ਨਵੀਂ ਦਿੱਲੀ – ਵਿਵਾਦਾਂ ‘ਚ ਰਹਿਣ ਵਾਲੇ ਪਾਕਿਸਤਾਨੀ ਓਪਨਰ ਅਹਿਮਦ ਸ਼ਹਿਜ਼ਾਦ ਇੱਕ ਵਾਰ ਫ਼ਿਰ ਤੋਂ ਸੁਰਖ਼ੀਆਂ ਵਿੱਚ ਹੈ, ਪਰ ਆਪਣੀ ਖੇਡ ਦੀ ਵਜ੍ਹਾ ਤੋਂ ਨਹੀਂ ਸਗੋਂ ਡੋਪ ਟੈਸਟ ‘ਚ ਫ਼ੇਲ੍ਹ ਹੋ ਜਾਣ ਕਾਰਨ। ਇਸ ਵਾਰ ਉਹ ਵੱਡੇ ਵਿਵਾਦ ‘ਚ ਫ਼ੱਸ ਗਿਆ ਹ ਲਗਦੈ, ਅਤੇ ਉਸ ‘ਤੇ ਤਿੰਨ ਮਹੀਨੇ ਦਾ ਬੈਨ ਲਗ ਸਕਦਾ ਹੈ। 19 ਅਪ੍ਰੈਲ ਤੋਂ 1 ਮਈ ਦਰਮਿਆਨ ਚੱਲੇ ਇੱਕ ਘਰੇਲੂ ਟੂਰਨਾਮੈਂਟ, ਪਾਕਿਸਤਾਨ ਕੱਪ, ਦੌਰਾਨ ਸ਼ਹਿਜ਼ਾਦ ਦਾ ਡੋਪ ਟੈੱਸਟ ਹੋਇਆ ਸੀ। ਸ਼ਹਿਜ਼ਾਦ ਨੇ ਇਸ ‘ਚ ਸਭ ਤੋਂ ਅਧਿਕ 372 ਦੌੜਾਂ ਬਣਾਈਆਂ ਸਨ। ਇਨ੍ਹਾਂ ‘ਚ ਤਿੰਨ ਅਰਧਸੈਂਕੜੇ ਅਤੇ ਇੱਕ ਸੈਂਕੜਾ ਸ਼ਾਮਿਲ ਸੀ।
ਖ਼ਬਰਾਂ ਦੀ ਮੰਨੀਏ ਤਾਂ ਅਹਿਮਦ ਸ਼ਹਿਜ਼ਾਦ ‘ਤੇ ਗਾਂਜਾ ਪੀਣ ਦਾ ਦੋਸ਼ ਲੱਗਾ ਹੈ। ਬੋਰਡ ਨੇ ਇੱਕ ਸੂਤਰ ਨੇ ਕਿਹਾ, ”ਸ਼ੁਰੂਆਤੀ ਪ੍ਰੀਖਿਆ ‘ਚ ਉਨਾਂ ਨੂੰ ਪੌਜ਼ਿਟਿਵ ਪਾਇਆ ਗਿਆ ਹੈ, ਪਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਕੋਈ ਅਧਿਕਾਰਿਕ ਘੋਸ਼ਣਾ ਕੀਤੀ ਜਾਵੇਗੀ। ਸੂਤਰ ਨੇ ਦੱਸਿਆ ਕਿ ਸ਼ਹਿਜ਼ਾਦ ਅਪ੍ਰੈਲ-ਮਈ ‘ਚ ਫ਼ੈਸਲਾਬਾਦ ‘ਚ ਹੋਏ ਪਾਕਿਸਤਾਨ ਕੱਪ ਦੌਰਾਨ ਡੋਪ ਟੈੱਸਟ ‘ਚ ਪੌਜ਼ਿਟਿਵ ਪਾਇਆ ਗਿਆ ਸੀ।
ਡੋਪ ਟੈੱਸਟ ‘ਚ ਫ਼ੇਲ੍ਹ ਹੋਣ ਦੀ ਖ਼ਬਰ ਪਾਕਿਸਤਾਨੀ ਕ੍ਰਿਕਟ ਬੋਰਡ ਨੇ ਸੋਸ਼ਲ ਮੀਡੀਆ ‘ਤੇ ਟਵੀਟ ਕੀਤੀ ਜਿਸ ਤੋਂ ਬਾਅਦ ਬੋਰਡ ਦੇ ਚੇਅਰਮੈਨ ਨਜਮ ਸੇਠੀ ਨੇ ਟਵੀਟ ਕੀਤਾ। ਟਵੀਟ ‘ਚ ਕਿਹਾ ਗਿਆ ਸੀ ਕਿ ਕਿਸੇ ਵੀ ਖਿਡਾਰੀ ਦੇ ਸ਼ਰੀਰ ‘ਚ ਜੇਕਰ ਬੈਨਡ ਪਦਾਰਥ ਪਾਇਆ ਜਾਂਦਾ ਹੈ ਤਾਂ ਅੰਡਰ ICC ਰੂਲਜ਼ ਪਾਕਿਸਤਾਨ ਓਦੋਂ ਤਕ ਖਿਡਾਰੀ ਨੂੰ ਚਾਰਜ਼ਸ਼ੀਟ ਨਹੀਂ ਕਰ ਸਕਦਾ ਜਦੋਂ ਤਕ ਸਰਕਾਰੀ ਐਂਟੀ ਡੋਪ ਏਜੰਸੀ ਉਸ ਦੇ ਸ਼ਰੀਰ ‘ਚ ਪਾਏ ਗਏ ਕੈਮੀਕਲ ਦੀ ਪੁਸ਼ਟੀ ਨਹੀਂ ਕਰ ਦਿੰਦੀ। ਉਸ ਨੇ ਕਿਹਾ ਕਿ ਸਾਨੂੰ ਇਸ ਦਾ ਜਵਾਬ ਇੱਕ-ਦੋ ਦਿਨਾਂ ‘ਚ ਮਿਲ ਜਾਵੇਗਾ।
ਸ਼ਹਿਜ਼ਾਦ ਨੇ ਅਪ੍ਰੈਲ 2017 ‘ਚ ਵੈੱਸਟਇੰਡੀਜ਼ ਖ਼ਿਲਾਫ਼ ਆਖ਼ਰੀ ਟੈੱਸਟ ਖੇਡਿਆ ਸੀ। ਅਕਤੂਬਰ 2017 ‘ਚ ਸ਼੍ਰੀਲੰਕਾ ਖ਼ਿਲਾਫ਼ ਉਹ ਆਖ਼ਰੀ ਵਨਡੇ ਖੇਡਿਆ ਸੀ। ਇਸ ਸਾਲ ਜੂਨ ‘ਚ ਉਸ ਨੇ ਸਕੌਟਲੈਂਡ ਖ਼ਿਲਾਫ਼ ਦੋ T20 ਵੀ ਖੇਡੇ ਜਿਨ੍ਹਾਂ ‘ਚ ਉਸ ਦਾ ਸਕੋਰ 14 ਅਤੇ 24 ਦੌੜਾਂ ਰਿਹਾ। ਦੱਸ ਦਈਏ ਕਿ ਸ਼ਹਿਜ਼ਾਦ ਨੇ 13 ਟੈੱਸਟ, 81 ਇੱਕ ਦਿਨਾ ਅਤੇ 57 T20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਹ ਪਾਕਿਸਤਾਨ ਕ੍ਰਿਕਟ ਬੋਰਡ ਦੁਆਰਾ ਗਠਿਤ ਜਾਂਚ ਕਮੇਟੀ ਸਾਹਮਣੇ ਪੇਸ਼ ਹੋਵੇਗਾ।












