ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1485

ਇਨ੍ਹੀਂ ਦਿਨੀਂ, ਇੰਝ ਲਗਦੈ ਜਿਵੇਂ ਘਰ ਦੇ ਹਰ ਡੀਵਾਈਸ ਜਾਂ ਯੰਤਰ ਦੇ ਨਾਲ ਇੱਕ ਰੀਮੋਟ ਕੰਟਰੋਲ ਦਾ ਹੋਣਾ ਲਾਜ਼ਮੀ ਹੈ। ਫ਼ਿਰ ਰਹੇ ਸਾਡੇ ਸੈੱਲ ਫ਼ੋਨਜ਼, ਪੋਰਟੇਬਲ ਗੇਮ ਕਨਸੋਲਜ਼, mp3 ਪਲੇਅਰਜ਼ ਅਤੇ ਹੱਥਾਂ ‘ਚ ਫ਼ੜ ਕੇ ਦੇਖਣ ਵਾਲੇ TVs ਵਗੈਰਾ। ਇਨ੍ਹਾਂ ਸਾਰੀਆਂ ਚੀਜ਼ਾਂ ਬਗ਼ੈਰ, ਕੀ ਸਾਡੇ ਜੀਵਨ ਸੱਚਮੁੱਚ ਬੇਮਾਅਨੀ ਹੁੰਦੇ? ਇੱਕ ਵਾਰ ਦੀ ਗੱਲ ਹੈ, ਅਜਿਹੀ ਕਿਸੇ ਸ਼ੈਅ ਦੀ ਹੋਂਦ ਤਕ ਵੀ ਨਹੀਂ ਸੀ ਹੁੰਦੀ। ਪਰ ਅੱਜਕੱਲ੍ਹ, ਅਸੀਂ ਉਨ੍ਹਾਂ ਤੋਂ ਬਿਨਾ ਉੱਕਾ ਹੀ ਕਾਰਜਸ਼ੀਲ ਨਹੀਂ ਹੋ ਸਕਦੇ, ਅਤੇ ਦੇਖੋ ਅਸੀਂ ਪਹਿਲਾਂ ਨਾਲੋਂ ਕਿੰਨੇ ਜ਼ਿਆਦਾ ਖ਼ੁਸ਼ ਹਾਂ … ਸੌਰੀ … ਹੈਗੇ ਆਂ ਨਾ ਅਸੀਂ ਕਿ ਨਹੀਂ? ਜੋ ਇਸ ਵਕਤ ਤੁਸੀਂ ਆਪਣੀ ਭਾਵਨਾਤਮਕ ਜ਼ਿੰਦਗੀ ‘ਚ ਲੋਚਦੇ ਹੋ, ਉਸ ਨੂੰ ਕੇਵਲ ਇੱਕ ਬਟਨ ਦਬਾ ਕੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਅਤੇ ਇਹ ਸਿਰਫ਼ ਇਸ ਲਈ ਕਿਉਂਕਿ, ਜੇ ਤੁਸੀਂ ਅਜਿਹਾ ਕਰ ਵੀ ਸਕਦੇ ਹੁੰਦੇ, ਤੁਸੀਂ ਉਹ ਨਾ ਚਾਹੁੰਦੇ। ਤੁਹਾਨੂੰ ਪਹਿਲਾਂ ਇਸ ਸੋਚ ‘ਤੇ ਕੰਮ ਅਤੇ ਵਿਚਾਰ ਕਰਨ ਦੀ ਲੋੜ ਹੈ ਕਿ ਤੁਹਾਨੂੰ ਅਸਲ ‘ਚ ਚਾਹੀਦਾ ਕੀ ਹੈ।

ਜਦੋਂ ਜੀਵਨ ‘ਚ ਸਭ ਕੁਝ ਮੁਸ਼ਕਿਲ ਹੋ ਜਾਂਦੈ ਤਾਂ ਬੰਦਾ ਦਾਰਸ਼ਨਿਕ ਬਣ ਜਾਂਦੈ। ਲੋਕ ਅਜਿਹੀਆਂ ਹੋਰ ਵੀ ਬਹੁਤ ਸਾਰੀਆ ਸਿਆਣੀਆਂ ਗੱਲਾਂ ਕਹਿੰਦੇ ਨੇ ਜਿਵੇਂ, ”ਹਾਂ ਸੱਚ, ਘੱਟੋਘੱਟ ਮੈਂ ਆਪਣੇ ਭਵਿੱਖ ਲਈ ਇੱਕ ਬਹੁਤ ਵੱਡਾ ਸਬਕ ਸਿੱਖ ਰਿਹਾਂ।” ਜਾਂ, ”ਇਹ ਮੈਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਲਈ ਸ਼ੁਕਰਗ਼ੁਜ਼ਾਰ ਹੋਣਾ ਸਿਖਾ ਰਿਹੈ ਜਿਨ੍ਹਾਂ ਦੀ ਮੈਂ ਕੋਈ ਕੀਮਤ ਸਮਝਦਾਂ।” ਡੂੰਘੀ ਸਮਝ ਦੀਆਂ ਅਜਿਹੀਆਂ ਗੱਲਾਂ ਉੱਚਰਣ ਦੀ ਤੁਹਾਡੀ ਕਾਬਲੀਅਤ ਨੂੰ ਮੱਦੇਨਜ਼ਰ ਰਖਦਿਆਂ, ਮੈਂ ਕਹਿ ਸਕਦਾਂ ਕਿ ਜ਼ਿੰਦਗੀ ਤੁਹਾਡੇ ਲਈ ਅਕਸਰ ਹੀ ਮੁਸ਼ਕਿਲ ਹੋ ਜਾਂਦੀ ਹੋਵੇਗੀ। ਪਰ ਛੇਤੀ ਹੀ ਤੁਸੀਂ ਮਹਿਸੂਸ ਕਰੋਗੇ ਕਿ ਚਿੰਤਨਸ਼ੀਲ ਰਹਿਣਾ ਵੀ ਮੁਸ਼ਕਿਲ ਹੁੰਦਾ ਜਾ ਰਿਹੈ ਕਿਉਂਕਿ ਤੁਹਾਡਾ ਜੀਵਨ ਹੁਣ ਹਰ ਚੀਜ਼ ਹੋਵੇਗਾ ਪਰ … ਆਸਮਾਨ ਤੁਹਾਡੇ ‘ਤੇ ਤੋਹਫ਼ਿਆਂ ਦੀ ਬਾਰਿਸ਼ ਕਰਨ ਦਾ ਇਰਾਦਾ ਰੱਖਦੈ, ਅਤੇ, ਜਦੋਂ ਅਤੇ ਜਿਸ ਵੀ ਹਾਲਤ ‘ਚ ਉਹ ਆਉਣ, ਤੁਹਾਨੂੰ ਸਵੀਕਾਰ ਕਰਨ ਲਈ ਤਿਆਰ ਰਹਿਣਾ ਪੈਣੈ।

ਕਾਇਦੇ। ਕਾਨੂੰਨ। ਹੁਕਮ। ਹਿਦਾਇਤਾਂ। ਮਿਸਾਲਾਂ। ਸ਼ਿਸ਼ਟਾਚਾਰ। ਨੀਂਦ ਜਿਹੀ ਨਹੀਂ ਆਉਣ ਲੱਗੀ? ਮੈਨੂੰ ਜਗਾ ਦੇਈਓ ਜਦੋਂ ਤੁਸੀਂ ਇਹ ਸਭ ਕੁਝ ਖ਼ਤਮ ਕਰ ਲਵੋ। ਇਨ੍ਹਾਂ ਚੀਜ਼ਾਂ ਬਾਰੇ ਲਿਖਦਾ ਹੋਇਆ ਹੀ ਮੈਂ ਆਪਣਾ ਸਿਰ ਹਾਂ ‘ਚ ਹਿਲਾਈ ਜਾ ਰਿਹਾਂ। ਮੇਰੇ ਕਹਿਣ ਤੋਂ ਮੁਰਾਦ ਹੈ, ਕੌਣ ਪੜ੍ਹਨਾ ਚਾਹੁੰਦੈ ਅਜਿਹੀਆਂ ਬੋਰਿੰਗ ਚੀਜ਼ਾਂ ਬਾਰੇ? ਖ਼ੁਦ ਨੂੰ ਪੀੜਾ ਦੇਣ ‘ਚ ਆਨੰਦ ਮਹਿਸੂਸ ਕਰਨਾ ਅੱਜਕੱਲ੍ਹ ਫ਼ੈਸ਼ਨ ‘ਚ ਹੋ ਸਕਦੈ, ਪਰ ਪੀੜਾ ਦੇਣ ਅਤੇ ਸਹਿਣ ਦੇ ਸਭ ਤੋਂ ਵੱਡੇ ਸ਼ੌਕੀਨ ਵੀ ਮੁਸ਼ਕਿਲ ਅਤੇ ਅਰਥਵਿਹੂਣੀਆਂ ਪਾਬੰਦੀਆਂ ਨਾਲ ਰੋਮਾਂਚਿਤ ਨਹੀਂ ਹੁੰਦੇ। ਤੁਹਾਨੂੰ ਇਸ ਵਕਤ ਦੱਸਿਆ ਜਾ ਰਿਹੈ, ਬਹੁਤ ਸਪੱਸ਼ਟ ਰੂਪ ‘ਚ, ਤੁਸੀਂ ਆਪਣੀ ਭਾਵਨਾਤਮਕ ਜ਼ਿੰਦਗੀ ‘ਚ ਕੀ ਹਾਸਿਲ ਕਰ ਸਕਦੇ ਹੋ ਅਤੇ ਕੀ ਨਹੀਂ। ਜਾਂ ਕੀ ਕਰ ਸਕਦੇ ਹੋ। ਜਾਂ ਕਿਸ ਚੀਜ਼ ਦੀ ਤਵੱਕੋ ਕਰ ਸਕਦੇ ਹੋ। ਕਿਸੇ ਦੀ ਨਾ ਸੁਣੋ। ਅਤੇ ਤੁਹਾਨੂੰ ਕੋਈ ਲੋੜ ਵੀ ਨਹੀਂ!

ਤੁਸੀਂ ਇੱਕੋ ਸਮੇਂ ਹਰ ਜਗ੍ਹਾ ਨਹੀਂ ਹੋ ਸਕਦੇ, ਪਰ ਤੁਸੀਂ ਕੋਸ਼ਿਸ਼ ਜ਼ਰੂਰ ਕਰ ਸਕਦੇ ਹੋ! ਤੁਸੀਂ ਕਾਫ਼ੀ ਫ਼ਾਸਲਾ ਤੈਅ ਵੀ ਕਰ ਸਕਦੇ ਹੋ। ਤੁਸੀਂ ਹਰ ਮਸਲੇ ‘ਚ ਖ਼ੁਦ ਨੂੰ ਉਲਝਾ ਸਕਦੇ ਹੋ। ਇਸ ਵੇਲੇ, ਤੁਸੀਂ ਥੋੜ੍ਹਾ ਖਿੱਚਿਆ ਹੋਇਆ ਮਹਿਸੂਸ ਕਰ ਰਹੇ ਹੋ। ਬਹੁਤ ਜ਼ਿਆਦਾ ਵਚਨਬਧਤਾਵਾਂ ਜਾਂ ਤੁਹਾਡੇ ਸ੍ਰੋਤਾਂ ਦੀ ਆਹਿਸਤਾ-ਆਹਿਸਤਾ ਹੋ ਰਹੀ ਨਿਕਾਸੀ ਤੁਹਾਨੂੰ ਇੱਕੋ ਸਮੇਂ ਅਤੇ ਇੱਕ ਹੀ ਵਕਤ ‘ਤੇ ਬਹੁਤ ਸਾਰੀਆਂ ਵੱਖੋ-ਵੱਖਰੀਆਂ ਦਿਸ਼ਾਵਾਂ ‘ਚ ਖਿੱਚ ਰਹੀ ਹੈ। ਇਸ ਨਾਲ ਤੁਹਾਡਾ ਬਹੁਤਾ ਨੁਕਸਾਨ ਤਾਂ ਨਹੀਂ ਹੋਣ ਵਾਲਾ, ਪਰ ਤੁਹਾਨੂੰ ਇਸ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਹੋਣ ਦੀ ਲੋੜ ਹੈ ਕਿ ਤੁਸੀਂ ਖ਼ੁਦ ਨੂੰ ਕਿਸੇ ਵੀ ਸੂਰਤ ‘ਚ ਕੀ ਗੁਆਉਣ ਅਤੇ ਖ਼ਤਰੇ ‘ਚ ਪਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ। ਆਪਣੀਆਂ ਤਰਜੀਹਾਂ ਸਪੱਸ਼ਟ ਕਰੋ, ਅਤੇ ਤੁਹਾਡਾ ਭਾਵਨਾਤਮਕ ਜੀਵਨ ਛੇਤੀ ਹੀ ਵਧੇਰੇ ਆਸਾਨ ਹੋ ਜਾਵੇਗਾ।

”ਇੱਕ ਦੂਜੇ ਨੂੰ ਪ੍ਰੇਮ ਕਰੋ ਪਰ ਪਿਆਰ ਨੂੰ ਇੱਕ ਬੰਧਨ ਨਾ ਬਣਾਓ: ਉਸ ਨੂੰ ਆਪਣੀਆਂ ਰੂਹਾਂ ਦੇ ਕਿਨਾਰਿਆਂ ਦਰਮਿਆਨ ਦਾ ਵਹਿੰਦਾ ਸਮੁੰਦਰ ਬਣਿਆ ਰਹਿਣ ਦਿਓ। ਇੱਕ ਦੂਜੇ ਦੇ ਪਿਆਲੇ ਭਰੋ, ਪਰ ਇੱਕ ਹੀ ਪਿਆਲੇ ‘ਚੋਂ ਪੀਓ ਨਾ। ਇੱਕ ਦੂਜੇ ਨਾਲ ਖਾਣ-ਪੀਣ ਸਾਂਝਾ ਕਰੋ ਪਰ ਦੋ ਜਣੇ ਇੱਕੋ ਰੋਟੀ ਮਗਰ ਨਾ ਪਏ ਰਹੋ।” ਕਵੀ ਖ਼ਲੀਲ ਜਿਬਰਾਨ ਵਲੋਂ ਆਪਣੀ ਇੱਕ ਕਲਾਤਮਕ ਕਿਤਾਬ ਦਾ ਪ੍ਰੌਫ਼ੈੱਟ ‘ਚ ਲਿਖੀ ਇਹ ਇੱਕ ਚੰਗੀ ਸਲਾਹ ਹੈ। ਅਕਸਰ ਹੀ, ਅਸੀਂ ਇੱਕ ਦੂਜੇ ਦੇ ਦਿਲ ‘ਚ ਰਹਿਣ ਦਾ ਮਤਲਬ ਇੱਕ ਦੂਜੇ ਦੀ ਜੇਬ੍ਹ ‘ਚ ਰਹਿਣ ਨੂੰ ਸਮਝ ਬੈਠਦੇ ਹਾਂ। ਤੁਹਾਡੇ ਸੰਸਾਰ ‘ਚ ਇਸ ਗੱਲ ਬਾਰੇ ਇੰਨੀ ਜ਼ਿਆਦਾ ਚਿੰਤਾ ਕਿਉਂ ਹੈ ਕਿ ਕੁਝ ਖ਼ਾਸ ਲੋਕ ਕੀ ਕਰ ਰਹੇ ਨੇ? ਯਕੀਨਨ, ਫ਼ਰਕ ਇਸ ਗੱਲ ਨਾਲ ਪੈਂਦੈ ਕਿ ਉਹ ਮਹਿਸੂਸ ਕੀ ਕਰ ਰਹੇ ਨੇ!