ਡਾ.ਦੇਵਿੰਦਰ ਮਹਿੰਦਰੂ
ਜਦੋਂ ਮੇਰੀ ਪਹਿਲੀ ਕਹਾਣੀ ਜਲੰਧਰ ਰੇਡੀਓ ਦੇ ਯੁਵਵਾਣੀ ਪ੍ਰੋਗਰਾਮ ‘ਚ ਪ੍ਰਸਾਰਿਤ ਹੋਈ ਤਾਂ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਮੈਂ ਆਪਣੀ ਮੰਜ਼ਿਲ ਵੱਲ ਪਹਿਲਾ ਕਦਮ ਚੁੱਕ ਲਿਆ ਹੈ। ਗ਼ਰੀਬੜੇ ਜਿਹੇ ਪੇਂਡੂ ਬਾਹਮਣਾਂ ਦੇ ਘਰ ਜੰਮੀ ਇੱਕ ਲੜਕੀ, ਜਿਹਨੂੰ ਸਰਕਾਰੀ ਸਕੂਲ ‘ਚ ਪੜ੍ਹਕੇ ਵੀ ਉਨ੍ਹਾਂ ਵੇਲਿਆਂ ‘ਚ ਫ਼ਸਟ ਕਲਾਸ ‘ਚ ਦਸਵੀਂ ਪਾਸ ਕਰਨ ਦਾ ਮਾਣ ਹਾਸਲ ਹੋਇਆ। ਪਿਉ ਦੀ ਆਰਥਿਕ ਹਾਲਤ ਪਤਲੀ ਹੋਣ ਕਰ ਕੇ ਕਾਲਜ ਜਾਣ ਤੋਂ ਵਾਂਝੀ ਰਹਿ ਗਈ। ਚੌਧਵੇਂ ਸਾਲ ‘ਚ ਦਸਵੀਂ ਜਮਾਤ ਕਰ ਕੇ ਪਿਛਲੀ ਸਦੀ ਦੇ ਸੱਠਵੇਂ ਦਹਾਕੇ ‘ਚ ਪੈਸੇ ਦੀ ਥੁੜ੍ਹ ਨੇ ਜਿਸ ਲੜਕੀ ਨੂੰ ਘਰ ਬਿਠਾ ਦਿੱਤਾ, ਅਤੇ ਜਿਹਦੇ ਮਾਂ ਪਿਓ ਇੱਕ ਲੜਕਾ ਲੱਭਣ ਲੱਗੇ ਕਿ ਭਾਰ ਉਤਾਰੀਏ ਸਿਰ ਤੋਂ। ਤੁਹਾਨੂੰ ਕੀ ਲੱਗਦਾ, ਉਹਨੇ ਹਾਰ ਮੰਨ ਲਈ ਅਤੇ ਸਿਰ ਝੁਕਾ ਕੇ ਬੈਠ ਗਈ? ਨਹੀਂ, ਬਿਲਕੁਲ ਨਹੀਂ! ਮੈਂ ਆਪਣੇ ਪਿਤਾ ਨੂੰ ਕਿਹਾ ਸੀ, ”ਤੁਸੀਂ ਕਾਲਜ ਨਹੀਂ ਭੇਜ ਸਕਦੇ, ਕੋਈ ਨਾ, ਕਿਤਾਬਾਂ ਨਹੀਂ ਖ਼ਰੀਦ ਸਕਦੇ, ਤਾਂ ਵੀ ਕੋਈ ਨਾ, ਮੁੰਡਾ ਤੁਸੀਂ ਨਾ ਲੱਭੋ, ਜਦੋਂ ਵਿਆਹ ਕਰਵਾਉਣਾ ਹੋਊ ਮੈਂ ਆਪੇ ਲੱਭ ਲੂੰ ਮੁੰਡਾ, ਅਜੇ ਪੜ੍ਹਨਾ ਹੈ ਮੈਂ, ਪ੍ਰਾਈਵੇਟ ਪੜ੍ਹ ਕੇ ਦੇ ਦੇਵਾਂਗੀ ਪੇਪਰ, ਟਿਊਸ਼ਨਾਂ ਕਰ ਕੇ ਥੋਡੀ ਘਰ ਚਲਾਉਣ ‘ਚ ਮੱਦਦ ਵੀ ਕਰ ਦਊਂਗੀ।
ਮਾਂ ਔਖੀ ਹੋਈ ਪਰ ਪਿਤਾ ਨੇ ਦੁਨੀਆਂ ਦੇਖੀ ਹੋਣ ਕਰ ਕੇ ਮੇਰੀ ਗੱਲ ਦੀ ਸੱਚਾਈ ਨੂੰ ਸਮਝਿਆ ਅਤੇ ਸਹਿਮਤੀ ਦੇ ਦਿੱਤੀ। ਉਸੇ ਸਾਲ ਛੇ ਮਹੀਨੇ ਬਾਅਦ ਗਿਆਨੀ ਦੇ ਪੇਪਰ ਦਿੱਤੇ ਅਤੇ ਵਾਇਆ ਬਠਿੰਡਾ ਦੋ ਸਾਲ ‘ਚ BA ਕਰ ਗਈ। ਉਸ ਤੋਂ ਦੋ ਸਾਲ ਬਾਅਦ ਪੰਜਾਬੀ ਦੀ MA ਕਰ ਲਈ। ਉਨ੍ਹਾਂ ਹੀ ਦਿਨਾਂ ‘ਚ ਭੇਜੀ ਸੀ ਮੈਂ ਆਪਣੀ ਕਹਾਣੀ ਰੇਡੀਓ ਵਾਲਿਆਂ ਨੂੰ। ਨਾਟਕ ਵੀ ਲਿਖਦੀ ਸੀ ਰੇਡੀਓ ਲਈ ਉਨ੍ਹੀਂ ਦਿਨੀਂ। ਅਜੇ ਵੀ ਪਏ ਨੇ ਮੇਰੀ ਪੁਰਾਣੀ ਫ਼ਾਇਲ ਵਿੱਚ। ਕੁਝ ਦੀ ਪ੍ਰੋਡਕਸ਼ਨ ਕੀਤੀ ਰੇਡੀਓ ‘ਤੇ ਰਹਿੰਦਿਆਂ ਜਲੰਧਰ ‘ਚ। ਕੁਝ ਦਾ ਅਨੁਵਾਦ ਕੀਤਾ ਹਿੰਦੀ ‘ਚ ਅਤੇ ਸ਼ਿਮਲਾ ਰਹਿੰਦਿਆਂ ਨਿਰਮਾਣ ਕੀਤਾ ਅਤੇ ਪ੍ਰਸਾਰਿਤ ਵੀ ਕੀਤਾ। ਕੁਝ ਸਾਲ ਪਹਿਲਾਂ ਕ੍ਰਿਸ਼ਨਾ ਸੋਬਤੀ ਦੇ ਨਾਵਲ ਤਿਨ ਪਹਾੜ ‘ਤੇ ਆਧਾਰਿਤ ਹਿੰਦੀ ‘ਚ ਇੱਕ ਰੇਡੀਓ ਨਾਟਕ ਲਿਖਿਆ ਸੀ। ਹਮੇਸ਼ਾ ਭੁੱਲ ਜਾਂਦੀ ਹਾਂ ਭੇਜਣਾ। ਕਿਤੇ ਵੀ ਭੇਜਿਆ ਜਾ ਸਕਦਾ ਹੈ। ਹਿੰਦੀ ‘ਚ ਲਿਖਦੇ ਇਹ ਫ਼ਾਇਦਾ ਤਾਂ ਹੁੰਦਾ ਹੀ ਹੈ ਕਿ ਪੜ੍ਹਨ ਸੁਣਨ ਵਾਲਿਆਂ ਦਾ ਘੇਰਾ ਵੱਧ ਜਾਂਦੈ।
ਹਿੰਦੀ ‘ਚ ਵੀ ਓਨੇ ਹੀ ਅਧਿਕਾਰ ਨਾਲ ਲਿਖ ਸਕਦੀ ਹਾਂ ਮੈਂ ਅੱਜ। ਅੱਧੀ ਜ਼ਿੰਦਗੀ ਤਾਂ ਹਿੰਦੀ ਪ੍ਰਦੇਸ਼ ‘ਚ ਹੀ ਬੀਤੀ ਹੈ। ਨਾਵਲ ਪੰਜਾਬੀ ‘ਚ ਛਪ ਰਿਹਾ ਹੈ ਰੇਸ਼ਮਾ ਤਾਂ ਉਸ ਤੋਂ ਪਹਿਲਾਂ ਇਸੇ ਨਾਂ ਹੇਠ ਹਿੰਦੀ ‘ਚ ਵੀ ਆ ਰਿਹਾ ਹੈ। ਕ੍ਰਿਸ਼ਨਾ ਸੋਬਤੀ ਦੇ ਨਾਵਲ ਦੀ ਗੱਲ ਹੋ ਰਹੀ ਸੀ, ਹਿੰਦੀ ਅਤੇ ਪੰਜਾਬੀ ਭਾਸ਼ਾ ਦੀ ਵੀ, ਤਾਂ ਇੱਕ ਪ੍ਰਸੰਗ ਯਾਦ ਆ ਗਿਐ ਸੋਬਤੀ ਜੀ ਨਾਲ ਜੁੜਿਆ ਹੋਇਆ। ਸੀ ਤਾਂ ਉਹ ਪੰਜਾਬੀ, ਦਿੱਲੀ ਆ ਗਏ ਵੰਡ ਤੋਂ ਪਹਿਲਾਂ ਉੱਧਰੋਂ ਉੱਜੜ ਕੇ। ਤਾਂ ਉਨ੍ਹਾਂ ਹਿੰਦੀ ‘ਚ ਲਿਖਣਾ ਸ਼ੁਰੂ ਕੀਤਾ, ਪਰ ਉਨ੍ਹਾਂ ਦੀਆਂ ਲਿਖਤਾਂ ‘ਚ ਪੰਜਾਬੀ ਸਭਿਆਚਾਰ ਭਰਿਆ ਪਿਆ ਹੈ। ਬਹੁਤ ਸਾਰੇ ਸ਼ਬਦ ਪੰਜਾਬੀ ਭਾਸ਼ਾ ਦੇ ਉਹ ਸੁਚੇਤ ਰੂਪ ‘ਚ ਵਰਤਦੇ ਹਨ ਤਾਂ ਕਿ ਪੰਜਾਬੀ ਕਲਚਰ ਦੀ ਖ਼ੁਸ਼ਬੂ ਪਾਠਕ ਮਹਿਸੂਸ ਕਰ ਸਕਣ।
ਹਾਂ ਜੀ, ਇੱਕ ਵਾਰ ਸ਼ਿਮਲਾ ਰੇਡੀਓ ਦੇ ਇੱਕ ਪ੍ਰੋਗਰਾਮ ‘ਚ ਸ਼ਿਰਕਤ ਕਰਨ ਲਈ ਉਨ੍ਹਾਂ ਨੂੰ ਸੱਦਾ ਪੱਤਰ ਭੇਜਿਆ। ਸੋਚਿਆ ਫ਼ੋਨ ‘ਤੇ ਗੱਲ ਕਰ ਕੇ ਆਪ ਵੀ ਕਹਿ ਦੇਵਾਂ। ਉਹ ਬੀਮਾਰ ਸਨ, ਡਾਕਟਰ ਕੋਲ ਚੱਲੇ ਸਨ, ਫ਼ੇਰ ਵੀ ਫ਼ੋਨ ‘ਤੇ ਆਏ, ਬਹੁਤ ਖ਼ਲੂਸ ਨਾਲ ਗੱਲ ਕੀਤੀ। ਬੋਲੇ ਕਿ ਕੀ ਕਰਾਂ ਦੇਵਿੰਦਰ, ਸ਼ਿਮਲਾ ਤਾਂ ਭੱਜ ਕੇ ਆਉਣ ਨੂੰ ਦਿਲ ਕਰਦਾ ਹਮੇਸ਼ਾ ਅਤੇ ਫ਼ੇਰ ਕੋਈ ਇੰਨੇ ਪਿਆਰ ਨਾਲ ਬੁਲਾਏ ਤਾਂ ਬੰਦਾ ਉੱਡ ਕੇ ਵੀ ਆ ਜਾਵੇ ਪਰ ਮੇਰੀ ਸਿਹਤ? ਨਹੀਂ ਆ ਸਕਾਂਗੀ ਪੁੱਤਰ।”
ਉਨਾਂ ਦਾ ਲਿਖਿਆ ਨਾਵਲ ਮਿੱਤਰੋ ਮਰਜਾਣੀ ਕੋਈ ਪੜ੍ਹ ਲਵੇ ਇੱਕ ਵਾਰ, ਨਾ ਲਿਖਣ ਵਾਲੀ ਨੂੰ ਭੁੱਲ ਸਕੇ, ਨਾ ਹੀ ਜਿਹਦੇ ਬਾਰੇ ਲਿਖਿਆ ਉਹਨੂੰ। ਅੰਮ੍ਰਿਤਾ ਪ੍ਰੀਤਮ ਦੀ ਟੱਕਰ ਸੀ ਕ੍ਰਿਸ਼ਨਾ ਸੋਬਤੀ ਨਾਲ। ਦੋਵੇਂ ਜ਼ਹੀਨ, ਦੋਵੇਂ ਪੰਜਾਬਣਾਂ। ਦੋਵੇਂ ਉੱਧਰੋਂ ਉੱਜੜ ਕੇ ਆਈਆਂ ਹੋਈਆਂ, ਦਿੱਲੀ ‘ਚ ਵਸੀਆਂ। ਬੱਸ ਉਲਝ ਗਈਆਂ ਕਿਸੇ ਗੱਲ ‘ਤੇ। ਮੁਕੱਦਮੇਬਾਜੀ ‘ਚ ਪੈ ਗਈਆਂ। ਕਈਆਂ ਨੇ ਸਮਝਾਇਆ ਪਰ ਕਿੱਥੇ? ਪੂਰੀਆਂ ਜ਼ਿੱਦਲ ਦੋਵੇਂ। ਕਿੰਨੇ ਸਾਲ ਚੱਲਿਆ ਮੁਕੱਦਮਾ। ਫ਼ੇਰ ਕਦੇ ਸੁਣਾਊਂਗੀ ਸਾਰੀ ਗੱਲ ਕਿ ਹੋਇਆ ਕੀ ਸੀ ਓਦੋਂ?















