ਸ਼ੋਇਬ ਮਲਿਕ ਨੇ ਵਨਡੇਜ਼ ਤੋਂ ਵੀ ਲਿਆ ਸੰਨਿਆਸ

ਨਵੀਂ ਦਿੱਲੀ – ਪਾਕਿਸਤਾਨ ਕ੍ਰਿਕਟ ‘ਚ ਸ਼ੋਇਬ ਮਲਿਕ ਨੂੰ ਇੱਕ ਸ਼ਾਨਦਾਰ ਆਲਰਾਊਂਡਰ ਖਿਡਾਰੀ ਮੰਨਿਆ ਜਾਂਦਾ ਹੈ। ਸਿਆਲਕੋਟ ‘ਚ ਜਨਮ ਲੈਣ ਵਾਲੇ ਇਸ ਕ੍ਰਿਕਟਰ ਨੇ 1999 ‘ਚ ਵਨਡੇ ‘ਚ ਡੈਬਿਊ ਕੀਤਾ ਸੀ। ਉਹ ਲਗਭਗ ਦੋ ਸਾਲਾਂ ਤੋਂ ਪਾਕਿਸਤਾਨੀ ਟੀਮ ਦਾ ਸਭ ਤੋਂ ਪਾਵਰਫ਼ੁਲ ਬੱਲੇਬਾਜ਼ ਮੰਨਿਆ ਜਾਂਦਾ ਰਿਹਾ ਹੈ। 2015 ‘ਚ ਉਸ ਨੇ ਟੈੱਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਪਰ ਪੰਜ ਸਾਲ ਬਾਅਦ ਵਾਪਸੀ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਸ ਨੇ ਵਾਪਸੀ ‘ਤੇ ਅਰਧਸੈਂਕੜਾ ਲਗਾਇਆ ਸੀ, ਪਰ ਉਸ ਤੋਂ ਬਾਅਦ ਉਹ ਚੰਗਾ ਪ੍ਰਰਫ਼ਾਰਮ ਨਹੀਂ ਕਰ ਸੱਕਿਆ, ਅਤੇ ਉਸ ਨੇ ਟੈੱਸਟ ਤੋਂ ਸੰਨਿਆਸ ਲੈ ਲਿਆ। ਓਦੋਂ ਵੀ ਸ਼ੋਇਬ ਮਲਿਕ ਨੇ ਇਹ ਸੰਕੇਤ ਦਿੱਤਾ ਸੀ ਕਿ ਉਹ 2019 ਦੇ ਵਰਲਡ ਕੱਪ ਤੋਂ ਬਾਅਦ ਵਨਡੇ ਤੋਂ ਵੀ ਸੰਨਿਆਸ ਲੈ ਲਵੇਗਾ, ਅਤੇ ਹੁਣ ਉਸ ਨੇ ਇਸ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਸ ਨੇ ਟੀ-20 ਖੇਡਦੇ ਰਹਿਣ ਦੀ ਆਪਣੀ ਇੱਛਾ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਵਿੱਚ ਸ਼ਮੂਲੀਅਤ ਉਸ ਦੀ ਫ਼ਿਟਨੇਸ ‘ਤੇ ਨਿਰਭਰ ਕਰੇਗੀ। ਸ਼ੋਇਬ ਨੇ ਕਿਹਾ, ”2019 ਦੇ ਵਿਸ਼ਵ ਕੱਪ ‘ਚ ਮੈਂ ਆਖਰੀ ਵਨਡੇ ਖੇਡਾਂਗਾ, ਪਰ ਮੈਂ T20 ਖੇਡਣਾ ਜਾਰੀ ਰੱਖਾਂਗਾ।”
ਸ਼ੋਇਬ ਮਲਿਕ ਨੇ ਆਪਣੇ ਕਰੀਅਰ ‘ਚ 35 ਟੈੱਸਟ ਮੈਚ, 261 ਵਨਡੇ ਅਤੇ 98 T20 ਖੇਡੇ ਹਨ। ਉਨ੍ਹਾਂ ਨੇ ਕ੍ਰਮਵਾਰ 1898,6975 ਅਤੇ 1989 ਦੋੜਾਂ ਬਣਾਈਆਂ ਹਨ। ਉਸ ਨੇ 12 ਸੈਂਕੜੇ ਅਤੇ 56 ਅਰਧਸੈਂਕੜੇ ਲਗਾਏ। ਪਿਛਲੀ ਵਾਰ ਮਲਿਕ ਨੇ ਸਕੌਟਲੈਂਡ ਖਿਲਾਫ਼ ਕੇਵਲ 10 ਦੌੜਾਂ ਦੀ ਪਾਰੀ ਖੇਡੀ ਸੀ, ਪਰ ਹਾਲ ਹੀ ‘ਚ ਉਸ ਨੂੰ ਜ਼ਿਬਾਬਵੇ ‘ਚ ਹੋਣ ਵਾਲੀ ਸੀਰੀਜ਼ ਲਈ T20 ਅਤੇ ਵਨਡੇ ਟੀਮ ਲਈ ਚੁਣਿਆ ਗਿਆ ਹੈ।
36 ਸਾਲਾ ਸ਼ੋਇਬ ਪਾਕਿਸਤਾਨ ਸੁਪਰ ਲੀਗ ‘ਚ ਮੁਲਤਾਨ ਸੁਲਤਾਨ ਦੀ ਟੀਮ ਵਲੋਂ ਖੇਡਿਆ ਸੀ, ਅਤੇ ਉਸ ਨੇ 10 ਮੈਚਾਂ ‘ਚ 224 ਦੌੜਾਂ ਬਣਾਈਆਂ। ਜਲਦ ਹੀ ਸ਼ੋਇਬ ਮਲਿਕ ਪਿਤਾ ਵੀ ਬਣਨ ਵਾਲਾ ਹੈ। ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨਾਲ ਉਸ ਦਾ ਵਿਆਹ 12 ਅਪ੍ਰੈਲ 2010 ਨੂੰ ਹੋਇਆ ਸੀ, ਅਤੇ ਹਾਲ ਹੀ ‘ਚ ਸਾਨੀਆ ਤੇ ਸ਼ੋਇਬ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਉਹ ਮਾਤਾ-ਪਿਤਾ ਬਣਨ ਵਾਲੇ ਹਨ।
ਸਾਨੀਆ ਅਤੇ ਸ਼ੋਇਬ ਨੇ ਇਨਸਟਾਗ੍ਰਾਮ ‘ਤੇ ਇੱਕ ਤਸਵੀਰ ਸ਼ੇਅਰ ਕਰ ਕੇ ਇਹ ਜਾਣਕਾਰੀ ਦਿੱਤੀ ਕਿ ਉਹ ਮਾਤ-ਪਿਤਾ ਬਣਨ ਵਾਲੇ ਹਨ। ਸਾਨੀਆ-ਸ਼ੋਇਬ ਨੇ ਜੋ ਤਸਵੀਰ ਸ਼ੇਅਰ ਕੀਤੀ ਸੀ ਉਸ ਦੇ ਨਾਲ ਲਿਖਿਆ ਬੇਬੀ ਮਿਰਜ਼ਾ-ਮਲਿਕ।