ਰੇਡੀਓ ਦੀਆਂ ਯਾਦਾਂ (25)

ਡਾ. ਦੇਵਿੰਦਰ ਮਹਿੰਦਰੂ
ਦਰਿਆਵਾਂ ਵਰਗੇ ਲੋਕ
ਸੰਨ 1972 ਦਾ ਕੋਈ ਦਿਨ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲਾਇਬ੍ਰੇਰੀ ਵਿਭਾਗ ਦੇ ਬਾਹਰ ਲਾਅਨ ‘ਚ ਲਾਇਬ੍ਰੇਰੀ ਸਾਇੰਸ ਦੇ ਡਿਗਰੀ ਕੋਰਸ ਦੀ ਸਾਰੀ ਕਲਾਸ ਰੇਡੀਓ ਲਗਾ ਕੇ ਬੈਠੀ ਹੋਈ ਸੀ। ਮੇਰੀ ਕਹਾਣੀ ਦਾ ਪ੍ਰਸਾਰਣ ਹੋਣਾ ਸੀ। ਕਹਾਣੀ, ਜਿਸਦਾ ਨਾਂ ਪਿਆਰ ਸੀ, ਮੈਂ ਭੇਜੀ ਸੀ ਜਲੰਧਰ ਰੇਡੀਓ ਵਾਲਿਆਂ ਨੂੰ, ਅਤੇ ਉਨ੍ਹਾਂ ਦੀ ਚਿੱਠੀ ਆਈ ਸੀ ਕਿ ਉਸ ਦਾ ਪ੍ਰਸਾਰਣ ਇਸ ਦਿਨ ਇੰਨੇ ਵਜੇ ਹੋਵੇਗਾ। ਮੈਂ ਆਪਣੇ ਡਿਪਾਰਟਮੈਂਟ ਆਉਂਦੀ ਹੋਈ ਨੇ ਕਿਸੇ ਤੋਂ ਰੇਡੀਓ ਮੰਗ ਲਿਆ। ਕਹਾਣੀ ਦੇ ਪ੍ਰਸਾਰਣ ਤੋਂ ਬਾਅਦ ਮੇਰੀ ਸਾਰੀ ਕਲਾਸ ਨੇ ਖ਼ੂਬ ਤਾੜੀਆਂ ਵਜਾਈਆਂ, ਅਤੇ ਮੈਨੂੰ ਲੱਗਿਆ ਸੀ ਕਿ ਮੈਂ ਪੂਰੀ ਇੱਕ ਗਿੱਠ ਉੱਚੀ ਹੋ ਗਈ ਹਾਂ। ਰੇਡੀਓ ਸੁਣਨਾ ਤਾਂ ਬਚਪਨ ਤੋਂ ਹੀ ਸ਼ੁਰੂ ਕਰ ਦਿੱਤਾ ਸੀ ਮੈਂ, ਪਰ ਅਸਲੀ ਜੁੜਾਓ ਰੇਡੀਓ ਨਾਲ ਉਸ ਦਿਨ ਹੀ ਮਹਿਸੂਸ ਹੋਇਆ ਸੀ। ਉਸ ਦਿਨ ਮੇਰੇ ਨਾਂ ਨਾਲ ਇੱਕ ਹੋਰ ਨਾਂ ਬੋਲਿਆ ਗਿਆ ਸੀ ਕਿਰਨ ਦਾ, ਅਤੇ ਫ਼ਿਰ ਉਹ ਚਾਰ ਸਾਲ ਬਾਅਦ ਜਲੰਧਰ ਰੇਡੀਓ ‘ਚ ਨੌਕਰੀ ਕਰਨ ਆਈ … ਮੈਂ ਉਸੇ ਕਿਰਨ ਨੂੰ ਮਿਲੀ ਸਾਂ। ਪੂਰਾ ਨਾਂ ਸੀ ਕਿਰਨ ਭਾਰਦਵਾਜ। ਦਿਹਾਤੀ ਪ੍ਰੋਗਰਾਮ ਦੇ ਸੈਕਸ਼ਨ ਵਾਲੇ ਜਾਨਕੀ ਦਾਸ ਭਾਰਦਵਾਜ ਦੀ ਬੇਟੀ ਸੀ ਉਹ। ਨੌਜਵਾਨਾਂ ਲਈ ਯੁਵਵਾਣੀ ਪ੍ਰੋਗਰਾਮ ਪੇਸ਼ ਕਰਦੀ ਹੁੰਦੀ ਸੀ, ਅਤੇ ਰੇਡੀਓ ਦੀ ਇੱਕ ਅਪਰੂਵਡ ਗਾਇਕਾ ਸੀ। ਉਹਦੇ ਵਿਆਹ ‘ਚ ਜਦੋਂ ਇਹ ਗਾਣਾ ਵੱਜ ਰਿਹਾ ਸੀ ਤੂੰ ਵਿਆਹ ਕੀਹਦੇ ਨਾਲ ਕਰੌਂਦੋਂ ਜੇ ਮੈਂ ਨਾ ਜੰਮਦੀ ਢੋਲਾ ਤਾਂ ਅਸੀਂ ਮੁੜ ਮੁੜ ਇਹ ਗੀਤ ਵਜਾਉਣ ਲਈ ਕਹਿ ਰਹੇ ਸਾਂ। ਮੈਨੂੰ ਲੱਗ ਰਿਹਾ ਸੀ ਦਿੱਲੀ ਦੇ ਸਿੱਖਿਆ ਵਿਭਾਗ ਦਾ ਉਹ ਅਫ਼ਸਰ ਸੱਚੀਂ ਕੁਆਰਾ ਰਹਿ ਜਾਂਦਾ ਜੇ ਕਿਰਨ ਨਾ ਜੰਮਦੀ। ਬਾਅਦ ‘ਚ ਕਿਰਨ ਨੇ ਦਿੱਲੀ ਦੀ ਬਦਲੀ ਕਰਵਾਈ ਅਤੇ ਸਾਲਾਂ ਤਕ ਦਿੱਲੀ ਤੋਂ ਪ੍ਰਸਾਰਿਤ ਹੁੰਦੇ ਪੰਜਾਬੀ ਪ੍ਰੋਗਰਾਮਾਂ ਦੀ ਇੰਚਾਰਜ ਰਹੀ।
****
ਰਾਣੀ ਜੋਸ਼ੀ ਜਲੰਧਰ ਰੇਡੀਓ ਦੀ ਇੱਕ ਬੜੀ ਹੀ ਵਧੀਆ ਐਨਾਊਂਸਰ ਸੀ। ਇੱਕ ਦਿਨ ਉਹ ਸਵੇਰ ਦੀ ਡਿਊਟੀ ਕਰ ਰਹੀ ਸੀ। ਸਾਰੀਆਂ ਐਨਾਊਂਸਮੈਂਟ ਉਹਨੇ ਲਿਖੀਆਂ ਹੁੰਦੀਆਂ ਸਨ, ਪਰ ਉਸ ਦਿਨ ਪਤਾ ਨਹੀਂ ਕੀ ਹੋਇਆ ਕਿ ਜ਼ਬਾਨ ਫ਼ਿਸਲ ਗਈ ਅਤੇ ਕੁਝ ਗ਼ਲਤ ਬੋਲਿਆ ਗਿਆ ਉਸ ਤੋਂ। ਸਟੇਸ਼ਨ ਡਾਇਰੈਕਟਰ ਸਨ ਐੱਸ. ਕੇ. ਸ਼ਰਮਾ ਜਿਹੜੇ ਇੱਕ ਇੱਕ ਅੱਖਰ ਸਵੇਰ ਦੀ ਸਭਾ ਦਾ ਸੁਣ ਕੇ ਆਉਂਦੇ ਸਨ, ਅਤੇ ਛੋਟੀ ਤੋਂ ਛੋਟੀ ਗ਼ਲਤੀ ਲਈ ਕਲਾਸ ਲਗਾਉਂਦੇ ਸਨ ਅਤੇ ਉਹ ਵੀ ਭਰੀ ਮੀਟਿੰਗ ‘ਚ। ਰਾਣੀ ਜੋਸ਼ੀ ਮੀਟਿੰਗ ਤੋਂ ਪਹਿਲਾਂ ਹੀ ਉਨ੍ਹਾਂ ਕੋਲ ਗਈ। ਸ਼ਰਮਾ ਜੀ ਮੀਟਿੰਗ ‘ਚ ਜਾਣ ਦੀ ਤਿਆਰੀ ‘ਚ ਸਨ। ਗੁੱਸੇ ‘ਚ ਬੋਲੇ,” ਕਿਊਂ ਆਏ ਹੋ ਆਪ?” ਰਾਣੀ ਡਰਦੇ ਡਰਦੇ ਬੋਲੀ, “ਸਰ, ਅੱਜ ਮੇਰਾ ਹੈਪੀ ਬਰਥਡੇ ਹੈ, ਪਲੀਜ਼ ਮੈਨੂੰ ਮੀਟਿੰਗ ‘ਚ ਗੁੱਸਾ ਨਾ ਕਰਿਓ।” ਹੈਪੀ ਬਰਥਡੇ ਰਾਣੀ ਦੇ ਮੂਹੋਂ ਕੁਝ ਇਸ ਤਰੀਕੇ ਨਾਲ ਬੋਲਿਆ ਗਿਆ ਸੀ ਕਿ ਸ਼ਰਮਾ ਜੀ ਦਾ ਹਾਸਾ ਨਿੱਕਲ ਆਇਆ। ਰਾਣੀ ਨੇ ਸੁੱਖ ਦਾ ਸਾਹ ਲਿਆ ਅਤੇ ਕਮਰੇ ‘ਚੋਂ ਬਾਹਰ ਚਲੀ ਗਈ। ਇਹ ਸਭ ਛੋਟੀਆਂ ਛੋਟੀਆਂ ਗੱਲਾਂ ਹਨ ਪਰ ਗਾਹੇ-ਬਗਾਹੇ ਯਾਦ ਆ ਜਾਂਦੀਆਂ ਨੇ। ਜਿਵੇਂ ਰਾਣੀ ਦੇ ਹੱਥ ‘ਚ ਹਮੇਸ਼ਾ ਕਿਤਾਬ ਹੁੰਦੀ ਸੀ। ਉਹ ਟੇਪ ਜਾਂ ਰਿਕਾਰਡ ਲਗਾ ਕੇ ਬਾਹਰ ਨਹੀਂ ਸੀ ਆਉਂਦੀ ਗੱਲਾਂ ਮਾਰਨ ਬਲਕਿ ਸਟੂਡੀਓ ‘ਚ ਬੈਠ ਕੇ ਕਿਤਾਬ ਪੜ੍ਹਦੀ ਰਹਿੰਦੀ ਸੀ।
****
ਹੁਣ ਸਾਡੀ ਪਿਆਰੀ ਐਨਾਊਂਸਰ ਸੁਖਜੀਤ ਦੀ ਪੰਜਾਬੀ ਮੈਨੂੰ ਅਸਲੀ ਪੰਜਾਬੀ ਲੱਗਦੀ ਸੀ। ਕੋਈ ਬਣਾਵਟ ਨਹੀਂ, ਜਿਵੇਂ ਉਹਦੇ ਆਪਣੇ ‘ਚ ਕੋਈ ਬਣਾਵਟ ਨਹੀਂ ਸੀ ਹੁੰਦੀ। ਜੋ ਦਿਲ ‘ਚ ਹੈ, ਓਹੀ ਮੂੰਹ ‘ਤੇ ਹੁੰਦਾ। ਕੋਈ ਸਿਲਵਟ ਨਹੀਂ ਸੀ ਜ਼ੁਬਾਨ ਵਿੱਚ। ਅੱਜ ਵੀ ਤੁਸੀਂ ਉਹਦੀ ਆਵਾਜ਼ ਸੁਣ ਕੇ ਜਲੰਧਰ ਰੇਡੀਓ ਦੇ ਉਸ ਚੈਨਲ ਨੂੰ ਨਹੀਂ ਬਦਲ ਸਕਦੇ ਜਿੱਥੋਂ ਉਹ ਬੋਲ ਰਹੀ ਹੁੰਦੀ ਹੈ। ਇਕੱਲੀ ਆਵਾਜ਼ ਦੀ ਹੀ ਤਾਕਤ ਨਹੀਂ ਸੀ ਦੋਸਤੋ ਉਸ ਕੋਲ, ਉਹ ਇੰਨੀ ਮਜ਼ਬੂਤ ਸੀ ਕਿ ਬਥੇਰੇ ਝੱਖੜ ਨ੍ਹੇਰੀਆਂ ਉਹਨੂੰ ਨਹੀਂ ਸਨ ਹਿਲਾ ਸਕੇ।
ਤੂੰ ਉਸੇ ਤਰ੍ਹਾਂ ਰਹੀਂ ਸੁਖਜੀਤ ਪਿਆਰੀ, ਲੋਕਾਂ ਨਾਲ ਜੁੜੀ ਹੋਈ ਅਤੇ ਆਪਣੇ ਆਪ ‘ਚ ਵਿਸ਼ਵਾਸ ਨਾਲ ਭਰੀ ਹੋਈ। ਅਤੇ ਅੱਜ ਨਾਲ ਹੀ ਮੈਨੂੰ ਪੂਨਮ ਲੰਗਾਹ ਵੀ ਯਾਦ ਆ ਰਹੀ ਹੈ। ਆਵਾਜ਼ ਤਾਂ ਮਿੱਠੀ ਹੈ ਹੀ ਸੀ ਉਹਦੀ, ਪਰ ਉਹਦੀ ਲੇਖਣੀ, ਪੰਜਾਬੀ ਅਤੇ ਹਿੰਦੀ, ਦੋਵਾਂ ਵਿੱਚ, ਪੂਰੀ ਸੁਰ ਅਤੇ ਲੈ ਨਾਲ ਭਰੀ ਹੋਈ ਹੁੰਦੀ ਸੀ। ਕਿਸੇ ਵੀ ਮੁੱਦੇ ਨੂੰ ਲੈ ਕੇ ਪੂਰੀ ਗੰਭੀਰਤਾ ਨਾਲ ਲਿਖਣਾ ਉਹਦੇ ਹਿੱਸੇ ਆਉਂਦਾ ਹੈ ਹਾਲਾਂਕਿ ਮੈਂ ਕਦੇ ਉਹਦੇ ਨਾਲ ਕੰਮ ਨਹੀਂ ਕੀਤਾ। ਇੱਕ ਦਿਨ ਸਵੇਰੇ-ਸਵੇਰੇ ਫ਼ੋਨ ਆਉਂਦਾ ਹੈ, “ਤੁਸੀਂ ਮੈਨੂੰ ਨਹੀਂ ਜਾਣਦੇ, ਮੈਂ ਪੂਨਮ, ਜਲੰਧਰ ਰੇਡੀਓ ਦੀ ਐਨਾਊਂਸਰ, ਕਿੱਥੇ ਹੋ?”
” ਜਲੰਧਰ,” ਮੈਂ ਆਖਿਆ। “ਆ ਸਕਦੀ ਹਾਂ ਮਿਲਣ?” ਉਸ ਨੇ ਪੁਛਿਆ ਅਤੇ ਮੈਂ ਕਿਹਾ, “ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਪੂਨਮ, ਜਦੋਂ ਮਰਜ਼ੀ ਆਓ, ਧੰਨਭਾਗ ਨੇ।” ਉਹ ਆਉਂਦੀ ਹੈ। ਮਿਲਦੀ ਹੈ, ਜਿਵੇਂ ਵਰ੍ਹਿਆਂ ਦੀ ਜਾਣ ਪਛਾਣ ਹੋਵੇ। ਜਦੋਂ ਕਦੇ ਉਹਦਾ ਦਿਲ ਉਸ ਨੂੰ ਡੁੱਬਦਾ ਮਹਿਸੂਸ ਹੁੰਦਾ, ਉਸ ਨੂੰ ਟਿਕਾਉਣ ਲਈ ਆ ਜਾਂਦੀ ਹੈ। ਜਦੋਂ ਕਦੀ ਉਹਨੂੰ ਲੱਗੇ ਮੈਂ ਡੋਲੀ ਹੋਈ ਹਾਂ, ਭਾਵੇਂ ਮੈਂ ਚਾਰੇ ਕੰਨੀਆਂ ਦੱਬਕੇ ਵੀ ਰੱਖਾਂ ਉਹਨੂੰ ਪਤਾ ਲੱਗ ਹੀ ਜਾਂਦਾ ਸੀ, ਅਤੇ ਓਦੋਂ ਵੀ ਉਹ ਆ ਜਾਂਦੀ ਸੀ। ਸੱਚੀਂਓਂ ਹੀ ਠੰਢਕ ਭਰਿਆ ਹਵਾ ਦਾ ਬੁੱਲੇ ਵਾਂਗ।
***
ਕਮਲੇਸ਼ ਦੇ ਖ਼ਲੂਸ ਨੇ ਪਤਾ ਨਹੀਂ ਕਿੰਨੀ ਵਾਰ ਭੁਲੇਖਾ ਪਾਇਆ ਹੈ ਕਿ ਅਸੀਂ ਮੁੱਦਤਾਂ ਤੋਂ ਜਾਣਦੀਆਂ ਹਾਂ ਇੱਕ ਦੂਜੇ ਨੂੰ। ਹਰ ਦੁੱਖ ਸੁੱਖ ‘ਚ ਨਾਲ ਖੜ੍ਹੀ ਹੋਣ ਵਾਲੀ ਇਹ ਕੁੜੀ। ਰਿਟਾਇਰ ਹੋ ਕੇ ਵੀ ਕੁੜੀ ਹੀ ਲੱਗਦੀ ਹੈ ਕਮਲੇਸ਼। ਹੁਣ ਵੀ ਖੁੱਲ੍ਹਾ ਵਕਤ ਕੱਢ ਕੇ ਫ਼ੋਨ ਕਰਦੀ ਹੈ। ਇਹ ਅਜਿਹੇ ਸਿਤਾਰੇ ਹਨ ਜਿਨ੍ਹਾਂ ਕਰ ਕੇ ਰੇਡੀਓ ਜਲੰਧਰ ਅੱਜ ਵੀ ਚਮਕ ਰਿਹਾ ਹੈ। ਫ਼ੇਰ ਯਾਦ ਆਉਂਦਾ ਹੈ, ਕਿਸੇ ਜਮਾਨੇ ‘ਚ ਜਦੋਂ ਅੰਮ੍ਰਿਤਾ ਪ੍ਰੀਤਮ ਦਿੱਲੀ ਰੇਡੀਓ ਦੀ ਪਛਾਣ ਸੀ ਅਤੇ ਸ਼ੌਕਤ ਆਜ਼ਮੀ ਨੂੰ ਜਿੰਨ੍ਹਾਂ ਸੁਣਿਆ ਹੋਵੇਗਾ ਵਿਵਿਧ ਭਾਰਤੀ ਬੰਬਈ (ਮੁੰਬਈ) ਤੋਂ।
***
ਰੇਡੀਓ ਜਲੰਧਰ ਵੱਲ ਹੀ ਆਉਂਦੀ ਹਾਂ ਦੋਬਾਰਾ ਮੈਂ। ਸੁਖਜਿੰਦਰ ਕੌਰ, ਜਿਹੜੇ ਬਾਅਦ ‘ਚ ਪ੍ਰੋਡਿਊਸਰ ਅਤੇ ਫ਼ੇਰ ਕੇਂਦਰ ਨਿਰਦੇਸ਼ਕ (ਦਿੱਲੀ ਡਾਇਰੈਕਟੋਰੇਟ ਤੋਂ ਉੱਚੇ ਅਹੁਦੇ ਤੋਂ ਰਿਟਾਇਰ ਹੋਏ, ਪਹਿਲਾਂ ਜਲੰਧਰ ਕਮਰਸ਼ਲ ਸਟੇਸ਼ਨ ‘ਤੇ ਐਨਾਊਂਸਰ ਹੀ ਤਾਂ ਸਨ, ਹਰਬੰਸ ਸਿੰਘ ਖੁਰਾਣਾ ਦੇ ਧਾਰਾਵਾਹਿਕ ਦੀ ਜਾਨੇਮਨ। ਸੱਚੀਓਂ, ਕੀ ਕੀ ਦੱਸਾਂ? ਕਿੰਨੇ ਸਾਰੇ ਲੋਕ, ਨਦੀਆਂ ਜਿਹੇ। ਦਰਿਆਵਾਂ ਜਿਹੇ। ਦਿਲ ਦਰਿਆ। ਕੋਮਲ ਹਿਰਦੇ ਕਲਾ ਨਾਲ ਭਰਪੂਰ। ਉਹ ਸਮੇਂ ਹੀ ਹੋਰ ਸਨ, ਦੋਸਤੋ। ਬੀਤ ਗਏ ਸਮੇਂ ਨੂੰ ਯਾਦ ਕਰ ਰਹੇ ਹਾਂ ਹੁਣ ਸੇਵਾਮੁਕਤ ਹੋ ਕੇ!