ਡਾ ਕੇਵਲ ਅਰੋੜਾ
94176 95299
ਕਰਮਯੋਗੀ ਡਾ. ਆਰ. ਡੀ. ਸ਼ਰਮਾ
ਵੈਟਨਰੀ ਕਾਲਜ ਪੜ੍ਹਦਿਆਂ ਜਦੋਂ ਤੀਜੇ ਸਾਲ ‘ਚ ਸਾਡੀ ਕਲਿਨਿਕ ਚਾਲੂ ਹੋਈ ਤਾਂ ਸਾਡੇ ਇੱਕ ਪ੍ਰੋਫ਼ੈਸਰ, ਜਿਨ੍ਹਾਂ ਦਾ ਲੰਮਾ ਕੱਦ, ਮੋਟੀਆਂ ਅੱਖਾਂ, ਗੋਰਾ ਰੰਗ, ਸਾਰਾ ਦਿਨ ਕਿਸੇ ਨਾ ਕਿਸੇ ਕੇਸ ‘ਤੇ ਮਸਤ ਹੋ ਕੇ ਲੱਗੇ ਰਹਿੰਦੇ। ਕੁਰਸੀ ‘ਤੇ ਬੈਠਿਆਂ ਉਹਨਾਂ ਨੂੰ ਘੱਟ ਹੀ ਵੇਖਿਆ ਸੀ। ਬਹੁਤ ਹੀ ਹਲੀਮੀ ਨਾਲ ਗੱਲ ਕਰਦੇ। ਮੈਂ ਉਹਨਾਂ ਨੂੰ ਨਾ ਕਦੇ ਗੁੱਸੇ ਹੋਏ ਅਤੇ ਨਾ ਹੀ ਖੁੱਲ ਕੇ ਹੱਸਦੇ ਵੇਖਿਆ। ਥੋੜ੍ਹੇ ਦਿਨਾਂ ‘ਚ ਪਤਾ ਲੱਗ ਗਿਆ ਕਿ ਉਹ ਡਾ. ਆਰ. ਡੀ. ਸ਼ਰਮਾ, ਗਾਇਨੀ ਵਿਭਾਗ ਦੇ ਮੁਖੀ ਹਨ। ਕਿਉਂਕਿ ਓਦੋਂ ਤਕ ਮੇਰਾ ਨਾਮ ਸਾਹਿਤਕ ਅਤੇ ਸਭਿਆਚਾਰਿਕ ਗਤੀਵਿਧੀਆਂ ਕਰ ਕੇ ਸਾਡੇ ਅਧਿਆਪਕਾਂ ‘ਚ ਬਣ ਗਿਆ ਹੋਇਆ ਸੀ, ਇਸ ਕਰ ਕੇ ਅਧਿਆਪਕਾਂ ਨਾਲ ਵੀ ਮੇਰਾ ਮੇਲ ਜੋਲ ਹੋ ਗਿਆ ਸੀ।
ਡਾ. ਸ਼ਰਮਾ ਨੇ ਮੈਨੂੰ ਇਸ਼ਾਰੇ ਨਾਲ ਬੁਲਾਉਣਾ ਅਤੇ ਕਿਸੇ ਨਾ ਕਿਸੇ ਕੰਮ ਲਾ ਦੇਣਾ। ਬੇਸ਼ੱਕ ਉਹਨਾਂ ਨੂੰ ਮੇਰੀ ਪਹਿਚਾਣ ਸੀ, ਪਰ ਉਹਨਾਂ ਨੂੰ ਕੰਮ ਨਾਲ ਹੀ ਕੰਮ ਸੀ। ਵੇਖਣ ਨੂੰ ਉਹ ਕਿਸੇ ਫ਼ਿਲਮੀ ਹੀਰੋ ਵਰਗੇ ਲੱਗਦੇ ਸਨ। ਉਹਨਾਂ ਦੇ ਇਸ਼ਾਰਿਆਂ ਨੂੰ ਉਹਨਾਂ ਨਾਲ ਕੰਮ ਕਰਦੇ PG ਸਟੂਡੈਂਟਸ ਖ਼ੂਬ ਸਮਝ ਲੈਂਦੇ ਸਨ, ਅਤੇ ਉਹਨਾਂ ਨਾਲ ਪੁਰਾਣੀਆਂ ਗੱਲਾਂ ਬਾਤਾਂ ਵੀ ਕਰ ਲੈਂਦੇ ਸਨ। ਡਾ. ਸ਼ਰਮਾ ਨੇ ਪਸ਼ੂਆਂ ‘ਚ ਪੈਂਦੇ ਬੱਚੇਦਾਨੀ ਦੇ ਵੱਲ ਦਾ ਹੱਲ ਫ਼ੱਟੇ ਵਾਲੀ ਤਕਨੀਕ ਨੂੰ ਹੋਰ ਵਿਕਸਤ ਕਰ ਕੇ ਵਿਦਿਆਰਥੀਆਂ ਨੂੰ ਸਿਖਾਇਆ ਜਿਸ ਨਾਲ ਫ਼ੀਲਡ ‘ਚ ਪਸ਼ੂ-ਪਾਲਕਾਂ ਦੇ ਹੁੰਦੇ ਨੁਕਸਾਨ ਨੂੰ ਵੱਡੀ ਰਾਹਤ ਮਿਲੀ। ਇਸ ਤੋਂ ਪਹਿਲਾਂ ਨਾ ਤਾਂ ਇਸ ਬਾਰੇ ਬਹੁਤੇ ਲੋਕਾਂ ਨੂੰ ਪਤਾ ਸੀ ਅਤੇ ਨਾ ਹੀ ਫ਼ੀਲਡ ‘ਚ ਇਸ ਦਾ ਕੋਈ ਹੱਲ ਕਰਦਾ ਸੀ। ਡਾ. ਸਾਹਿਬ ਪੰਜਾਬ ਦੇ ਮਾੜੇ ਹਾਲਾਤ ਦੇ ਦਿਨਾਂ ‘ਚ ਜਦੋਂ ਰਾਤ ਨੂੰ ਕੋਈ ਐਮਰਜੈਂਸੀ ‘ਚ ਆਉਂਦਾ ਤਾਂ ਉਸ ਦੇ ਨਾਲ ਹੀ ਤੁਰ ਪੈਂਦੇ ਸਨ। ਬਹੁਤੇ ਪਸ਼ੂ ਪਾਲਕਾਂ ਨੂੰ ਉਹਨਾਂ ਦੇ ਘਰ ਦੀ ਪਹਿਚਾਣ ਹੋ ਗਈ ਸੀ। ਯੂਨੀਵਰਸਿਟੀ ਦੀ ਸ਼ਾਇਦ ਇੱਕੋ ਬੈੱਲ ਸੀ ਜਿਸ ਦੇ ਵਜਦਿਆਂ ਰਾਤ ਨੂੰ ਮਾੜੇ ਹਾਲਾਤ ਹੋਣ ‘ਤੇ ਵੀ ਬੂਹਾ ਖੁੱਲ੍ਹਦਾ ਸੀ। ਜਦੋਂ 1984 ਦੇ ਬੁਰੇ ਦਿਨ ਆਏ ਤਾਂ ਯੂਨੀਵਰਸਿਟੀ ਦੇ ਹੋਸਟਲ ਖ਼ਾਲੀ ਕਰਵਾ ਲਏ ਗਏ, ਅਤੇ ਅਸੀਂ ਸਭ ਆਪੋ ਆਪਣੇ ਪਿੰਡਾਂ ਨੂੰ ਚਲੇ ਗਏ, ਮੈੱਸਾਂ ਅਤੇ ਕੰਟੀਨਾਂ ਵਾਲੇ ਵੀ ਛੱਡ ਕੇ ਅਪਣੇ ਅਪਣੇ ਪਿੰਡਾਂ ਨੂੰ ਚਲੇ ਗਏ ਸਨ। ਡਾ. ਦਿਵੇਦੀ ਦੱਸਦੇ ਨੇ ਕਿ ਓਦੋਂ ਅਸੀਂ ਸੱਤ-ਅੱਠ ਜਣਿਆਂ, ਜੋ ਬਾਹਰ ਤੋਂ ਸਾਂ, ਲਈ ਬੜੀ ਮੁਸ਼ਕਿਲ ਵਾਲੀ ਘੜੀ ਹੁੰਦੀ ਸੀ। ਸਾਡਾ ਖਾਣਾ ਡਾਕਟਰ ਸਾਹਿਬ ਦੇ ਘਰ ਹੀ ਬਣਦਾ ਰਿਹਾ। ਇਸ ਗੱਲ ‘ਚ ਡਾਕਟਰ ਸਾਹਿਬ ਦੇ ਪਰਿਵਾਰ ਦਾ ਵੀ ਇੱਕ ਵੱਡਾ ਯੋਗਦਾਨ ਰਿਹਾ।
ਡਾ. ਨਵਨੀਤ, ਜਿਨ੍ਹਾਂ ਨੇ ਇੱਥੋਂ ਨੌਕਰੀ ਸ਼ੁਰੂ ਕੀਤੀ ਪਰ ਬਾਅਦ ‘ਚ ਪਾਲਮਪੁਰ ਵੈਟਨਰੀ ਕਾਲਜ ਚਲੇ ਗਏ, ਦੱਸਦੇ ਹਨ ਕਿ ਉਹ ਨਾਲ ਦੇ ਸਟਾਫ਼ ਨੂੰ ਪਰਿਵਾਰ ਵਾਂਗ ਹੀ ਸਮਝਦੇ ਸਨ। ਉਹਨਾਂ ਦੇ ਦੁੱਖ-ਸੁੱਖ ‘ਚ ਹਮੇਸ਼ਾ ਸਾਥ ਦਿੰਦੇ। PAU ਨੇ ਉਹਨਾਂ ਦੀ ਯੋਗਤਾ ਅਤੇ ਮਿਹਨਤ ਦੀ ਕਦਰ ਕਰਦਿਆਂ ਉਹਨਾਂ ਨੂੰ ਇੱਕ ਸਹਾਇਕ ਪ੍ਰੋਫ਼ੈਸਰ ਤੋਂ ਸਿੱਧਾ ਪ੍ਰੋਫ਼ੈਸਰ ਬਣਾ ਦਿੱਤਾ ਸੀ। ਡਾ. ਪ੍ਰਕਾਸ਼ ਬਰਾੜ ਜੋ ਅੱਜ-ਕੱਲ੍ਹ ਡਾਇਰੈਕਟਰ ਐਕਸਟੈਨਸ਼ਨ ਦੀਆਂ ਸੇਵਾਵਾਂ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ‘ਚ ਨਿਭਾ ਰਹੇ ਹਨ, ਉਨ੍ਹਾਂ ਦੇ ਵਿਦਿਆਰਥੀ ਵੀ ਰਹੇ ਹਨ। ਉਹ ਦੱਸਦੇ ਹਨ ਕਿ ਜਦ ਉਹ ਫ਼ੀਲਡ ‘ਚ ਸੇਵਾ ਕਰ ਰਹੇ ਸਨ ਤਾਂ ਉਹ ਹਨੇਰੇ ਹੋਏ ਕਿਸੇ ਘਰ ਅਤਿ ਜ਼ਰੂਰੀ ਕੇਸ ਵੇਖਣ ਚੱਲ ਪਏ। ਸਿਆਲ ਦੇ ਛੋਟੇ ਦਿਨ ਸਨ ਅਤੇ ਹਨੇਰਾ ਹੋ ਗਿਆ ਹੋਣ ਕਾਰਨ ਉਹ ਰਾਹ ਭੁੱਲ ਗਏ। ਉਹ ਇੱਕ ਰੁੱਖ ‘ਤੇ ਚੜ੍ਹ ਗਏ, ਅਤੇ ਇੱਕ ਥਾਂ ਉਹਨਾਂ ਨੇ ਅੱਗ ਬਲਦੀ ਵੇਖੀ ਤੇ ਸੋਚਿਆ ਕਿ ਉਹ ਘਰ ਮੱਝ ਵਾਲਿਆਂ ਦਾ ਹੋਣਾ ਹੈ। ਉਹ ਉਧਰ ਨੂੰ ਚੱਲ ਪਏ, ਅਤੇ ਅੱਗੋਂ ਦੋ ਤਿੰਨ ਬੰਦੇ ਭੱਠੀ ਲਾ ਕੇ ਸ਼ਰਾਬ ਕੱਢੀ ਜਾਣ ਪਰ ਉਹ ਉਸ ਇਲਾਕੇ ਦੇ ਹੋਣ ਕਰ ਕੇ ਡਾਕਟਰ ਸਾਹਿਬ ਨੂੰ ਉਹ ਜਾਣਦੇ ਸਨ।
ਪਹਿਲਾਂ ਤਾਂ ਉਹ ਡਾਕਟਰ ਸਾਹਿਬ ਨੂੰ ਦਾਰੂ ਪਿਆਉਣ ਦੀ ਜ਼ਿਦ ਕਰਨ ਲੱਗੇ, ਪਰ ਜਦ ਡਾਕਟਰ ਸਾਹਿਬ ਨੇ ਸਮਝਾਇਆ ਕਿ ਉਹ ਨਹੀਂ ਪੀਂਦੇ, ਤਾਂ ਉਹ ਉਹਨਾਂ ਨੂੰ, ਜਿਨ੍ਹਾਂ ਦੀ ਮੱਝ ਬੀਮਾਰ ਸੀ, ਦੇ ਘਰ ਛੱਡ ਕੇ ਆਏ। ਉਹ ਦਰ ‘ਤੇ ਆਏ ਬੰਦੇ ਨੂੰ ਨਿਰਾਸ਼ ਨਹੀਂ ਸੀ ਜਾਣ ਦਿੰਦੇ। ਮਾੜੇ ਹਾਲਾਤ ‘ਚ ਵੀ ਰਾਤ ਨੂੰ ਜੋ ਵੀ ਆਉਂਦਾ ਯੂਨੀਵਰਸਿਟੀ ਕੈਂਪਸ ‘ਚ ਉਨ੍ਹਾਂ ਦੇ ਘਰ ਆਉਂਦਾ, ਅਤੇ ਉਹ ਉਸ ਦੇ ਨਾਲ ਹੀ ਤੁਰ ਪੈਂਦੇ। ਕਈ ਵਾਰ ਡਾਕਟਰ ਨੰਦਾ, ਜੋ ਬਾਅਦ ‘ਚ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਅਤੇ ਹੋਰ ਉੱਚ ਅਹੁਦਿਆਂ ‘ਤੇ ਵੀ ਰਹੇ, ਨੂੰ ਵੀ ਅੱਧੀ ਰਾਤ ਨੂੰ ਨਾਲ ਹੀ ਉਠਾ ਲੈਂਦੇ। ਜਦ ਮੈਂ ਉਹਨਾਂ ਦੇ ਪਿਛੋਕੜ ਬਾਰੇ ਪਤਾ ਕੀਤਾ ਤਾਂ ਉਹ ਭਵਾਨੀਗੜ੍ਹ ਦੇ ਰਹਿਣ ਵਾਲੇ ਨਿਕਲੇ। ਉਹ ਹਾਕੀ ਅਤੇ ਫ਼ੁੱਟਬਾਲ ਦੇ ਇੱਕ ਚੰਗੇ ਪਲੇਅਰ ਵੀ ਸਨ। ਉਹਨਾਂ ਨੇ ਅਪਣੀ ਡਾਕਟਰੀ ਦੀ ਪੜ੍ਹਾਈ ਹਿਸਾਰ ਤੋਂ, PG ਅਮਰੀਕਾ ਤੋਂ ਅਤੇ PhD PAU ਲੁਧਿਆਣਾ ਤੋਂ ਹੀ ਕੀਤੀ।
ਇੱਕ ਸ਼ੌਕ ਸੀ ਉਨ੍ਹਾਂ ਦਾ ਜਿਸ ਬਾਰੇ ਬਹੁਤੇ ਲੋਕਾਂ ਨੂੰ ਅਤੇ ਉਹਨਾਂ ਦੇ ਛੋਟੇ ਬੇਟੇ ਨੂੰ ਵੀ ਨਹੀਂ ਸੀ ਪਤਾ ਸੀ ਕਿ ਉਹ ਨਵੀਂ ਆਈ ਚੰਗੀ ਫ਼ਿਲਮ ਦਾ ਪਹਿਲਾ ਸ਼ੋਅ ਚੁੱਪ ਚਾਪ ਦੇਖਣ ਚਲੇ ਜਾਂਦੇ ਸਨ। ਮੈਨੂੰ ਜਾਪਦਾ ਹੈ ਕਿ ਉਹਨਾਂ ਦੀ ਨਾਇਕ ਵਰਗੀ ਦਿੱਖ ਦੀ ਇੱਛਾ ਤਾਂ ਕਦੇ ਫ਼ਿਲਮੀ ਦੁਨੀਆਂ ‘ਚ ਜਾਣ ਦੀ ਹੀ ਰਹੀ ਹੋਵੇਗੀ, ਪਰ ਇਸ ਦੀ ਤਾਈਦ ਕਰਨ ਵਾਲਾ ਕੋਈ ਨੇੜਲਾ ਸਾਥੀ ਮੈਨੂੰ ਨਹੀਂ ਮਿਲਿਆ। ਡਾ. ਦਵੇਦੀ ਦੱਸਦੇ ਹਨ ਕਿ ਇੱਕ ਵਾਰ ਉਹ ਅਤੇ ਦੀਪਾ (ਡਾ. ਸਹਿਬ ਦਾ ਬੇਟਾ ਜੋ ਉਸ ਵੇਲੇ PG ਦਾ ਵਿਦਿਆਰਥੀ ਸੀ) ਫ਼ਿਲਮ ਵੇਖਣ ਚਲੇ ਗਏ। ਜਦੋਂ ਵੀ ਫ਼ਿਲਮ ‘ਚ ਗਰਮ ਸੀਨ ਆਉਣ ਦਿਵੇਦੀ ਅਤੇ ਦੀਪਾ ਸੀਟੀਆਂ ਮਾਰਨ, ਮੋੜਵੇਂ ਡਾਇਲਾਗ ਬੋਲਣ ਅਤੇ ਦਰਸ਼ਕਾਂ ਦਾ ਦੂਹਰਾ ਮਨੋਰੰਜਨ ਕਰੀ ਜਾਣ, ਪਰ ਜਦ ਹਾਫ਼ ਟਾਈਮ ਦੀਆਂ ਲਾਈਟਾਂ ਜਗੀਆਂ ਤਾਂ ਉਹਨਾਂ ਦੇ ਅੱਗੇ ਡਾ. ਆਰ. ਡੀ. ਸ਼ਰਮਾ ਬੈਠੇ ਹੋਏ ਸਨ। ਬੱਸ ਫ਼ੇਰ ਕੀ ਸੀ, ਹਾਫ਼ ਟਾਈਮ ‘ਚੋਂ ਹੀ ਅੱਖ ਬਚਾ ਕੇ ਯੂਨੀਵਰਸਿਟੀ ਨੂੰ ਭੱਜ ਆਏ। ਇੱਕ ਗੱਲ ਹੋਰ ਪਤਾ ਲੱਗੀ ਕਿ ਉਹ ਬਰਫ਼ੀ ਖਾਣ ਅਤੇ ਮਹਿਮਾਨਾਂ ਨੂੰ ਖਵਾਉਣ ਦੇ ਵੀ ਸ਼ੌਕੀਨ ਸਨ। ਬਰਫ਼ੀ ਦਾ ਡੱਬਾ ਕਦੇ ਮੁੱਕਣ ਨਹੀਂ ਸੀ ਦਿੰਦੇ।
ਡਾ. ਸ਼ਰਮਾ ਨੇ ਕਈ ਔਜ਼ਾਰ ਵੀ ਵਿਕਸਿਤ ਕੀਤੇ ਜੋ ਜਾਨਵਰਾਂ ਦੀਆਂ ਜਣੇਪਾ ਸਮੱਸਿਆਵਾਂ ਹੱਲ ਕਰਨ ਲਈ ਕੰਮ ਆਉਂਦੇ ਹਨ। ਇੱਕ ਵਾਰ ਮੈਂ ਫ਼ੀਲਡ ‘ਚੋਂ ਯੂਨੀਵਰਸਿਟੀ ਟ੍ਰੇਨਿੰਗ ਵਾਸਤੇ ਗਿਆ ਤਾਂ ਉਹ ਮੇਰੇ ਨਾਲ ਦੀ ਕੁਰਸੀ ‘ਤੇ ਬੈਠੇ ਸਨ। ਓਦੋਂ ਮੇਰੇ ਨਾਲ ਗੱਲਾਂ ਕਰਦੇ ਕਰਦੇ ਕੁੱਝ ਗੁਰਮੰਤਰ ਵੀ ਦੇ ਗਏ ਜੋ ਅਜੇ ਟ੍ਰਾਇਲ ਅਧੀਨ ਹਨ। ਜ਼ਿੰਦਗੀ ‘ਚ ਵਿਕਸਿਤ ਦੇਸ਼ਾਂ ‘ਚ ਵੱਸਣ ਦੇ ਉਹਨਾਂ ਨੂੰ ਕਈ ਮੌਕੇ ਵੀ ਮਿਲੇ ਪਰ ਦੇਸ਼ ਨਹੀਂ ਛੱਡਿਆ ਅਤੇ ਤਨ ਮਨ ਨਾਲ ਸੇਵਾ ਕਰਦੇ ਹੋਏ ਇਸ ਦੁਨੀਆਂ ਨੂੰ 6 ਦਸੰਬਰ 2017 ਵਾਲੇ ਦਿਨ ਅਲਵਿਦਾ ਕਹਿ ਗਏ। ਹੁਣ ਉਹਨਾਂ ਦੇ ਬੱਚੇ ਡਾ. ਦੀਪਕ ਅਮਰੀਕਾ ‘ਚ ਅਤੇ ਪਰਦੀਪ ਅਮਰੀਕਾ ਤੋਂ ਵਾਪਿਸ ਆ ਕੇ ਇੰਡੀਆ ‘ਚ ਉਹਨਾਂ ਦੀ ਸੰਸਕਾਰੀ ਵਿਰਾਸਤ ਨੂੰ ਸੰਭਾਲ ਰਹੇ ਹਨ। ਉਹ ਡਾ. ਆਰ. ਡੀ. ਸ਼ਰਮਾ ਦੇ ਨਾਮ ‘ਤੇ ਪਿਛਲੇ ਸਾਲਾਂ ਤੋਂ ਯੋਗ ਵਿਦਿਆਰਥੀਆਂ ਨੂੰ ਗੋਲ਼ਡ ਮੈਡਲ ਨਾਲ ਸਨਮਾਨਿਤ ਕਰ ਰਹੇ ਹਨ। ਅਜਿਹੇ ਕਰਮਯੋਗੀ ਹਮੇਸ਼ਾ ਸਾਡੇ ਸਮਾਜ ਨੂੰ ਲੋੜੀਂਦੇ ਰਹਿਣਗੇ।















