PM ਮੋਦੀ ਮਹਾਤਮਾ ਗਾਂਧੀ ਦੀ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਸਦੀਵੀ ਸੰਦੇਸ਼ ਸਾਨੂੰ ਇਕ ਬਿਹਤਰ ਸਮਾਜ ਅਤੇ ਇਕ ਵਿਕਸਤ ਭਾਰਤ ਵੱਲ ਮਾਰਗਦਰਸ਼ਨ ਕਰਦਾ ਰਹੇਗਾ। ਉੱਥੇ ਹੀ ਉਨ੍ਹਾਂ ਨੇ ਰਾਜਘਾਟ ਪਹੁੰਚ ਕੇ ਬਾਪੂ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਪੀਐੱਮ ਮੋਦੀ ਨੇ ਕਿਹਾ ਕਿ ਬਾਪੂ ਦਾ ਪੂਰਾ ਜੀਵਨ ਸੱਚਾਈ, ਅਹਿੰਸਾ, ਦਇਆ ਅਤੇ ਸੇਵਾ ਦੀ ਇਕ ਉਦਾਹਰਣ ਸੀ, ਜੋ ਹਰ ਯੁੱਗ ‘ਚ ਮਨੁੱਖਤਾ ਦਾ ਮਾਰਗਦਰਸ਼ਨ ਕਰਦਾ ਰਹੇਗਾ।
ਪੀਐੱਮ ਮੋਦੀ ਨੇ ‘X’ ‘ਤੇ ਇਕ ਪੋਸਟ ‘ਚ ਕਿਹਾ,”ਬਾਪੂ ਦਾ ਸਦੀਵੀ ਸੰਦੇਸ਼ ਸਾਨੂੰ ਇਕ ਬਿਹਤਰ ਸਮਾਜ ਅਤੇ ਇਕ ਵਿਕਸਿਤ ਭਾਰਤ ਵੱਲ ਮਾਰਗਦਰਸ਼ਨ ਕਰਦਾ ਰਹੇਗਾ।” ਇਕ ਵੀਡੀਓ ਸੰਦੇਸ਼ ‘ਚ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਹਰ ਕੋਈ ਦੇਸ਼ ਲਈ ਇਸ ਦਿਨ ਦੀ ਮਹੱਤਤਾ ਤੋਂ ਜਾਣੂ ਹੈ। ਪੀਐੱਮ ਮੋਦੀ ਨੇ ਕਿਹਾ, “ਬਾਪੂ ਦੀ ਵਿਚਾਰਧਾਰਾ ਨੇ ਪੂਰੀ ਦੁਨੀਆ ਨੂੰ ਪ੍ਰੇਰਿਤ ਕੀਤਾ ਹੈ। ਮਹਾਤਮਾ ਗਾਂਧੀ ਇਕ ਅਜਿਹੀ ਸ਼ਖਸੀਅਤ ਹੈ ਜੋ ਸੱਤਾ ਤੋਂ ਦੂਰ ਹੋਣ ਦੇ ਬਾਵਜੂਦ, ਲੱਖਾਂ ਲੋਕਾਂ ਦੇ ਦਿਲਾਂ ‘ਚ ਰਹਿੰਦੀ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਆਉਣ ਵਾਲੇ ਸਾਲਾਂ ‘ਚ ਮਨੁੱਖਤਾ ਦਾ ਮਾਰਗਦਰਸ਼ਨ ਕਰਦੀ ਰਹੇਗੀ ਅਤੇ ਪ੍ਰੇਰਨਾ ਦਿੰਦੀ ਰਹੇਗੀ। ਉਨ੍ਹਾਂ ਕਿਹਾ,”ਮਹਾਤਮਾ ਗਾਂਧੀ ਨੇ ਹਮੇਸ਼ਾ ਸਾਰਿਆਂ ਨੂੰ ‘ਸਵਦੇਸ਼ੀ’ ਅਪਣਾਉਣ ਲਈ ਉਤਸ਼ਾਹਿਤ ਕੀਤਾ। ਇਸ ਪ੍ਰਕਿਰਿਆ ‘ਚ ਖਾਦੀ ਹਮੇਸ਼ਾ ਇਕ ਤਰਜੀਹ ਰਹੀ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ 2 ਅਕਤੂਬਰ ਨੂੰ ਘੱਟੋ-ਘੱਟ ਇਕ ਖਾਦੀ ਉਤਪਾਦ ਖਰੀਦੋ ਅਤੇ ਮਾਣ ਨਾਲ ਕਹੋ ਕਿ ਇਹ ‘ਸਵਦੇਸ਼ੀ’ ਹੈ। ਗਾਂਧੀ ਦਾ ਜਨਮ 2 ਅਕਤੂਬਰ, 1869 ਨੂੰ ਪੋਰਬੰਦਰ ‘ਚ ਹੋਇਆ ਅਤੇ 30 ਜਨਵਰੀ 1948 ਨੂੰ ਦਿੱਲੀ ‘ਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।