ਨੈਸ਼ਨਲ ਡੈਸਕ : ਤਾਮਿਲਨਾਡੂ ਵਿਚ ਮੁੱਖ ਮੰਤਰੀ ਵਿਜੇ ਦੀ ਅਗਵਾਈ ਵਾਲੀ ਨਵੀਂ ਟੀਵੀਕੇ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਜੜ੍ਹੋ ਪੁੱਟਣ ਲਈ ਇਕ ਅਹਿਮ ਫੈਸਲਾ ਲਿਆ ਹੈ। ਸਰਕਾਰੀ ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਅਤੇ ਇਮਾਨਦਾਰੀ ਲਿਆਉਣ ਦੇ ਮਕਸਦ ਨਾਲ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਵਿਭਾਗ ਨੂੰ ਮਜ਼ਬੂਤ ਕਰਦਿਆਂ ਇੱਕ ਨਵੀਂ ‘ਪ੍ਰੋਤਸਾਹਨ ਯੋਜਨਾ’ ਦਾ ਅਧਿਕਾਰਤ ਐਲਾਨ ਕੀਤਾ ਹੈ। ਸਰਕਾਰ ਵੱਲੋਂ ਜਾਰੀ ਕੀਤੀ ਗਈ ਅਹਿਮ ਨੀਤੀ ਤਹਿਤ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਕਿਸੇ ਕੰਮ ਬਦਲੇ ਰਿਸ਼ਵਤ ਮੰਗਦਾ ਹੈ—ਭਾਵੇਂ ਉਹ ਰਾਸ਼ੀ 1000 ਰੁਪਏ ਹੀ ਕਿਉਂ ਨਾ ਹੋਵੇ ਤਾਂ ਬਿਨਾਂ ਕਿਸੇ ਡਰ ਦੇ ਸਬੂਤਾਂ ਸਮੇਤ ਉਸ ਦੀ ਸ਼ਿਕਾਇਤ ਦਰਜ ਕਰਵਾਈ ਜਾਵੇ।
1000 ਰੁਪਏ ਦੀ ਰਿਸ਼ਵਤ ‘ਤੇ 1 ਲੱਖ ਦਾ ਨਕਦ ਇਨਾਮ
ਰਿਸ਼ਵਤਖੋਰਾਂ ਖ਼ਿਲਾਫ਼ ਪੁਖ਼ਤਾ ਸਬੂਤਾਂ ਦੇ ਨਾਲ ਸ਼ਿਕਾਇਤ ਕਰਨ ਵਾਲੇ ਨਾਗਰਿਕ ਨੂੰ ਸਰਕਾਰ ਵੱਲੋਂ 1,00,000 (1 ਲੱਖ) ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਸਰਕਾਰੀ ਦਫ਼ਤਰਾਂ ਤੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਜਨਤਾ ਨੂੰ ਸਰਗਰਮੀ ਨਾਲ ਸ਼ਾਮਲ ਕਰਨ ਦੇ ਉਦੇਸ਼ ਨਾਲ ਲਿਆ ਗਿਆ ਇਹ ਫੈਸਲਾ ਇਸ ਸਮੇਂ ਦੇਸ਼ ਭਰ ਵਿੱਚ ਗਰਮਾ-ਗਰਮ ਬਹਿਸ ਦਾ ਵਿਸ਼ਾ ਬਣ ਗਿਆ ਹੈ। ਮੁੱਖ ਮੰਤਰੀ ਵਿਜੇ ਨਾ ਸਿਰਫ਼ ਰਾਜ ਦੇ ਅੰਦਰ ਭ੍ਰਿਸ਼ਟਾਚਾਰ ਵਿਰੁੱਧ, ਸਗੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵੀ ਸਖ਼ਤ ਕਾਰਵਾਈ ਕਰ ਰਹੇ ਹਨ।
ਸ਼ਿਕਾਇਤ ਲਈ 24 ਘੰਟੇ ਚੱਲਣ ਵਾਲਾ ਟੋਲ-ਫ੍ਰੀ ਨੰਬਰ ਜਾਰੀ
ਆਮ ਲੋਕਾਂ ਲਈ ਇਸ ਪ੍ਰਕਿਰਿਆ ਨੂੰ ਬੇਹੱਦ ਆਸਾਨ ਬਣਾਉਣ ਲਈ ਮੁੱਖ ਮੰਤਰੀ ਵਿਜੇ ਦੀ ਸਰਕਾਰ ਨੇ ਇੱਕ ਵਿਸ਼ੇਸ਼ ਹੈਲਪਲਾਈਨ ਨੰਬਰ 1800 425 1555 ਵੀ ਜਾਰੀ ਕੀਤਾ ਹੈ। ਇਹ ਸਮਰਪਿਤ (Dedicated) ਹੈਲਪਲਾਈਨ ਨੰਬਰ 24 ਘੰਟੇ ਕੰਮ ਕਰੇਗਾ, ਜਿਸ ‘ਤੇ ਦੇਸ਼ ਦਾ ਕੋਈ ਵੀ ਨਾਗਰਿਕ ਰਿਸ਼ਵਤਖੋਰੀ ਖ਼ਿਲਾਫ਼ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।















