ਜਗਮੀਤ ਬਰਾੜ ਦੀ ਸਿਆਸੀ ਤ੍ਰਾਸਦੀ – 1

ਡਾਇਰੀ ਦਾ ਪੰਨਾ
ਨਿੰਦਰ ਘੁਗਿਆਣਵੀ
15 ਸਤੰਬਰ 2022 ਦੇ ਦਿਨ ਜਗਮੀਤ ਸਿੰਘ ਬਰਾੜ ਨੇ ਮਾਨਸੇ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਜੋ ਸਤਲੁਜ ਯਮਨਾ ਲਿੰਕ ਨਹਿਰ ਦੇ ਮੁੱਦੇ ‘ਤੇ ਸੀ। ਮੈਂ ਲਾਈਵ ਦੇਖ ਰਿਹਾ ਸਾਂ। ਜਿਸ ਢੰਗ ਨਾਲ ਬਰਾੜ ਇਸ ਅਹਿਮ ਅਤੇ ਗੰਭੀਰ ਮੁੱਦੇ ‘ਤੇ ਤੱਥ, ਹਵਾਲੇ, ਦਲੀਲਾਂ ਅਤੇ ਟਿੱਪਣੀਆਂ ਦੇ-ਦੇ ਕੇ ਬੋਲ ਰਿਹਾ ਸੀ, ਮੈਂ ਉਨ੍ਹਾਂ ਤੋਂ ਹੈਰਾਨ ਹੋ ਰਿਹਾ ਸਾਂ। ਮਨ ‘ਚ ਆਈ ਕਿ ਏਸ ਬੰਦੇ ਦਾ ਹਰੇਕ ਵਿਸ਼ੇ ਦੀ ਐਨ ਡੂੰਘਾਈ ਤੀਕ ਲੱਥ ਜਾਣ ਅਤੇ ਉਸ ਨੂੰ ਧੁਰ ਬਾਰੀਕੀ ਨਾਲ ਸਮਝਣ-ਜਾਣਨ ਦਾ ਜਨੂੰਨ ਵੀ ਸਿਰਾ ਹੀ ਹੈ। ਮੈਨੂੰ ਉਸ ‘ਤੇ ਤਰਸ ਵੀ ਆਇਆ, ਸੋ ਮੈਂ ਉਸ ਦੀ ਸਿਆਸੀ ਤ੍ਰਾਸਦੀ ਬਾਰੇ ਸੋਚਣ ਲੱਗਿਆ।
ਤਰਸ ਇਸ ਕਰਕੇ ਆਇਆ ਕਿ ਉਹ ਇੱਕ ਕਾਬਲ ਅਤੇ ਤਜਰਬੇਕਾਰ ਰਾਜਨੇਤਾ ਹੋਣ ਦੇ ਬਾਵਜੂਦ ਸਿਆਸੀ ਤੌਰ ‘ਤੇ ਹਾਲੇ ਕਿਸੇ ਤਣ-ਪੱਤਣ ਨਹੀਂ ਸੀ ਲੱਗਾ। ਇਸ ਬੰਦੇ ਨੂੰ ਹੁਣ ਤੀਕ ਤਾਂ ਸਿਆਸੀ ਤੌਰ ‘ਤੇ ਬਹੁਤ ਅੱਗੇ ਨਿੱਕਲ ਜਾਣਾ ਚਾਹੀਦਾ ਸੀ। ਇਹਦੇ ਤੋਂ ਬੜੇ ਜੂਨੀਅਰ, ਇਥੋਂ ਤੀਕ ਕਿ ਮਗਰੋਂ ਜੰਮੇ-ਜਾਏ ਵੀ ਬਥੇਰੇ ਅੱਗੇ ਲੰਘ ਗਏ ਨੇ। ਇਸ ਦੀ ਕਿਸੇ ਨਾਲ ਬਣੀ ਕਿਓਂ ਨਹੀਂ ਹੈ ਹੁਣ ਤੀਕ? ਕੀ ਇਸ ਦਾ ਸਾਂਚਾ ਹੀ ਇਸ ਕਿਸਮ ਦਾ ਹੈ ਕਿ ਉਹਦੇ ‘ਚ ਕੋਈ ਫ਼ਿੱਟ ਹੀ ਨਹੀਂ ਬਹਿੰਦਾ, ਜਾਂ ਫ਼ਿਰ ਦੂਸਰਿਆਂ ਸਭਨਾਂ ਦੇ ਸਾਂਚੇ ਈ ਐਸੇ ਨੇ ਕਿ ਇਹ ਉਨਾਂ ‘ਚ ਫ਼ਿੱਟ ਨਹੀ ਬਹਿੰਦਾ? ਪਲ ‘ਚ ਅੰਦਰ ਅਤੇ ਪਲ ‘ਚ ਬਾਹਰ! ਇਹੋ ਜਿਹੇ ਸਵਾਲ-ਜਵਾਬ ਮੈਂ ਆਪਣੇ ਆਪ ਨੂੰ ਹੀ ਕਰੀ ਜਾ ਰਿਹਾ ਸਾਂ। ਉਸ ਦੀ ਲਿਆਕਤ, ਇਮਾਨਦਾਰੀ ਅਤੇ ਹੁਸ਼ਿਆਰੀ ‘ਤੇ ਤਾਂ ਕਿਸੇ ਨੂੰ ਕੋਈ ਸ਼ੱਕ ਨਹੀਂ, ਹਾਲੇ ਤੀਕ ਤਾਂ ਉਹ ਦੁੱਧ ਧੋਤਾ ਹੈ, ਚਿੱਟੀ ਸਿਆਸੀ ਲੋਈ ਬੇਦਾਗ਼ ਹੈ ਉਸਦੀ। ਲੰਘ ਗਏ ਵੇਲੇ ਨੂੰ ਝੂਰਦਾ ਜਾਪਦਾ ਹੈ। ਇਕੱਲਾ ਬੈਠਾ ਕਈ ਕੁਝ ਸੋਚਦਾ ਹੋਣੈ ਆਪਣੇ ਬਾਬਤ, ਅਤੇ ਮਨਮੋਹਨ ਵਾਰਿਸ ਦਾ ਆਹ ਗੀਤ ਵੀ ਗੁਣਗੁਣਾਉਣ ਨੂੰ ਕਦੇ ਉਹਦਾ ਜੀਅ ਕਰਦਾ ਹੋਣੈ:
ਕਦੇ ਕੱਲੀ ਬਹਿਕੇ ਸੋਚੀਂ ਨੀਂ
ਅਸੀਂ ਕੀ ਨੀ ਕੀਤਾ ਤੇਰੇ ਲਈ …
ਉਹ ਬਥੇਰਿਆਂ ਲਈ ਸਮੇਂ-ਸਮੇਂ ‘ਤੇ ਬੜਾ ਕੁਝ ਕਰਦਾ ਰਿਹਾ ਹੈ, ਪਰ ਉਸ ਦੀ ਕਰਨੀ ਦਾ ਮੁੱਲ ਕਿਸੇ ਨਹੀਂ ਪਾਇਆ।
****
“ਇਸ ਕਾਂ ਨੂੰ ਮਾਰ ਕੇ ਟੰਗ ਦਿਓ, ਸਭ ਚੁੱਪ ਹੋ ਜਾਣਗੇ।” ਉਸ ਦੀ ਇਸ ਟਿੱਪਣੀ ‘ਤੇ ਬਥੇਰਾ ਰੌਲਾ ਪਿਆ। ਮੈਂ ਸੋਚ ਰਿਹਾ ਸਾਂ ਕਿ ਬਾਦਲ ਹੁਣ ਇਹਨੂੰ ਮੱਖਣੀ ਦੇ ਵਾਲ ਵਾਂਗ ਕੱਢ ਦੇਣਗੇ ਬਾਹਰ ਦਲ ‘ਚੋਂ! ਮਲੂਕੇ ਬਾਈ ਨੇ ਬੜੀਆਂ ਇੰਟਰਵਿਊਆਂ ਦਿੱਤੀਆਂ, ਕੱਢੋ ਕੱਢੋ ਕਰਦਾ ਰਿਹਾ ਅਤੇ ਕਹਿੰਦਾ, “ਸਾਡੇ ਪ੍ਰਧਾਨ ਜੀ ਦੀ ਸ਼ਾਨ ਖ਼ਿਲਾਫ਼ ਕੋਈ ਕੁਝ ਬੋਲੇ, ਅਸੀਂ ਭੋਰਾ ਨੀ ਸਹਿਣ ਕਰਨਾ।” ਇਕ ਪੱਤਰਕਾਰ ਮਿੱਤਰ ਮੈਨੂੰ ਦੱਸਦਾ ਸੀ ਕਿ ਬੀਬੀ ਬਾਦਲ ਬੜੀ ਔਖੀ ਐ ਜਗਮੀਤ ਦੀ ਇਸ ਟਿੱਪਣੀ ‘ਤੇ, ਬੀਬੀ ਜੀ ਨੇ ਮਲੂਕੇ ਨੂੰ ਕਿਹਾ ਐ ਕਿ ਇਹਨੂੰ ਛੇਤੀ ਦੇਣੇ ਬਾਹਰ ਕੱਢੋ, ਦੇਰ ਨਾ ਲਾਓ, ਕਿੰਨਾ ਪੁੱਠਾ ਬੋਲਿਐ।
ਫ਼ਿਰ ਉਹਨੇ ਇਕ ਹੋਰ ਪ੍ਰੈੱਸ ਕਾਨਫ਼ਰੰਸ ਕਰ ਲਈ। ਅਕਾਲੀ ਦਲ ਦੇ ਰਲੇਵੇਂ ਬਾਰੇ ਅਤੇ ਇੱਕੀ ਮੈਂਬਰੀ ਕਮੇਟੀ ਬਣਾਉਣ ਬਾਰੇ। ਅਕਾਲੀ ਦਲ ਦੇ ਬੁਲਾਰੇ ਡਾ. ਚੀਮਾ ਨੇ ਕਿਹਾ ਕਿ ਸਾਡਾ ਉਹਦੀ ਪ੍ਰੈੱਸ ਕਾਨਫ਼ਰੰਸ ਅਤੇ ਉਹਦੀਆਂ ਦਲੀਲਾਂ ਨਾਲ ਕੋਈ ਸਬੰਧ ਨਹੀਂ।
ਅਕਤੂਬਰ 2022,ਦੇ ਦਿਨ ਇਹ ਸਤਰਾਂ ਲਿਖਦੇ ਵੇਲੇ ਤੀਕ ਜਗਮੀਤ ਸਿੰਘ ਬਰਾੜ ਅਜੇ ਅਕਾਲੀ ਹੀ ਹੈ, ਅਤੇ ਅਗਲੇ ਦਿਨਾਂ ਦਾ ਪਤਾ ਕੁਛ ਨਹੀ ਕਿ ਕੀ ਹੋਣੈ ਕਿਉਂਕ ਹਾਲ ਦੀ ਘੜੀ ਅਕਾਲੀ ਦਲ ਨੇ ਉਸ ਨੂੰ ਪਾਰਟੀ ਵਿਰੋਧੀ ਬਿਆਨ ਦਾਗ਼ਣ ਕਾਰਣ ਕਾਰਨ ਦਸੋ ਨੋਟਿਸ ਕੱਢ ਦਿੱਤੈ।
ਕੱਲ੍ਹ ਸੁਭ੍ਹਾ ਨੂੰ ਯਾਰ ਪਤਾ ਨੀ ਕੀ ਹੋਣੈ … ਹਰਭਜਨ ਮਾਨ ਦਾ ਗੀਤ ਟਰੈਕਟਰ ਟਰਾਲੀ ‘ਤੇ ਗੂੰਜ ਰਿਹਾ ਸੀ। ਬੜੀ ਚੰਗੀ ਧੁਨੀ ਹੈ ਇਸ ਗੀਤ ਦੀ ਬੇਲੀਓ! ਪਰ ਜਗਮੀਤ ਸਿੰਘ ਬਰਾੜ ਦੀ ਸਿਆਸੀ ਧੁਨੀ ਦੀ ਭੋਰਾ ਸਮਝ ਨਹੀਂ ਆ ਰਹੀ।
***
ਜਗਮੀਤ ਸਿੰਘ ਬਰਾੜ ਨਾਲ ਮੇਰੀ ਬਹੁਤੀ ਨੇੜਤਾ ਚਾਹੇ ਨਹੀਂ ਪਰ ਜਿੰਨੀ ਕੁ ਹੈ, ਉਹ ਗੂੜ ਭਰੀ ਰਹੀ ਹੈ। ਉਹ ਕੌਮੀ ਪੱਧਰ ਦਾ ਨੇਤਾ ਹੈ, ਇਸ ਕਰ ਕੇ ਕਿਉਂਕ ਉਹ MP ਬਣਿਆ ਸੀ। ਕਾਂਗਰਸ ਦਾ ਪੰਜਾਬੋਂ ਬਾਹਰ ਦਾ ਇੰਚਾਰਜ ਰਿਹਾ ਹੈ। ਉਸ ਦੀ ਧਾਂਕ ਦਿੱਲੀਓਂ ਦੂਰ ਪਰੇ ਵੀ ਪੈਂਦੀ ਰਹੀ ਹੈ। ਜਦ ਉਹਨੇ ਹਰਚਰਨ ਸਿੰਘ ਬਰਾੜ ਦੀ ਬੇਟੀ ਬਬਲੀ ਬਰਾੜ ਨੂੰ ਹਰਾਇਆ ਸੀ, ਸੁਖਬੀਰ ਬਾਦਲ ਨੂੰ ਹਰਾਇਆ, ਓਦੋਂ ਮੈਂ ਕਾਫ਼ੀ ਨਿੱਕਾ ਸੀ। ਜਗਮੀਤ ਬਰਾੜ ਨੇ MP ਬਣ ਕੇ ਜਦੋਂ ਪਾਰਲੀਮੈਂਟ ‘ਚ ਪੰਜਾਬ ਦੇ ਮੁੱਦੇ ਚੁੱਕੇ ਅਤੇ ਨਾਲ ਹੀ ਆਪਣੀ ਉਂਗਲ ਚੁੱਕੀ ਤਾਂ ਉਹਦੀ ਚਰਚਾ ਗਲੀ-ਗਲੀ ਅਤੇ ਘਰ-ਘਰ ਫ਼ੈਲ ਗਈ। ਉਹਦੇ ਉਸ ਭਾਸ਼ਣ ਦੀ ਟੇਪ ਆਡੀਓ ਟਰੈਕਟਾਂ ‘ਤੇ ਵੱਜਣ ਲੱਗੀ।
ਉਹਦੇ ਗਲੇ ਦੀ ਗਰਾਰੀ ਅਤੇ ਜੋਸ਼ੀਲੇ ਭਾਸ਼ਣ ਨੇ ਲੋਕ ਸਭਾ ਦੇ ਸਪੀਕਰ ਸਣੇ ਵਿਰੋਧੀ ਧਿਰਾਂ ਨੂੰ ਪਰੇਸ਼ਾਨ ਅਤੇ ਹੈਰਾਨ ਕਰ ਦਿੱਤਾ। ਲੋਕ ਹਰ ਥਾਂ ਉਹਦਾ ਭਾਸ਼ਣ ਸੁਣਨ ਨੂੰ ਉਤਾਵਲੇ ਹੋਣ ਲੱਗੇ। ਭਾਸ਼ਣ ਕਰਦਿਆਂ ਦਿੱਤੀਆਂ ਦਲੀਲਾਂ ਅਤੇ ਅਪੀਲਾਂ ਕਮਾਲ ਦੀਆਂ ਹੁੰਦੀਆਂ। ਉਹਨੂੰ ਆਵਾਜ਼ -ਏ- ਪੰਜਾਬ ਆਖਣ ਲੱਗੇ ਲੋਕ। ਕਾਂਗਰਸ ਦੀ ਹਾਈ ਕਮਾਂਡ ਬਾਗੋ-ਬਾਗ ਹੋ ਗਈ ਕਿ ਬਰਾੜ ਖ਼ੂਬ ਗਰਜ ਰਿਹਾ ਹੈ। ਉਹ ਗੋਆ ਕਾਂਗਰਸ ਦੇ ਅਤੇ ਦਮਨ, ਦਾਦਰ ਦਿਊ ਦੇ ਇੰਚਾਰਜ ਵੀ ਬਣਾਇਆ ਗਿਆ ਅਤੇ ਫ਼ਿਰ ਇਕ ਦਿਨ ਬਰਾੜ ਐੱਨ. ਡੀ. ਤਿਵਾੜੀ (ਕਾਂਗਰਸ) ‘ਚ ਚਲਾ ਜਾਂਦਾ ਹੈ ਅਤੇ ਤਿਵਾੜੀ ਕਾਂਗਰਸ ਤਰਫ਼ੋਂ ਪੰਜਾਬ ‘ਚ MP ਦੀ ਚੋਣ ਲੜਦਾ ਹੈ। ਹਰਦਾ ਹੈ। ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਵੀ ਨੇਤਾ ਬਣਾਉਣਾ ਚਾਹੁੰਦਾ ਹੈ ਅਤੇ ਉਹਦੇ ਜੱਦੀ ਜ਼ਿਲ੍ਹੇ ਬਠਿੰਡੇ ਤੋਂ ਟਿਕਟ ਦੇ ਕੇ ਚੋਣ ਲੜਾਉਂਦਾ ਹੈ। ਮਾਣਕ ਹਾਰ ਜਾਂਦਾ ਹੈ। ਠੰਢੇ ਹੌਕੇ ਭਰਦਾ ਹੈ, ਅਤੇ ਉਹ ਜਗਮੀਤ ਤੋਂ ਕਿਨਾਰਾ ਕਰ ਲੈਂਦਾ ਹੈ।
***
ਸ਼੍ਰੋਮਣੀ ਗੁਰਦਵਾਰਾ ਕਮੇਟੀ ਦੀਆਂ ਚੋਣਾ ਆਈਆਂ। ਬਾਬਾ ਫ਼ਰੀਦ ਟਿੱਲੇ ਵਾਲਾ ਬਾਬਾ ਬੋਹੜ ਇੰਦਰਜੀਤ ਸਿੰਘ (ਖ਼ਾਲਸਾ) ਸੇਖੋਂ ਇਹ ਚੋਣ ਲੜਦਾ ਹੈ ਅਤੇ ਜਗਮੀਤ ਸਿੰਘ ਬਰਾੜ ਇਹਦੇ ‘ਚ ਚੋਣ ਪ੍ਰਚਾਰ ਲਈ ਪਿੰਡਾਂ ਵਿਚ ਨਿਕਲਦਾ ਹੈ। ਸੇਖੋਂ ਹਰਦਾ ਹੈ। ਅਕਾਲੀ ਮਹਿੰਦਰ ਸਿੰਘ ਰੋਮਾਣਾ ਜਿਤਦਾ ਹੈ। ਓਦੋਂ ਇਹ ਸਾਡੇ ਪਿੰਡ ਵੀ ਆਇਆ ਐਡਵੋਕੇਟ ਸੁਰਿੰਦਰ ਇਕਬਾਲ ਸਿੰਘ ਬਰਾੜ (ਪਾਲੀ) ਉਸ ਨਾਲ ਮੈਨੂੰ ਮਿਲਵਾਉਂਦਾ ਹੈ। ਮੇਰੀ ਕਿਤਾਬ ਗੀਤਕਾਰ ਗੁਰਚਰਨ ਵਿਰਕ ਬਾਰੇ ਆਈ ਨੂੰ ਦੋ ਦਿਨ ਹੀ ਹੋਏ ਸਨ। ਮੈਂ ਕਾਰ ‘ਚ ਬੈਠਣ ਲੱਗੇ ਨੂੰ ਕਿਤਾਬ ਭੇਂਟ ਕਰਦਾ ਹਾਂ। ਉਹ ਮੱਥੇ ਨਾਲ ਕਿਤਾਬ ਛੁਹਾਉਂਦਾ ਹੈ ਕਿਤਾਬ ਝੋਲੀ ‘ਚ ਰੱਖ ਕੇ ਮੇਰੇ ਦੋਵੇਂ ਹੱਥ ਘੁੱਟ ਕੇ ਧੰਨਵਾਦ ਕਰਦਿਆਂ ਡਰਾਈਵਰ ਨੂੰ ਕਾਰ ਤੋਰਨ ਲਈ ਕਹਿੰਦਾ ਹੈ।
***
ਬਾਦਲਾਂ ਨੂੰ ਵਾਹਣੀ ਪਾਉਣ ਮਗਰੋਂ ਜਗਮੀਤ ਸਿੰਘ ਬਰਾੜ ਕੈਪਟਨ ਅਮਰਿੰਦਰ ਸਿੰਘ ਨੂੰ ਚੰਗਾ ਧੱਸਦਾ ਹੈ। ਭੱਠਲ ਨੂੰ ਵੀ ਭੈਣ ਭੈਣ ਕਹਿੰਦਿਆਂ ਭਜਾਉਂਦਾ ਹੈ, ਪਰ ਉਹ ਵੀ ਅੱਗੋਂ ਡਟੀ ਹੋਈ ਹੈ। ਹੌਲੀ ਹੌਲੀ ਜਗਮੀਤ ਲੜਾਕੇ ਲੀਡਰ ਵਜੋਂ ਮਸ਼ਹੂਰ ਹੋ ਜਾਂਦਾ ਹੈ। ਬਾਦਲਾਂ ਨੂੰ ਜਿੰਨਾ ਆੜ੍ਹੇ ਹੱਥੀਂ ਉਸ ਨੇ ਲਿਆ, ਸ਼ਰੇਆਮ ਭੰਡਿਆ ਅਤੇ ਉਨਾਂ ਦੀ ਥਾਂ ਥਾਂ ਛੋਤ ਲਾਹੀ, ਓਨਾ ਸ਼ਾਇਦ ਕੋਈ ਹੋਰ ਨਹੀਂ ਸੀ ਕਰ ਸਕਦਾ। ਸੁਖਬੀਰ ਬਾਦਲ ਨੇ ਚੰਗੀ ਤਰਾਂ ਖਿਝ ਕੇ ਉਹਦਾ ਨਾਂ ਗੱਪੀ ਰੱਖ ਦਿੱਤਾ। ਸਿਆਸਤ ‘ਚ ਘੜਮੱਸ ਹੈ। ਘਮਾਸਾਨ ਹੈ। ਘੈਂਸ ਘੈਂਸ ਹੈ। ਧੱਕਾ ਮੁੱਕੀ ਹੈ। ਪੈਰ ਪੈਰ ‘ਤੇ ਠਿੱਬੀ ਹੈ। ਹਰੇਕ ਨੇਤਾ ਦੀਆਂ ਵੱਡਿਆਂ ਸਿਆਸੀ ਗਲਿਆਰਿਆਂ ਦੁਆਲੇ ਗੇੜੇ ਕੱਢ ਕੱਢ ਜੁੱਤੀਆਂ ਚਿੱਬੀਆਂ ਹੋਈਆਂ ਪਈਆਂ ਨੇ।
ਹਰਚਰਨ ਸਿੰਘ ਬਰਾੜ ਕਿਆਂ ਨਾਲ ਵੀ ਦਾਲ ਨੀ ਗਲੀ ਜਗਮੀਤ ਦੀ ਕਦੇ ਵੀ। ਸਾਰੇ ਸਿਆਸੀ ਉੱਚ ਘਰਾਣੇ ਉਹਦੇ ‘ਤੇ ਦੰਦ ਪੀਂਹਦੇ ਨੇ। ਅਵਤਾਰ ਸਿੰਘ ਬਰਾੜ ਵੀ ਖਾਸਾ ਔਖਾ ਸੀ ਇਹਦੇ ‘ਤੇ। ਜਗਮੀਤ ਕਾਂਗਰਸ ਚੋਂ ਕਈ ਵਾਰ ਮੁਅੱਤਲ ਹੋਇਆ, ਕਈ ਵਾਰ ਬਹਾਲ ਹੋਇਆ। ਜਦ ਜਗਮੀਤ ਨੂੰ ਲੱਗਦਾ ਹੈ ਕਿ ਮੇਰੇ ਨਾਲ ਕੋਈ ਚੱਲਣਾ ਹੀ ਨਹੀਂ ਚਾਹੁੰਦਾ ਤਾਂ ਉਹ ਚੁੱਪੀ ਧਾਰਨ ਕਰ ਲੈਂਦਾ ਹੈ। ਘਰ ਬਹਿ ਜਾਂਦਾ ਹੈ। ਪਰ ਸਿਆਸੀ ਖੁਰਕ ਕਿਸੇ ਨੂੰ ਪੈ ਨਾ ਜਾਵਾ ਤਾਂ ਉਹਨੂੰ ਫ਼ਿਰ ਖੁਰਕ ਉਠਦੀ ਹੈ ਅਤੇ ਕੈਪਟਨ ਨਾਲ ਫ਼ਿਰ ਦੂਰੋ-ਦੂਰ ਹੁੰਦਾ ਹੈ ਅਤੇ ਫ਼ਿਰ ਹੌਲੀ-ਹੌਲੀ ਉਹਦੇ ਲਾਗੇ-ਲਾਗੇ ਆਉਣ ਦੇ ਯਤਨ ਕਰਦਾ ਹੈ। ਕੈਪਟਨ ਦੇ ਫ਼ੋਨ ‘ਤੇ ਮੈਸੇਜ ਲਿਖਦਾ ਹੈ, ਜੋ ਕੈਪਟਨ ਪਰੈਸ ਨੂੰ ਵਿਖਾਉਂਦਾ ਹੈ। ਬੜਾ ਕੁਛ ਹੁੰਦਾ ਹੈ ਅਤੇ ਆਖਿਰ ਇਕ ਦਿਨ ਉਹ ਸਿਆਸੀ ਮੌਤ ਮਰਦਾ ਹੈ ਅਕਾਲੀ ਦਲ ਵਿੱਚ ਰਲਕੇ।
ਰਾਮੂਵਾਲੀਏ, ਅਵਤਾਰ ਬਰਾੜ ਅਤੇ ਬੀਰਦਵਿੰਦਰ ਵਾਂਗ ਜਵਾਂ ਹੀ ਅਪੂੰਝਿਆਂ ਜਾਂਦਾ ਹੈ। ਬਾਦਲਾਂ ਦੇ ਸਾਰੇ ਟੱਬਰ-ਟੀਰ ਨੂੰ ਆਪਣੇ ਘਰੇ ਸੱਦਦਾ ਹੈ ਅਤੇ ਕਾਂਗਰਸੀ ਤੋਂ ਅਕਾਲੀ ਹੋ ਜਾਂਦਾ ਹੈ। ਵੱਡਾ ਬਾਦਲ ਕਹਿੰਦਾ ਹੈ ਕਿ ਮੇਰੇ ਪਿਆਰੇ ਤੇ ਪੁਰਾਣੇ ਸਾਥੀ ਸਰਦਾਰ ਗੁਰਮੀਤ ਸਿੰਘ ਬਰਾੜ ਦਾ ਹੋਣਹਾਰ ਪੁੱਤਰ ਅੱਜ ਆਪਣੀ ਪਿੱਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ‘ਚ ਆਇਆ ਹੈ ਅਤੇ ਹੁਣ ਅਸੀਂ ਵਿਰੋਧੀਆਂ ਨਾਲ ਤਕੜੇ ਹੋਕੇ ਲੜਾਂਗੇ, ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ। ਬਾਦਲ ਦਾ ਇਹ ਭਾਸ਼ਣ ਸੁਣਦਿਆਂ ਕਈਆਂ ਨੂੰ ਸ਼ਰਾਰਤੀ ਹਾਸਾ ਆਉਂਦਾ ਹੈ। ਸਾਹਮਣੇ ਬੈਠੇ ਜਗਮੀਤ ਦੇ ਚਹੇਤੇ-ਪਾਛੂ ਨਾਅਰੇ ਗੂੰਜਦੇ ਹਨ, “ਸਰਦਾਰ ਪ੍ਰਕਾਸ਼ ਸਿੰਘ ਬਾਦਲ ਜ਼ਿੰਦਾਬਾਦ, ਸਰਦਾਰ ਜਗਮੀਤ ਸਿੰਘ ਬਰਾੜ ਜ਼ਿੰਦਾਬਾਦ, ਅਕਾਲੀ ਦਲ ਅਮਰ ਰਹੇ, ਅਕਾਲੀ ਦਲ ਅਮਰ ਰਹੇ।” ਕੋਲ ਬੈਠਾ ਮਜੀਠੀਆ ਭਾਜੀ ਵੀ ਮੰਦ-ਮੰਦ ਮੁਸਕਾਉਂਦਾ ਹੈ। ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਜੀ ਦੇ ਜ਼ਿੰਦਾਬਾਦ ਦੇ ਨਾਅਰੇ ਗੂੰਜਦੇ ਨੇ ਤਾਂ ਪਤੀ-ਪਤਨੀ ਦੇ ਚਿਹਰੇ ‘ਤੇ ਲਾਲੀ ਆ ਜਾਂਦੀ ਹੈ। ਕਿਆ ਅਜਬ ਸਿਆਸੀ ਨਜ਼ਾਰਾ ਹੈ। ਮੈਂ ਰੰਗੀਨ TV ‘ਤੇ ਦੇਖ ਰਿਹਾਂ ਇਹ ਸਿਆਸੀ ਰੌਣਕਾਂ। TV ਬੰਦ ਕਰਦਿਆਂ ਮੇਰੇ ਮੂੰਹੋ ਆਪ ਮੁਹਾਰੇ ਨਿਕਲਦਾ ਹੈ ਕਿ ਬਾਈ ਜਗਮੀਤ ਸਿਆਂ, ਪੈ ਗਿਆ ਅੱਜ ਤੇਰਾ ਵੀ ਸਿਆਸੀ ਭੋਗ।
(ਬਾਕੀ ਅਗਲੇ ਹਫ਼ਤੇ)