ਲਾਲ ਸਿੰਘ ਚੱਢਾ ਬਣਾਉਣ ‘ਚ ਲੱਗ ਗਏ 14 ਸਾਲ – ਆਮਿਰ ਖ਼ਾਨ

ਬੌਲੀਵੁੱਡ ਸੁਪਰਸਟਾਰ ਆਮਿਰ ਖ਼ਾਨ ਨੇ ਆਖਿਆ ਕਿ ਉਸ ਨੂੰ ਆਪਣੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਬਣਾਉਣ ‘ਚ 14 ਸਾਲ ਲੱਗ ਗਏ। ਜ਼ਿਕਰਯੋਗ ਹੈ ਕਿ ਲਾਲ ਸਿੰਘ ਚੱਢਾ ਟੌਮ ਹੈਂਕਸ ਦੀ ਬਿਹਤਰੀਨ ਫ਼ਿਲਮ ਫ਼ੌਰੈੱਸਟ ਗੰਪ ਦਾ ਹਿੰਦੀ ਰੂਪਾਂਤਰਣ ਹੈ। ਆਮਿਰ ਨੇ ਆਖਿਆ, ”ਬਹੁਤ ਸਮਾਂ ਲੱਗ ਗਿਆ। ਕੁੱਲ 14 ਸਾਲ ਲੱਗੇ ਪਰ 8-9 ਸਾਲ ਤਾਂ ਫ਼ਿਲਮ ਬਣਾਉਣ ਦੇ ਅਧਿਕਾਰ ਖ਼ਰੀਦਣ ‘ਚ ਹੀ ਲੱਗ ਗਏ। ਇਸ ਲਈ ਮੈਂ ਕਾਫ਼ੀ ਖ਼ੁਸ਼ ਹਾਂ ਪਰ ਨਾਲ ਹੀ ਥੋੜ੍ਹਾ ਬੇਚੈਨ ਵੀ ਕਿਉਂਕਿ ਸਾਨੂੰ ਪਤੈ ਕਿ ਅਸੀਂ ਇੱਕ ਚੰਗੀ ਫ਼ਿਲਮ ਬਣਾਈ ਹੈ, ਇਸ ਨਾਲ ਘਬਰਾਹਟ ਥੋੜ੍ਹੀ ਵੱਧ ਗਈ ਹੈ ਕਿ ਪਤਾ ਨਹੀਂ ਲੋਕ ਪਸੰਦ ਕਰਨਗੇ ਜਾਂ ਨਹੀਂ।”ਦੱਸਣਯੋਗ ਹੈ ਕਿ ਆਮਿਰ ਨੇ ਇਸ ਫ਼ਿਲਮ ਦੀ ਸ਼ੂਟਿੰਗ ਅਣਗਿਣਤ ਥਾਵਾਂ ਉੱਤੇ ਕੀਤੀ ਹੈ। ਫ਼ਿਲਮ ਦੀ ਕਹਾਣੀ ‘ਚ ਭਾਰਤ ਨੂੰ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਇਹ ਫ਼ਿਲਮ ਲਾਲ ਦੇ ਕਿਰਦਾਰ ਦੀ ਕਹਾਣੀ ਨੂੰ ਉਸ ਦੀ ਉਮਰ ਦੇ 18ਵੇਂ ਵਰ੍ਹੇ ਤੋਂ ਲੈ ਕੇ 50 ਸਾਲ ਤਕ ਦਿਖਾਏਗੀ।