ਲੰਗਾਹ ਨੇ ਅਦਾਲਤ ‘ਚ ਨਹੀਂ ਕੀਤਾ ਆਤਮ-ਸਮਰਪਣ

ਗੁਰਦਾਸਪੁਰ -ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਜਿਨ੍ਹਾਂ ਦੇ ਵਿਰੁੱਧ ਇਕ ਵਿਧਵਾ ਪੁਲਸ ਕਰਮਚਾਰੀ ਦੀ ਸ਼ਿਕਾਇਤ ‘ਤੇ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ‘ਚ ਜਬਰ-ਜ਼ਨਾਹ ਕਰਨ ਸਮੇਤ ਉਸ ਦੀ ਜਾਇਦਾਦ ਖੁਰਦ-ਬੁਰਦ ਕਰਨ ਤੇ ਧਮਕੀਆਂ ਆਦਿ ਦੇਣ ਦਾ ਕੇਸ ਦਰਜ ਕੀਤਾ ਗਿਆ ਹੈ, ਅੱਜ ਸਾਰਾ ਦਿਨ ਗੁਰਦਾਸਪੁਰ ਅਦਾਲਤ ਕੰਪਲੈਕਸ ‘ਚ ਪੁਲਸ ਤੇ ਪੱਤਰਕਾਰ ਉਡੀਕ ਕਰਦੇ ਰਹੇ ਕਿ ਉਹ ਕਦੋਂ ਆਉਣ ਤੇ ਅਦਾਲਤ ‘ਚ ਆਤਮ ਸਮਰਪਣ ਕਰਨ ਪਰ ਦੋਵੇਂ ਹੀ ਧਿਰਾਂ ਨੂੰ ਨਿਰਾਸ਼ਾ ਹੱਥ ਲੱਗੀ, ਕਿਉਂਕਿ ਸੁੱਚਾ ਸਿੰਘ ਲੰਗਾਹ ਨੇ ਆਪਣੀ ਬਣਾਈ ਯੋਜਨਾ ‘ਚ ਆਪਣੇ ਵਕੀਲਾਂ ਦੇ ਕਹਿਣ ‘ਤੇ ਪਰਿਵਰਤਨ ਕਰ ਲਿਆ।
ਸੁੱਚਾ ਸਿੰਘ ਲੰਗਾਹ ਸਾਬਕਾ ਮੰਤਰੀ ਪੰਜਾਬ ਜਿਨ੍ਹਾਂ ਨੇ ਬੀਤੇ ਦਿਨ ਆਪਣੇ ਵਿਰੁੱਧ ਜਬਰ-ਜ਼ਨਾਹ ਆਦਿ ਦਾ ਕੇਸ ਦਰਜ ਹੋਣ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਹੁਦੇ ਸਮੇਤ ਅਕਾਲੀ ਦਲ ਦੀ ਕੋਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੋਂ ਤਿਆਗ ਪੱਤਰ ਦੇ ਦਿੱਤਾ ਸੀ ਅਤੇ ਸੁਖਬੀਰ ਬਾਦਲ ਨੇ ਉਨ੍ਹਾਂ ਦਾ ਤਿਆਗ ਪੱਤਰ ਸਵੀਕਾਰ ਕਰਕੇ ਉਨ੍ਹਾਂ ਨੂੰ ਅਦਾਲਤ ‘ਚ ਆਤਮ ਸਮਰਪਣ ਕਰਨ ਨੂੰ ਕਿਹਾ ਸੀ, ਜਿਸ ‘ਤੇ ਗੈਰ ਅਧਿਕਾਰਿਕ ਸੂਤਰਾਂ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਸੁੱਚਾ ਸਿੰਘ ਲੰਗਾਹ ਗੁਰਦਾਸਪੁਰ ਅਦਾਲਤਾਂ ਵਿਚ ਛੁੱਟੀ ਹੋਣ ਕਾਰਨ ਸ਼ਨੀਵਾਰ ਡਿਊਟੀ ਮੈਜਿਸਟ੍ਰੇਟ ਸਾਹਮਣੇ ਆਤਮ ਸਮਰਪਣ ਕਰਨਗੇ, ਜਿਸ ਕਾਰਨ ਅੱਜ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਦੇ ਮੁਖੀ ਗੁਰਦੀਪ ਸਿੰਘ ਭਾਰੀ ਪੁਲਸ ਫੋਰਸ ਨਾਲ ਅਦਾਲਤ ਕੰਪਲੈਕਸ ‘ਚ ਡੇਰਾ ਲਾਈ ਬੈਠੇ ਰਹੇ, ਤਾਂ ਕਿ ਸੁੱਚਾ ਸਿੰਘ ਲੰਗਾਹ ਨੂੰ ਅਦਾਲਤ ‘ਚ ਆਤਮ ਸਮਰਪਣ ਕਰਨ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਜਾ ਸਕੇ। ਉਥੇ ਪੱਤਰਕਾਰ ਵੀ ਸਾਰਾ ਦਿਨ ਅਦਾਲਤ ਕੰਪਲੈਕਸ ‘ਚ ਲੰਗਾਹ ਦੀ ਉਡੀਕ ਕਰਦੇ ਰਹੇ ਪਰ ਸ਼ਾਮ ਪੰਜ ਵਜੇ ਸਾਰਿਆਂ ਦੇ ਨਿਰਾਸ਼ਾ ਹੀ ਹੱਥ ਲੱਗੀ, ਜਦ ਪਤਾ ਲੱਗਾ ਕਿ ਉਨ੍ਹਾਂ ਦਾ ਅਜਿਹਾ ਕੋਈ ਪ੍ਰੋਗਰਾਮ ਨਹੀਂ ਸੀ।
ਸੁੱਚਾ ਸਿੰਘ ਲੰਗਾਹ ਦੇ ਵਿਰੁੱਧ ਕੇਸ ਦਰਜ ਹੋਣ ਕਾਰਨ ਕੁਝ ਹੋਰ ਲੋਕ ਵੀ ਭੂਮੀਗਤ ਹੋ ਗਏ ਹਨ।