ਬੌਲੀਵੁਡ ਅਦਾਕਾਰਾ ਆਲੀਆ ਭੱਟ ਇਸ ਵੇਲੇ ਰੁਝੇਵਿਆਂ ਭਰੀ ਜ਼ਿੰਦਗੀ ਜਿਊਂ ਰਹੀ ਹੈ। ਰਣਬੀਰ ਕਪੂਰ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਜੇਕਰ ਉਸ ਦੀ ਪੇਸ਼ੇਵਰ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਦੇ ਦੋ ਵੱਡੇ ਪ੍ਰੌਜੈਕਟ ਰਿਲੀਜ਼ ਹੋਣ ਲਈ ਤਿਆਰ ਹਨ। ਉਸ ਦੀ OTT ਪਲੈਟਫ਼ੌਰਮ ‘ਤੇ ਫ਼ਿਲਮ ਡਾਰਲਿੰਗਜ਼ ਅਤੇ ਬ੍ਰਹਮਾਸਤਰ: ਪਾਰਟ ਵਨ ਸ਼ਿਵਾ ਰਿਲੀਜ਼ ਹੋਣ ਜਾ ਰਹੀ ਹੈ। ਇਹ ਦੋਵੇਂ ਪ੍ਰੌਜੈਕਟ ਆਲੀਆ ਲਈ ਬਹੁਤ ਖ਼ਾਸ ਹਨ। ਫ਼ਿਲਮ ਡਾਰਲਿੰਗਜ਼ ਨੈੱਟਫ਼ਲਿਕਸ ‘ਤੇ ਆਵੇਗੀ ਜਿਸ ‘ਚ ਉਹ ਸ਼ੇਫ਼ਾਲੀ ਸ਼ਾਹ ਅਤੇ ਵਿਜੈ ਵਰਮਾ ਵਰਗੇ ਪਾਵਰਹਾਊਸ ਕਲਾਕਾਰਾਂ ਨਾਲ ਸਹਿ-ਅਦਾਕਾਰ ਵਜੋਂ ਕੰਮ ਕਰ ਰਹੀ ਹੈ। ਇਹ ਐਟਰਨਲ ਸਨਸ਼ਾਈਨ ਪ੍ਰੋਡਕਸ਼ਨ ਦੇ ਬੈਨਰ ਹੇਠ ਉਸ ਦੀ ਨਿਰਮਾਤਾ ਵਜੋਂ ਪਹਿਲੀ ਫ਼ਿਲਮ ਹੈ।
ਬ੍ਰਹਮਾਸਤਰ: ਪਾਰਟ ਵਨ-ਸ਼ਿਵਾ 9 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ ਜੋ ਪਤੀ ਰਣਬੀਰ ਕਪੂਰ ਨਾਲ ਉਸ ਦੀ ਪਹਿਲੀ ਫ਼ਿਲਮ ਹੈ। ਆਲੀਆ ਨੇ ਦੱਸਿਆ ਕਿ ਜਿਸ ਤਰ੍ਹਾਂ ਮੀਡੀਆ ਉਸ ਦੀ ਪੇਸ਼ੇਵਰ ਜ਼ਿੰਦਗੀ ਨਾਲੋਂ ਉਸ ਦੀ ਨਿੱਜੀ ਜ਼ਿੰਦਗੀ ਦੀ ਵੱਧ ਕਵਰੇਜ ਕਰ ਰਿਹਾ ਹੈ ਉਸ ਤੋਂ ਲਗਦਾ ਹੈ ਕਿ ਉਹ ਵੀ ਨਿੱਜੀ ਜ਼ਿੰਦਗੀ ਨੂੰ ਤਰਜੀਹ ਦੇ ਰਹੀ ਹੈ, ਪਰ ਆਲੀਆ ਇਸ ਨਾਲ ਸਹਿਮਤ ਨਹੀਂ। ਉਹ ਦੱਸਦੀ ਹੈ ਕਿ ਆਮ ਲੋਕ ਇਸ ਗੱਲ ‘ਚ ਜ਼ਿਆਦਾ ਦਿਲਚਸਪੀ ਰੱਖਦੇ ਹਨ ਕਿ ਅਦਾਕਾਰਾਂ ਦੀ ਨਿੱਜੀ ਜ਼ਿੰਦਗੀ ਵਿੱਚ ਕੀ ਵਾਪਰ ਰਿਹਾ ਹੈ। ਆਲੀਆ ਨੇ ਦੱਸਿਆ ਕਿ ਉਹ ਝੂਠੀਆਂ ਖ਼ਬਰਾਂ ਤੋਂ ਬਹੁਤ ਖਿਝਦੀ ਹੈ। ਜਦ ਲੋਕ ਉਸ ਬਾਰੇ ਝੂਠੀਆਂ ਖ਼ਬਰਾਂ ਫ਼ੈਲਾਉਂਦੇਹਨ ਤਾਂ ਉਸ ਨੂੰ ਬਹੁਤ ਗੁੱਸਾ ਆਉਂਦਾ ਹੈ ਜਿਸ ਨੂੰ ਡਿਜੀਟਲ ਪਲੈਟਫ਼ੌਰਮ ‘ਤੇ ਕੰਟਰੋਲ ਕਰਨਾ ਔਖਾ ਹੋ ਜਾਂਦਾ ਹੈ। ਉਹ ਦਾਅਵਾ ਕਰਦੀ ਹੈ ਕਿ ਨਿਰਮਾਤਾ ਵਜੋਂ ਕੰਮ ਕਰਨ ਦਾ ਉਸ ‘ਤੇ ਕੋਈ ਪ੍ਰਭਾਵ ਨਹੀਂ ਪਿਆ। ਡਾਰਲਿੰਗਜ਼ ‘ਦੀ ਸ਼ੂਟਿੰਗ ਵੇਲੇ ਉਹ ਫ਼ਿਲਮ ਦੇ ਨਿਰਮਾਤਾ ਵਜੋਂ ਘੱਟ ਬਲਕਿ ਅਦਾਕਾਰਾ ਵਜੋਂ ਵੱਧ ਵਿਚਰੀ।











