡ ਕੱਪ 2015 ‘ਚ ਭਾਰਤ ਖ਼ਿਲਾਫ਼ ਪਹਿਲਾਂ ਮੈਚ ਸੀ। ਅਜਿਹੀਆਂ ਹੀ ਕਈ ਔਫ਼ਰਜ਼ ਮੈਨੂੰ ਪਹਿਲਾਂ ਵੀ ਮਿਲੀਆਂ ਹਨ, ਭਾਰਤ ਖ਼ਿਲਾਫ਼ ਮੈਚ ‘ਚ ਮੈਨੂੰ ਬਾਹਰ ਬੈਠਣ ਨੂੰ ਕਿਹਾ ਗਿਆ ਸੀ, ਪਰ ਮੈਂ ਸਾਫ਼ ਤੌਰ ‘ਤੇ ਇਨਕਾਰ ਕਰ ਦਿੱਤਾ ਸੀ ਕਿ ਮੈਂ ਪਾਕਿਸਤਾਨ ਲਈ ਜ਼ਰੂਰ ਖੇਡਾਂਗਾ ਅਤੇ ਮੈਨੂੰ ਅਜਿਹਾ ਆਫ਼ਰ ਕਦੀ ਨਾ ਦਿਓ।”












