ਨਵੀਂ ਦਿੱਲੀ: ਈ-ਫਾਰਮੇਸੀ ਪਲੇਟਫਾਰਮਾਂ ਦੁਆਰਾ ਦਵਾਈਆਂ ਦੀ ਆਨਲਾਈਨ ਵਿਕਰੀ ਅਤੇ ਭਾਰੀ ਡਿਸਕਾਊਂਟ ਦੇ ਵਿਰੋਧ ਵਿੱਚ ਅੱਜ ‘ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟਸ ਐਂਡ ਡਰੱਗਿਸਟਸ’ (AIOCD) ਦੇ ਸੱਦੇ ‘ਤੇ 24 ਘੰਟੇ ਦੀ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ। ਸੰਗਠਨ ਦੇ ਦਾਅਵੇ ਮੁਤਾਬਕ ਅੱਜ ਬੁੱਧਵਾਰ ਸਵੇਰ ਤੋਂ ਸ਼ੁਰੂ ਹੋਈ ਇਹ ਹੜਤਾਲ ਰਾਤ 12 ਵਜੇ ਤੱਕ ਜਾਰੀ ਰਹੇਗੀ, ਜਿਸ ਦੇ ਤਹਿਤ ਦੇਸ਼ ਭਰ ਦੇ ਲਗਭਗ 15 ਲੱਖ ਤੋਂ ਵੱਧ ਰਿਟੇਲ ਅਤੇ ਹੋਲਸੇਲ ਕੈਮਿਸਟ ਆਪਣੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰੱਖ ਰਹੇ ਹਨ। ਹੜਤਾਲ ਕਾਰਨ ਆਮ ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਦਵਾਈਆਂ ਦੀਆਂ ਦੁਕਾਨਾਂ ਬੰਦ ਰਹਿਣ ਕਾਰਨ ਸਵੇਰ ਤੋਂ ਹੀ ਮਰੀਜ਼ਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਉਂ ਹੋ ਰਹੀ ਹੜਤਾਲ?
AIOCD ਦੇ ਰਾਸ਼ਟਰੀ ਪ੍ਰਧਾਨ ਜੇ. ਐੱਸ. ਸ਼ਿੰਦੇ ਅਤੇ ਜਨਰਲ ਸਕੱਤਰ ਰਾਜੀਵ ਸਿੰਘਲ ਅਨੁਸਾਰ, ਸਰਕਾਰ ਦੀਆਂ ਮੌਜੂਦਾ ਨੀਤੀਆਂ ਰਵਾਇਤੀ ਦਵਾਈ ਵਪਾਰੀਆਂ ਦੇ ਹਿੱਤਾਂ ਨੂੰ ਵੱਡੀ ਸੱਟ ਮਾਰ ਰਹੀਆਂ ਹਨ। ਐਸੋਸੀਏਸ਼ਨ ਦੇ ਮੁੱਖ ਇਤਰਾਜ਼ ਹੇਠ ਲਿਖੇ ਅਨੁਸਾਰ ਹਨ:
ਕਾਰੋਬਾਰ ‘ਤੇ ਅਸਰ: ਵੱਡੇ ਕਾਰਪੋਰੇਟ ਘਰਾਣੇ ਅਤੇ ਆਨਲਾਈਨ ਕੰਪਨੀਆਂ ਨਿਯਮਾਂ ਨੂੰ ਛਿੱਕੇ ਟੰਗ ਕੇ ਭਾਰੀ ਡਿਸਕਾਊਂਟ ‘ਤੇ ਦਵਾਈਆਂ ਵੇਚ ਰਹੀਆਂ ਹਨ, ਜਿਸ ਕਾਰਨ ਰਵਾਇਤੀ ਮੈਡੀਕਲ ਸਟੋਰਾਂ ਦਾ ਧੰਦਾ ਚੌਪਟ ਹੋਣ ਦੀ ਕਗਾਰ ‘ਤੇ ਪਹੁੰਚ ਗਿਆ ਹੈ।
ਮਰੀਜ਼ਾਂ ਦੀ ਸੁਰੱਖਿਆ ਨੂੰ ਖ਼ਤਰਾ: ਆਨਲਾਈਨ ਪਲੇਟਫਾਰਮਾਂ ‘ਤੇ ਬਿਨਾਂ ਕਿਸੇ ਵੈਧ ਡਾਕਟਰੀ ਪਰਚੀ (Prescription) ਦੇ ਵੀ ਨਸ਼ੀਲੀਆਂ ਅਤੇ ਗੰਭੀਰ ਮਾਨਸਿਕ ਰੋਗਾਂ ਨਾਲ ਸਬੰਧਤ ਦਵਾਈਆਂ ਦੀ ਹੋਮ ਡਿਲੀਵਰੀ ਕੀਤੀ ਜਾ ਰਹੀ ਹੈ। ਇਸ ਨਾਲ ਨੌਜਵਾਨ ਪੀੜ੍ਹੀ ਵਿੱਚ ਨਸ਼ੇ ਦੀ ਪ੍ਰਵਿਰਤੀ ਵਧਣ ਦਾ ਖ਼ਤਰਾ ਹੈ।
ਸਰਕਾਰ ਦੀ ਬੇਰੁਖ਼ੀ: ਐਸੋਸੀਏਸ਼ਨ ਦਾ ਦੋਸ਼ ਹੈ ਕਿ ਸਰਕਾਰ ਨੂੰ ਵਾਰ-ਵਾਰ ਚੇਤਾਵਨੀ ਦੇਣ ਦੇ ਬਾਵਜੂਦ ਈ-ਫਾਰਮੇਸੀਆਂ ਖ਼ਿਲਾਫ਼ ਕੋਈ ਠੋਸ ਦੰਡਾਤਮਕ ਕਾਰਵਾਈ ਨਹੀਂ ਕੀਤੀ ਜਾ ਰਹੀ।
ਮੁੱਖ ਮੰਗਾਂ
ਕੈਮਿਸਟ ਐਸੋਸੀਏਸ਼ਨ ਨੇ ਸਰਕਾਰ ਅੱਗੇ ਆਪਣੀਆਂ ਪ੍ਰਮੁੱਖ ਮੰਗਾਂ ਰੱਖੀਆਂ ਹਨ, ਜਿਨ੍ਹਾਂ ਵਿੱਚ ਸਭ ਤੋਂ ਅਹਿਮ ਹੈ:
GSR 817 ਨੋਟੀਫਿਕੇਸ਼ਨ ਨੂੰ ਰੱਦ ਕਰਨਾ: ਸਰਕਾਰ ਵੱਲੋਂ ਆਨਲਾਈਨ ਦਵਾਈਆਂ ਦੀ ਵਿਕਰੀ ਨੂੰ ਲੈ ਕੇ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਸੰਖਿਆ GSR 817 ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਇਸ ਸਬੰਧੀ ਨਵੇਂ ਸਿਰੇ ਤੋਂ ਨਿਯਮ ਤੇ ਢਾਂਚਾ ਤਿਆਰ ਕੀਤਾ ਜਾਵੇ।
ਮਰੀਜ਼ਾਂ ਲਈ ਰਾਹਤ: ਹਸਪਤਾਲਾਂ ਦੇ ਅੰਦਰਲੇ ਮੈਡੀਕਲ ਸਟੋਰ ਖੁੱਲ੍ਹੇ
ਆਮ ਜਨਤਾ ਅਤੇ ਗੰਭੀਰ ਮਰੀਜ਼ਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਐਸੋਸੀਏਸ਼ਨ ਵੱਲੋਂ ਹੜਤਾਲ ਦੌਰਾਨ ਕੁਝ ਖਾਸ ਰਿਆਇਤਾਂ ਦਿੱਤੀਆਂ ਗਈਆਂ ਹਨ, ਤਾਂ ਜੋ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਨਾ ਹੋਣ। ਦੇਸ਼ ਭਰ ਦੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਅੰਦਰ ਸਥਿਤ ਮੈਡੀਕਲ ਸਟੋਰਾਂ ਨੂੰ ਇਸ ਹੜਤਾਲ ਤੋਂ ਪੂਰੀ ਤਰ੍ਹਾਂ ਬਾਹਰ ਰੱਖਿਆ ਗਿਆ ਹੈ। 24 ਘੰਟੇ ਐਮਰਜੈਂਸੀ ਸੇਵਾਵਾਂ ਦੇਣ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਗਈਆਂ ਹਨ, ਤਾਂ ਜੋ ਮਰੀਜ਼ਾਂ ਨੂੰ ਵੈਂਟੀਲੇਟਰ, ਆਕਸੀਜਨ ਜਾਂ ਹੋਰ ਜੀਵਨ ਰੱਖਿਅਕ ਦਵਾਈਆਂ ਲਈ ਭਟਕਣਾ ਨਾ ਪਵੇ।















