ਯਾਦਾਂ ਦਾ ਝਰੋਖਾ – 22

ਮੇਰੇ ਸਕੂਲ ਦੀਆਂ ਮਿੱਠੀਆਂ ਯਾਦਾਂ
ਡਾ. ਕੇਵਲ ਅਰੋੜਾ
94176 95299
ਸਾਡੇ ਪਿੰਡ ਮਾਨ ਸਿੰਘ ਵਾਲੇ ਪ੍ਰਾਇਮਰੀ ਸਕੂਲ ‘ਚ ਕਦੋਂ ਕਿਸ ਨੇ ਮੈਨੂੰ ਸਕੂਲ ‘ਚ ਦਾਖਲ ਕਰਾਇਆ, ਮੈਨੂੰ ਕੁੱਝ ਪਤਾ ਨਹੀਂ, ਪਰ ਮੇਰੀ ਮਾਂ ਦੱਸਦੀ ਹੈ ਕਿ ਤੇਰਾ ਬਾਪ ਪਹਿਲੇ ਦਿਨ ਤੈਨੂੰ ਪਤਾਸੇ ਵੰਡ ਕੇ ਸਕੂਲ ਛੱਡ ਕੇ ਆਇਆ ਸੀ। ਉਸ ਤੋਂ ਬਾਅਦ ਕਦੇ ਕਿਸੇ ਨੂੰ ਜ਼ਰੂਰਤ ਹੀ ਨਹੀਂ ਪਈ। ਓਦੋਂ ਮੇਰੀ ਉਮਰ ਚਾਰ ਸਾਲਾਂ ਦੇ ਕਰੀਬ ਸੀ, ਅਤੇ ਸਕੂਲ ‘ਚ ਪਹਿਲੀ ‘ਚ ਦਾਖਲਾ ਓਦੋਂ ਸ਼ਾਇਦ ਸਰਕਾਰ ਨੇ ਛੇ ਸਾਲ ਦਾ ਕਰ ਦਿੱਤਾ ਸੀ, ਸੋ ਮਾਸਟਰ ਬੱਚਿਆਂ ਦੀ ਉਮਰ ਛੇ ਸਾਲ ਦੀ ਬਣਾ ਕੇ ਹੀ ਲਿਖ ਦਿੰਦੇ ਸਨ, ਭਾਵੇਂ ਕੋਈ ਅੱਠਾਂ ਦਾ ਹੋਵੇ ਜਾਂ ਚਾਰਾਂ ਸਾਲਾਂ ਦਾ। ਪੇਂਡੂ ਵਿਦਿਆਰਥੀਆਂ ਨੂੰ ਉਹਨਾਂ ਦੀ ਜਨਮ ਮਿਤੀ ਦਾ ਪਤਾ ਓਦੋਂ ਹੀ ਲਗਦਾ ਜਦੋਂ ਉਹ ਦਸਵੀਂ ਦਾ ਸਰਟੀਫ਼ਿਕੇਟ ਪ੍ਰਾਪਤ ਕਰਦੇ। ਮੇਰੇ ਨਾਲ ਵੀ ਇਸੇ ਤਰਾਂ ਹੀ ਹੋਇਆ। ਜਨਮ ਦਿਨ ਮਨਾਉਣ ਦਾ ਓਦੋਂ ਪਿੰਡਾਂ ‘ਚ ਨਾ ਕੋਈ ਰਿਵਾਜ ਸੀ ਅਤੇ ਨਾ ਹੀ ਕੋਈ ਸ਼ੌਕ, ਬਸ ਪਾਸ ਹੋਏ ਤੋਂ ਪਤਾਸੇ ਵੰਡਣੇ ਸਭ ਨੇ। ਜੇ ਕੋਈ ਫ਼ੇਲ੍ਹ ਹੋ ਜਾਣਾ ਤਾਂ ਉਸ ਨੇ ਰੋਂਦੇ ਰੋਂਦੇ ਘਰ ਜਾਣਾ, ਅੱਗੋਂ ਬਾਪੂ ਨੇ ਛਿੱਤਰ ਲਾਹ ਲੈਣਾ। ਫ਼ੇਲ੍ਹ ਹੋਣ ਤੋਂ ਬਾਅਦ ਕਈਆਂ ਨੇ ਸਕੂਲੋਂ ਹੀ ਹਟ ਜਾਣਾ, ਅਤੇ ਕਿਸੇ ਨੇ ਦੁਬਾਰਾ ਪੜ੍ਹਨ ਲੱਗ ਜਾਣਾ। ਕੁੱਝ ਤਾਂ ਕਈ ਕਈ ਸਾਲ ਸਕੂਲੋਂ ਹਟ ਕੇ ਵੀ ਦੁਬਾਰਾ ਸਕੂਲ ਲੱਗ ਜਾਂਦੇ ਸਨ।
ਕੱਚੀ ਪਹਿਲੀ ਅਤੇ ਪੱਕੀ ਪਹਿਲੀ ਇੱਕੋ ਸਾਲ ‘ਚ ਹੀ ਕਰ ਲਈ ਸੀ। ਓਦੋਂ ਐੜਾ ਅੰਬ ਨਹੀਂ ਐੜਾ ਔਰਤ ਹੁੰਦਾ ਸੀ। ਫ਼ੱਟੀ ‘ਤੇ ਗਾਚੀ ਮਲ ਕੇ ਪੋਚਣੀ ਅਤੇ ਫ਼ਿਰ ਮਾਸਟਰ ਜੀ ਨੇ ਪੂਰਨੇ ਪਾ ਦੇਣੇ ਅਤੇ ਅਸੀਂ ਬੁਕਤੇ ‘ਚ ਰੋਸ਼ਨੀ ਸ਼ਾਹੀ ਦੀ ਪੁੜੀ ਖੋਲ੍ਹ ਕੇ ਪੱਕੀ ਸਿਆਹੀ ਤਿਆਰ ਕਰ ਲੈਣੀ। ਫ਼ੱਟੀ ਸੁਕਾਉਣ ਲੱਗਿਆਂ ਗਾਉਣਾ ਕਿ ਸੂਰਜਾ-ਸੂਰਜਾ ਫ਼ੱਟੀ ਸੁੱਕਾਅ। ਕਲਮ ਲਈ ਸਾਡੇ ਪਿੰਡ ਕਾਨੇ ਮਿਲ ਜਾਂਦੇ ਸਨ, ਪਰ ਮੈਥੋਂ ਵਧੀਆ ਕਲਮ ਨਹੀਂ ਸੀ ਘੜੀ ਜਾਂਦੀ। ਇਸ ਲਈ ਮੇਰੇ ਨਾਲ ਪੜ੍ਹਦਾ ਮੁੰਡਾ ਮੁਖ਼ਤਿਆਰ ਬਹੁਤ ਮਾਹਰ ਸੀ ਕਲਮ ਘੜਨ ‘ਚ ਤੇ ਉਸ ਦੀ ਲਿਖਾਈ ਵੀ ਬਹੁਤ ਸੋਹਣੀ ਸੀ। ਬੁਕਤੇ ‘ਚ ਸ਼ਿਆਹੀ ਦੀ ਪੁੜੀ ਪਾ ਕੇ ਉੱਤੇ ਰਬੜ ਦਾ ਢੱਕਣ ਲਾ ਕੇ ਹਲਾਈ ਜਾਣਾ ਅਤੇ ਨਾਲ ਗਾਈ ਜਾਣਾ, “ਤੇਰੀ ਸਿਆਹੀ ਕੱਚੜ ਤੇ ਮੇਰੀ ਸਿਆਹੀ ਪੱਕੜ।”ਕਈ ਵਾਰ ਕਿਸੇ ਦਾ ਬੁਕਤਾ ਖੁੱਲ ਕੇ ਕਿਸੇ ਨਾਲ ਦੇ ਦੀ ਵਰਦੀ ਉੱਤੇ ਸਿਆਹੀ ਪੈ ਜਾਣੀ ਤਾਂ ਉਹਨੇ ਰੋਣ ਲੱਗ ਜਾਣਾ ਕਿ ਮੇਰੀ ਬੇਬੇ ਕੁੱਟੂਗੀ। ਕਿਉਂਕਿ ਬਹੁਤੇ ਬੱਚਿਆਂ ਕੋਲ ਸਿਰਫ਼ ਇਕੋ ਹੀ ਵਰਦੀ ਹੁੰਦੀ ਸੀ। ਲੋਕਾਂ ‘ਤੇ ਤੰਗੀ ਤੁਰਸ਼ੀ ਵੀ ਬਹੁਤ ਸੀ।
ਫ਼ੇਰ ਸਲੇਟਾਂ ਲੱਗ ਜਾਣੀਆਂ ਜਿਨ੍ਹਾਂ ‘ਤੇ ਸਲੇਟੀ ਨਾਲ ਸਵਾਲ ਕੱਢਦੇ ਸੀ। ਸਲੇਟ ਦੀ ਸਫ਼ਾਈ ਤਾਂ ਪਹਿਲਾਂ ਬੱਚੇ ਥੁੱਕ ਨਾਲ ਹੀ ਕਰਦੇ ਸੀ ਬੇਸ਼ੱਕ ਹੁਣ ਓਪਰਾ ਲੱਗਦਾ ਹੈ, ਫ਼ਿਰ ਗੁੱਦ ਪਾਣੀ ਨਾਲ ਡੁਬੋ ਕੇ ਸਲੇਟਾਂ ਸਾਫ਼ ਕਰਨ ਲੱਗੇ। ਬੱਸਾਂ ਦੀਆਂ ਸੀਟਾਂ ‘ਚੋਂ ਬੱਚਿਆਂ ਨੇ ਬਲੇਡ ਮਾਰ ਮਾਰ ਕੇ ਗੁੱਦ ਬਹੁਤ ਕੱਢੀ, ਅਤੇ ਸੀਟਾਂ ਦੇ ਫ਼ੱਟੇ ਬਣਾ ਦਿੱਤੇ ਕਿਉਂਕਿ ਹੱਟੀਆਂ ‘ਤੇ ਸਪੰਜ ਮਿਲਦੀ ਵੀ ਨਹੀਂ ਸੀ। ਮੈਨੂੰ ਪਹਿਲੀ ਦੂਜੀ ਦੇ ਮਾਸਟਰਾਂ ਦੇ ਨਾਮ ਅਜੇ ਤਕ ਯਾਦ ਹਨ, ਮਾਸਟਰ ਕਰਨੈਲ ਸਿੰਘ ਅਤੇ ਮਾਸਟਰ ਸੁਖਦੇਵ ਸਿੰਘ। ਉਹ ਕਈ ਵਾਰ ਆਪਸ ‘ਚ ਲੜ ਵੀ ਪੈਂਦੇ ਸਨ। ਉਸ ਤੋਂ ਬਾਅਦ ਮਾਸਟਰ ਰਵਿੰਦਰ ਸਿੰਘ ਅਤੇ ਮਾਸਟਰ ਨੰਦ ਸਿੰਘ ਸੀਰ ਵਾਲੀ ਵਾਲੇ ਸਾਡੇ ਪਿੰਡ ਬਦਲ ਕੇ ਆ ਗਏ ਸਨ। ਮਾਸਟਰ ਨੰਦ ਸਿੰਘ ਨੇ ਸਾਨੂੰ ਬਹੁਤ ਵਧੀਆ ਪੜ੍ਹਾਇਆ ਅਤੇ ਸਾਡੀ ਮੁਢਲੀ ਪੜ੍ਹਾਈ ਦੀ ਨੀਂਹ ਪੱਕੀ ਕਰ ਦਿੱਤੀ। ਉਹਨਾਂ ਦਿਨਾਂ ‘ਚ ਸਕੂਲ ਦੀ ਸਫ਼ਾਈ ਬੱਚੇ ਖ਼ੁਦ ਕਰਦੇ ਸਨ ਜਿਸ ਨੂੰ ਚੱਕਰ ਲਾਉਣਾ ਕਹਿੰਦੇ ਸਨ। ਦੋ ਬੱਚਿਆਂ ਨੇ ਬੋਰੀ ਫ਼ੜ ਲੈਣੀ ਅਤੇ ਬਾਕੀ ਬੱਚਿਆਂ ਨੇ ਚੁੱਕ ਚੁੱਕ ਡੱਕੇ ਤੇ ਕਾਗ਼ਜ਼ ‘ਚ ਪਾਈ ਜਾਣਾ। ਕਿਸੇ ਨੂੰ ਵੀ ਬੁਰਾ ਮਹਿਸੂਸ ਨਹੀਂ ਸੀ ਹੁੰਦਾ।
ਉਸ ਤੋਂ ਪਹਿਲਾਂ ਸੁਭਾ ਸੁਭਾ ਸਫ਼ਾਈ ਦੀ ਵਾਰੀ ਹੁੰਦੀ ਸੀ ਜਿਸ ‘ਚ ਬੱਚਿਆਂ ਨੇ ਬਹੁਕਰ ਮਾਰ ਕੇ, ਡੈੱਸਕ ਅਤੇ ਮਾਸਟਰਾਂ ਦੇ ਮੇਜ਼ ਕੁਰਸੀ ਬਾਹਰ ਕੱਢ ਕੇ ਜਾਣੇ। ਡੈੱਸਕ ਸਾਡੇ ਵੇਲੇ ਪੰਜਵੀਂ ‘ਚ ਮਿਲਦੇ ਸਨ, ਪਹਿਲਾਂ ਬੱਚੇ ਚੌਥੀ ਤਅਕ ਬੋਰੀਆਂ ਤੇ ਟਾਟਾਂ ‘ਤੇ ਬੈਠਦੇ ਸਨ। ਕੁੱਝ ਬੱਚੇ ਸਲੇਟਾਂ ਅਤੇ ਫ਼ੱਟੀਆਂ ਭਿੜਾਉਣ ਦੇ ਮੈਚ ਵੀ ਖੇਡਦੇ ਸਨ, ਬੇਸ਼ੱਕ ਘਰੋਂ ਜੁੱਤੀਆਂ ਹੀ ਪੈਂਦੀਆਂ ਸਨ। ਸਾਡੇ ਸਕੂਲ ਦਾ ਸੀਨੀਅਰ ਮਾਸਟਰ ਰਵਿੰਦਰ ਸਿੰਘ ਲੁਧਿਆਣੇ ਨੇੜੇ ਨਾਰੰਗਵਾਲ ਦਾ ਰਹਿਣ ਵਾਲਾ ਸੀ, ਬਹੁਤ ਹੀ ਸ਼ੌਕੀਨ ਸੀ। ਓਸ ਵੇਲੇ ਉਸ ਕੋਲ ਕਈ ਜੋੜੇ ਵਧੀਆ ਬੂਟਾਂ ਦੇ, ਕਈ ਪੈਂਟਾਂ ਸ਼ਰਟਾਂ ਅਤੇ ਟਾਈਆਂ ਸਨ ਜੋ ਬਾਅਦ ‘ਚ ਚੰਡੀਗੜ੍ਹ ਜਾ ਕੇ ਵੱਸ ਗਿਆ, ਅਤੇ ਉਸ ਦਾ ਵਿਆਹ ਵੀ ਸਰਕਾਰੀ ਨੌਕਰੀ ਕਰਦੀ ਇੱਕ ਨਰਸ ਨਾਲ ਹੋ ਗਿਆ ਸੀ। ਐਤਵਾਰ ਨੂੰ ਜਦ ਉਹ ਸਕੂਲ ‘ਚ ਹੀ ਕੇਸੀ ਨਹਾਉਂਦਾ, ਬੱਚੇ ਨਲਕਾ ਗੇੜ ਕੇ ਬਾਲਟੀਆਂ ਭਰ-ਭਰ ਕੇ ਉਸ ਦੇ ਸਿਰ ‘ਚ ਪਾਈ ਜਾਂਦੇ, ਅਤੇ ਉਹ ਵੀਹ ਪੱਚੀ ਬਾਲਟੀਆਂ ਨਾਲ ਨਹਾਉਂਦਾ। ਪਰ ਉਹ ਪਾਣੀ ਫੁੱਲਾਂ ਦੀਆਂ ਕਿਆਰੀਆਂ ‘ਚ ਪਈ ਜਾਂਦਾ ਸੀ ਅਤੇ ਇਸ ਤਰਾਂ ਬੂਟਿਆਂ ਨੂੰ ਪਾਣੀ ਵੀ ਲੱਗ ਜਾਂਦਾ ਸੀ। ਉਸ ਦੇ ਪਿੰਡ ਦੇ ਲੋਕਾਂ ਨਾਲ ਕਾਫ਼ੀ ਚੰਗੇ ਸੰਬੰਧ ਬਣ ਗਏ ਸਨ, ਅਤੇ ਬਾਅਦ ‘ਚ ਵੀ ਉਹ ਪਿੰਡ ਮਿਲਣ ਆਉਂਦਾ ਰਿਹਾ।
ਜਦੋਂ ਸੌ ਦਾ ਪਹਾੜਾ ਕਹਾਉਣਾ ਤਾਂ ਮਹੌਲ ਵਿਆਹਾਂ ‘ਚ ਗਾਏ ਜਾਣ ਵਾਲੇ ਲੋਕ ਗੀਤਾਂ ਵਾਂਗ ਬਣ ਜਾਂਦਾ ਸੀ। ਦੂਰ ਦੂਰ ਤਕ ਬੱਚਿਆਂ ਦੇ ਪਹਾੜੇ ਸੁਣਦੇ। ਬਾਲ ਸਭਾ ‘ਚ ਚੰਗੇ ਰੰਗ ਬੰਨ੍ਹਦੇ। ਜਦੋਂ ਕਦੇ ਕਿਸੇ ਬੱਚੇ ਨੇ ਸਕੂਲ ਆਉਣ ਤੋਂ ਆਨਾ-ਕਾਨੀ ਕਰਨੀ ਤਾਂ ਮਾਪਿਆਂ ਨੇ ਕੁੱਟ ਕੇ ਸਕੂਲ ਛੱਡ ਕੇ ਜਾਣਾ। ਅਧਿਆਪਕਾਂ ਦੀ ਲੋਕ ਬਹੁਤ ਇੱਜ਼ਤ ਕਰਦੇ ਸਨ। ਮੁੰਡਿਆ ਨੇ ਮੱਝਾਂ ਚਰਾਉਣਾ, ਪੱਠੇ ਪਾਉਣੇ ਅਤੇ ਕੁੜੀਆਂ ਦਾ ਅਪਣੀਆਂ ਮਾਵਾਂ ਨਾਲ ਰਸੋਈ ਅਤੇ ਹੋਰ ਕੰਮਾਂ ‘ਚ ਹੱਥ ਵਟਾਉਣਾ ਆਮ ਗੱਲ ਸੀ। ਕੰਧਾਂ ਦੇ ਪਰਛਾਵੇਂ ਦੀ ਬੱਚਿਆਂ ਨੇ ਅੱਧੀ ਛੁੱਟੀ ਅਤੇ ਸਾਰੀ ਛੁੱਟੀ ਦੀ ਨਿਸ਼ਾਨੀ ਲਾ ਲੈਣੀ, ਅਤੇ ਜਿਵੇਂ ਪਰਛਾਵਾਂ ਨੇੜੇ ਆਉਣਾ ਬੱਚਿਆਂ ਨੇ ਕੱਛਾਂ ਮਾਰਨ ਲੱਗ ਪੈਣਾ। ਕਦੇ ਕਦੇ ਸਕੂਲ ਦੀ ਡਾਕ ਬੱਚੇ ਮੁਕੰਦ ਸਿੰਘ ਵਾਲਾ ਪੁਜਦੀ ਕਰ ਕੇ ਆਉਂਦੇ। ਬੱਚੇ ਆਪਸ ‘ਚ ਲੜ ਕੇ ਦੰਦੀਆਂ ਵਢਦੇ ਅਤੇ ਕਈਆਂ ਦੀ ਦੰਦੀ ਵੀ ਬੜੀ ਭੈੜੀ ਸੀ। ਇੱਕ ਵਾਰ ਗਰਮੀਆਂ ਦੇ ਦਿਨਾਂ ‘ਚ ਮੱਖਣ ਚਾਵਲਾ ਤੇ ਮੈਂ ਡਾਕ ਫ਼ੜਾਉਣ ਚੱਲ ਪਏ। ਰਾਹ ‘ਚ ਆਉਂਦੀ ਕੱਸੀ ‘ਅਤੇ ਨਹਾਉਣ ਲੱਗ ਪਏ ਤੇ ਉਹ ਡਾਕ ਵਾਲੀ ਚਿੱਠੀ ਪਤਾ ਨਹੀਂ ਕਿਧਰ ਗਵਾਚ ਗਈ। ਅਸੀਂ ਘਬਰਾ ਗਏ ਅਤੇ ਮੱਖਣ ਕਹਿਣ ਲੱਗਾ ਬਣ ਗਈ ਜੁਗਤ, ਆਪਾਂ ਕਹਿ ਦੇਵਾਂਗੇ ਕਿ ਮਾਸਟਰ ਜੀ ਤਾਂ ਮਿਲੇ ਨਹੀਂ ਅਸੀਂ ਤਾਂ ਕਿਸੇ ਬੰਦੇ ਨੂੰ ਫ਼ੜਾ ਕੇ ਆ ਗਏ। ਹੋਰ ਕਰਦੇ ਵੀ ਕੀ, ਕੁੱਟ ਵੀ ਬੜੀ ਪੈਂਦੀ ਸੀ ਓਦੋਂ ਮਾਸਟਰਾਂ ਤੋਂ। ਪਰ ਉਸ ਚਿੱਠੀ ਦਾ ਕੀ ਬਣਿਆਂ ਹੋਵੇਗਾ, ਅੱਜ ਤੱਕ ਪਛਤਾਵਾ ਹੀ ਹੈ। ਮੈਂ ਅਪਣੀਂ ਕਲਾਸ ਦਾ ਮੌਨੀਟਰ ਵੀ ਰਿਹਾ। ਓਦੋਂ ਮੌਨੀਟਰ ਦੀ ਬੜੀ ਟੌਹਰ ਵੀ ਹੁੰਦੀ ਸੀ। ਜਦੋਂ ਮੈਂ ਅਪਣੇ ਸਕੂਲ ਤੋਂ ਸੱਤਰਵਿਆਂ ‘ਚ ਪੰਜਵੀਂ ਪਾਸ ਕੀਤੀ ਤਾਂ ਇਸ ਤਰ੍ਹਾਂ ਲੱਗਾ ਜਿਵੇਂ ਕੋਈ ਮੰਜਿਲ ਸਰ ਕਰ ਲਈ ਹੋਵੇ। ਮੇਰੇ ਪਿੰਡ ਦੇ ਸਕੂਲ ਨੇ ਮੈਨੂੰ ਆਤਮਵਿਸ਼ਵਾਸ ਦਿੱਤਾ ਜੋ ਹੁਣ ਤੀਕ ਦੀ ਉਮਰੇ ਮੇਰੇ ਕੰਮ ਆਇਆ ਅਤੇ ਅੱਜ ਵੀ ਮੇਰਾ ਸਰਮਾਇਆ ਹੈ। ਅੰਤ ‘ਚ ਅਪਣੀਆਂ ਇਹਨਾਂ ਸਤਰਾਂ ਨਾਲ ਕਾਲਮ ਸਮਾਪਤ ਕਰਦਾ ਹਾਂ:
ਅਸੀਂ ਟੋਏ ਟਿੱਬੇ ਸਭ ਜ਼ਿੰਦਗੀ ‘ਚ ਚੜ੍ਹ ਕੇ ਆਏ ਹਾਂ,
ਅਸੀਂ ਜੰਗ ਜ਼ਿੰਦਗੀ ਦੀ ਗ਼ੁਰਬਤ ਦੇ ਨਾਲ ਲੜ ਕੇ ਆਏ ਹਾਂ
ਅਸੀਂ ਪਿੰਡਾਂ ਵਾਲੇ ਸਕੂਲ ਚੋਂ ਪੜ੍ਹ ਕੇ ਆਏ ਹਾਂ