ਡਾ. ਕੇਵਲ ਅਰੋੜਾ
ਪਾਣੀਆਂ ਦਾ ਕਹਿਰ
”ਪਾਣੀ ਆ ਗਿਆ ਮੱਲੇ ਮਲੂਕੇ,
ਕੁੱਤੇ ਚੰਦਭਾਨ ਦੇ ਚੂਕੇ”
ਇਹ ਸਤਰਾਂ ਡਾ. ਜੋਗਿੰਦਰ ਸਿੰਘ (PLAU ਦੇ ਸਾਬਕਾ ਡਾਇਰੈਕਟਰ ਸੀਡਜ਼) ਨੇ ਬੋਲੀਆਂ ਸਨ ਜਦੋਂ ਅਸੀਂ ਪੰਜਾਬ ਦੇ ਹੜ੍ਹਾਂ ਬਾਰੇ ਗੱਲ ਕਰ ਰਹੇ ਸਾਂ ਕਿ ਇਸ ਵਾਰ ਘੱਗਰ ਨੇ ਪੰਜਾਬ ‘ਚ ਬਹੁਤ ਨੁਕਸਾਨ ਕੀਤਾ ਹੈ। ਲੋਕਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ, ਘਰ ਨੁਕਸਾਨੇ ਗਏ, ਹੜ੍ਹਾਂ ਦੀ ਮਾਰ ਨਾਲ ਕਾਫ਼ੀ ਜਾਨੀ ਮਾਲੀ ਨੁਕਸਾਨ ਹੋਇਆ ਹੈ, ਪਰ ਲੋਕ ਫ਼ਿਰ ਵੀ ਹੌਸਲੇ ਵਾਲੇ ਹਨ। ਓਪਰੋਕਤ ਸਤਰਾਂ ਕਿਸੇ ਨੇ 1955 ਦੇ ਫ਼ਲੱਡ ਬਾਰੇ ਆਖੀਆਂ ਸਨ ਕਿ ਜਦੋਂ ਮੱਲੇ ਪਾਣੀ ਪਹੁੰਚਿਆ, ਜਿਸ ਦੀ ਚੰਦਭਾਨ ਤੋਂ ਹਵਾਈ ਦੂਰੀ 11 ਕਿੱਲੋਮੀਟਰ ਦੇ ਕਰੀਬ ਹੈ, ਤਾਂ ਚੰਦਭਾਨ ਦੇ ਕੁੱਤਿਆਂ ਨੂੰ ਸੁਣਿਆ। ਉਹ ਚੂਕਣ ਲੱਗੇ ਸਨ ਕਿੳਂਕਿ ਕੁੱਤਿਆਂ ਦੇ ਕੰਨ ਬਹੁਤ ਤੇਜ਼ ਹੁੰਦੇ ਨੇ। ਦੱਸਦੇ ਨੇ ਓਦੋਂ 3,4 ਅਤੇ 5 ਅਕਤੂਬਰ ਨੂੰ ਹੋਈ ਲਗਾਤਾਰ ਬਾਰਿਸ਼ ਨਾਲ ਦਰਿਆ ‘ਚੋਂ ਨਹੀਂ ਸਗੋਂ ਜਗਰਾਓਂ ਦੇ ਇਲਾਕੇ ‘ਚੋਂ ਤੁਰੇ ਮੀਂਹ ਦੇ ਪਾਣੀ ਨਾਲ ਆਇਆ ਸੀ। ਉਸ ਪਾਣੀ ਨੇ ਬਹੁਤ ਹੀ ਭਿਆਨਕ ਰੂਪ ਇਖ਼ਤਿਆਰ ਕਰ ਲਿਆ ਸੀ, ਅਤੇ ਤਕਰੀਬਨ ਇੱਕ ਮੀਲ ਲੰਮਾ ਦਰਿਆ ਜਿਸ ਦੀ ਪਹਿਲੀ ਛੱਲ ਦੋ ਗਜ ਉੱਚੀ ਸੀ, ਅਤੇ ਜੋ ਵੀ ਉਸ ਦੇ ਰਾਹ ‘ਚ ਆਇਆ, ਤਹਿਸ ਨਹਿਸ ਕਰਦਾ ਗਿਆ।
ਟਿੱਬਿਆਂ ਦੀ ਧਰਤੀ ‘ਤੇ ਕਿਸੇ ਨੇ ਇਹ ਕਿਆਸਿਆ ਵੀ ਨਹੀਂ ਸੀ। ਕੋਠੇ ਡਿੱਗ ਗਏ, ਲਟੈਣਾਂ ਪਾਣੀ ‘ਚ ਵਹਿ ਤੁਰੀਆਂ ਜਿਸ ਦੇ ਉੱਤੇ ਬੰਦੇ ਅਤੇ ਸੱਪ ਆਸਰਾ ਲੈ ਕੇ ਤਰੇ ਆ ਰਹੇ ਸਨ। ਛਿਟੀਆਂ ਦੇ ਬੰਨ੍ਹੇ ਹੋਏ ਵੱਡੇ ਵੱਡੇ ਕਿੰਨੂ ਪਾਣੀ ‘ਚ ਇਸ ਤਰਾਂ ਤਰਦੇ ਆ ਰਹੇ ਸਨ ਜਿਵੇਂ ਦਰਿਆ ‘ਚ ਜਹਾਜ਼ ਤਰਦਾ ਹੈ। ਬਲਦ ਵੀ ਲੱਕੜ ਦੀਆਂ ਖੁਰਲੀਆਂ ਨਾਲ ਬੰਨ੍ਹੇ ਹੋਏ ਪਾਣੀ ‘ਚ ਤਰੇ ਆ ਰਹੇ ਲੋਕਾਂ ਨੇ ਵੇਖੇ। ਓਦੋਂ ਕੋਈ ਖ਼ਬਰਸਾਰ ਦੇ ਬਹੁਤੇ ਸਾਧਨ ਨਹੀਂ ਸਨ। ਦੱਸਦੇ ਨੇ ਕਿ ਇਲਾਕੇ ਦੇ ਸਰਦਾਰਾਂ ਦੀਆਂ ਅਟਾਰੀਆਂ, ਜੋ ਨਿੱਕੀ ਇੱਟ ਅਤੇ ਚੂਨੇ ਨਾਲ ਬਣੀਆਂ ਸਨ, ਹੜ੍ਹ ਦੇ ਪਾਣੀ ਅੱਗੇ ਬੇਵੱਸ ਹੋ ਗਈਆਂ। ਅਟਾਰੀਆਂ ਡਿੱਗਣ ਦਾ ਖੜਕਾ ਲੋਕਾਂ ਦੇ ਤ੍ਰਾਹ ਕੱਢ ਦਿੰਦਾ। ਇਹ ਮੀਂਹ ਦੇ ਪਾਣੀ ਦਾ ਹੜ ਟਿੱਬਿਆਂ ‘ਚ ਦੀ ਵੀਹ ਦਿਨ ਦੇ ਕਰੀਬ ਵਗਦਾ ਰਿਹਾ। ਲੋਕਾਂ ਦਾ ਬਹੁਤ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਵੀ ਹੋਇਆ। ਪਰ ਓਦੋਂ ਲੋਕ ਕਿਰਸੀ ਸਨ ਅਤੇ ਖੇਤੀ ਤੇ ਲਾਗਤ ਮੁੱਲ ਵੀ ਘੱਟ ਹੋਣ ਕਰ ਕੇ ਡੋਬੇ-ਸੋਕੇ ਸਹਿ ਜਾਂਦੇ ਸਨ। ਓਦੋਂ ਖੂਹਾਂ ਦਾ ਪਾਣੀ ਸੱਠ ਫ਼ੁੱਟ ਤੋਂ ਡੂੰਘਾ ਸੀ, ਪਰ ਇਸ ਬਾਰਿਸ਼ ਅਤੇ ਹੜ੍ਹ ਤੋਂ ਬਾਅਦ ਇੱਕ ਦਮ ਵੀਹ ਪੱਚੀ ਫ਼ੁੱਟ ‘ਤੇ ਆ ਗਿਐ। ਬਠਿੰਡਾ ਦੇ ਉਸ ਖੇਤਰ ‘ਚ ਨਲਕੇ ਲੱਗਣ ਲੱਗੇ। ਉਸ ਤੋਂ ਬਾਅਦ ਪਾਣੀ ਉੱਪਰ ਆਉਣ ਨਾਲ ਕਈ ਫ਼ਸਲਾਂ ਹੋਣੀਆਂ ਸ਼ੁਰੂ ਹੋ ਗਈਆਂ। ਪ੍ਰਤਾਪ ਸਿੰਘ ਕੈਰੋਂ ਦੀ ਦੂਰਅੰਦੇਸ਼ੀ ਨੇ ਸੇਮ-ਨਾਲੇ ਕਢਵਾਏ ਅਤੇ ਉਸ ਤੋਂ ਬਾਅਦ ਹੀ ਚੰਦਭਾਨ ਵਾਲਾ ਸੇਮ ਨਾਲਾ ਵੀ ਨਿਕਲਿਆ ਜੋ ਰੁਪਾਣੇ ਪਿੰਡ ਕੋਲ ਦੀ ਮੁਕਤਸਰ ਮਲੋਟ ਸੜਕ ਨੂੰ ਕਰੌਸ ਕਰਦਾ ਹੈ।
ਸਾਡੇ ਅਪਣੇ ਪਿੰਡ ਮਾਨ ਸਿੰਘ ਵਾਲੇ, ਜੋ ਫ਼ਿਰੋਜ਼ਪੁਰ ਮੁਕਤਸਰ ਸੜਕ ਉਤੇ ਸਾਦਿਕ ਕੋਲ ਪੈਂਦਾ ਹੈ, ਦੱਸਦੇ ਹਨ ਕਿ 1962 ‘ਚ ਹੜ੍ਹ ਦਾ ਪਾਣੀ ਆਇਆ ਸੀ। ਮਾਨ ਸਿੰਘ ਵਾਲੇ ਅਤੇ ਮੁਕੰਦ ਸਿੰਘ ਵਾਲੇ ਕੱਚੀ ਕੱਸੀ ਦੀ ਡਾਫ਼ ਲੱਗ ਕੇ ਪਾਣੀ ਨਾਲ ਪਿੰਡ ਡੁੱਬ ਰਿਹਾ ਸੀ ਅਤੇ ਓਧਰੋਂ ਮੁਕੰਦ ਸਿੰਘ ਵਾਲੇ ਦੇ ਬਾਵੇ, ਜੋ ਪਹੁੰਚ ਵਾਲੇ ਸਨ ਅਤੇ ਅਸਲਾ ਵੀ ਰੱਖਦੇ ਸਨ, ਨੇ ਪਾਣੀ ਰੋਕ ਲਿਆ ਅਤੇ ਕੱਸੀ ਵੱਢਣ ਨਹੀਂ ਸੀ ਦੇ ਰਹੇ। ਪੁਲਿਸ ਨੇ ਆ ਕੇ ਜਦ ਵੇਖਿਆ ਕਿ ਪਿੰਡ ਢਹਿ ਜਾਣਾ ਹੈ ਤਾਂ ਉਹ ਵੀ ਚੁੱਪ ਹੋ ਗਏ ਅਤੇ ਪਿੰਡ ਵਾਲਿਆਂ ਨੇ ਕੱਸੀ ਵੱਢ ਕੇ ਪਿੰਡ ਬਚਾਇਆ। ਸਾਡੇ ਪਿੰਡ ਵੀ ਉਸ ਤੋਂ ਬਾਅਦ ਪਾਣੀ ਉੱਪਰ ਆ ਗਿਆ ਅਤੇ ਗੰਨਾ ਨਰਮਾ ਕਪਾਹ ਆਦਿ ਦੀ ਫ਼ਸਲ ਵੀ ਹੋਣ ਲੱਗ ਗਈ।
ਸੰਨ 1988 ਦੇ ਹੜ੍ਹ ਜਿਸ ਨੇ ਮੰਡ ਇਲਾਕੇ ਦਾ ਬਹੁਤ ਨੁਕਸਾਨ ਕੀਤਾ ਸੀ। ਫ਼ਿਰੋਜ਼ਪੁਰ ‘ਚ ਮੇਰੀ ਪੋਸਟਿੰਗ ਉਸ ਤੋਂ ਤੁਰੰਤ ਬਾਅਦ ਹੋ ਗਈ ਸੀ। ਮੈਂ ਹੜ੍ਹ ਰਾਹਤ ‘ਚ ਡਿਊਟੀ ਵੀ ਦਿੱਤੀ ਅਤੇ ਲੋਕਾਂ ਦੇ ਵੱਡੇ ਜੇਰੇ, ਜੋ ਇਸ ਹੜ੍ਹ ਦੀ ਮਾਰ ਨੂੰ ਝੱਲ ਰਹੇ ਸਨ, ਨੇੜਿਓਂ ਹੋ ਕੇ ਤੱਕੇ। ਨਿਜ਼ਾਮ ਵਾਲੇ ਦਾ ਪਿੰਡ, ਜੋ ਦਰਿਆ ਦੇ ਬੰਨ੍ਹ ਤੇ ਪੈਂਦਾ ਸੀ, ਦੇ ਇੰਦਰ ਸਿੰਘ ਜਿਸ ਦੇ ਪੰਜ-ਛੇ ਬੇਟੇ ਸਨ, ਨੇ ਇਹ ਸੋਚ ਕੇ ਬਾਹਰੋਂ ਜ਼ਮੀਨ ਦੇ ਕੇ ਦਰਿਆ ਦੇ ਅੰਦਰ ਲੈ ਲਈ ਕਿ ਉਹ ਬਹੁਤ ਉਪਜਾਊ ਹੈ। ਹੜ੍ਹ ਦੇ ਪਾਣੀ ਨੇ ਐਸੀ ਮਾਰ ਮਾਰੀ ਕਿ ਮੋਟਰਾਂ ਥੱਲੇ ਨੱਪੀਆਂ ਗਈਆਂ ਅਤੇ ਕਈ ਕਈ ਫ਼ੁੱਟ ਰੇਤ ਚੜ੍ਹਾ ਦਿੱਤੀ। ਉਸ ਨੇ ਰੱਬ ਦਾ ਭਾਣਾ ਕਹਿ ਕੇ ਸਹਿ ਲਿਆ। ਬਾਅਦ ‘ਚ ਉਸ ਦੇ ਪੁੱਤਰਾਂ ਨੇ ਹੋਰਨਾ ਕੰਮਾਂ ‘ਚ ਮਿਹਨਤ ਕਰ ਕੇ ਚੰਗੀ ਤਰੱਕੀ ਕੀਤੀ।
ਇਸ ਵਾਰ ਵੀ ਦਰਿਆ ਨੇ ਬੰਨ੍ਹ ਅੰਦਰ ਬੈਠੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ ਜਿਸ ਦਾ ਪੱਕਾ ਪਤਾ ਪਾਣੀ ਲੱਥੇ ਤੋਂ ਹੀ ਲੱਗੇਗਾ। ਪਾਣੀ ਦੀ ਮਾਰ ਤਾਂ ਕੱਸੀ ਵੀ ਟੁੱਟ ਜਾਏ ਤਾਂ ਉੱਠਣ ਨਹੀਂ ਦਿੰਦੀ। ਮੈਨੂੰ ਯਾਦ ਹੈ ਜਦ ਮੈਂ ਯੂਨੀਵਰਸਿਟੀ ‘ਚ ਪੜ੍ਹਦਾ ਸੀ, ਓਧਰੋਂ ਸੇਮ ਆਈ ਹੋਈ ਸੀ, ਉੱਤੋਂ ਸਾਡੇ ਖੇਤ ਤੋਂ ਥੋੜ੍ਹਾ ਪਿੱਛੋਂ ਕੱਸੀ ਟੁੱਟ ਜਾਣੀ ਜਾਂ ਕਿਸੇ ਨੇ ਸ਼ਰਾਰਤ ਨਾਲ ਤੋੜ ਦੇਣੀ, ਪਾਣੀ ਟੁੱਟ ਕੇ ਸਾਡੇ ਨਰਮੇ ‘ਚ ਪੈ ਜਾਣਾ। ਅਸੀਂ ਉਹ ਤੋੜ ਹਿੰਮਤ ਕਰ ਕੇ ਮਸਾਂ ਬੰਨ੍ਹਣੀ, ਨਰਮਾ ਮਰ ਜਾਣਾ ਅਤੇ ਓਧਰੋਂ ਵਿਭਾਗ ਨੇ ਤੋੜ ਦਾ ਕੇਸ ਪਾ ਦੇਣਾ ਅਤੇ ਉੱਤੋਂ ਤਮਾਨ ਪਾ ਦੇਣਾ। ਚਾਰ ਪੰਜ ਸਾਲ ਲਗਾਤਾਰ ਇਸ ਤਰਾਂ ਹੋਇਆ, ਉਹ ਵਕਤ ਅੱਜ ਵੀ ਯਾਦ ਕਰ ਕੇ ਮਨ ਭਰ ਆਉਂਦਾ ਹੈ। ਪਰ ਹੁਣ ਲਾਗਤ ਮੁੱਲ ਵਧਣ ਕਰ ਕੇ ਨੁਕਸਾਨ ਸਹਿਣ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਮੈਨੂੰ ਇਹ ਗੱਲ ਲਿਖਦਿਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਕੁੱਝ ਕਰਮਚਾਰੀ ਅਤੇ ਅਧਿਕਾਰੀ ਤਾਂ ਇਹੋ ਜਿਹੇ ਸਮੇਂ ਦੀ ਉਡੀਕ ‘ਚ ਰਹਿੰਦੇ ਹਨ ਕਿ ਕਦੋਂ ਫ਼ੰਡ ਆਵੇ ਅਤੇ ਕਦੋਂ ਛਕੀਏ। ਸੰਨ 1988 ਦੇ ਹੜ੍ਹ ਵੇਲੇ ਮੈਂ ਅਪਣੇ ਸੀਨੀਅਰ ਡਾ. ਸਰਬਜੀਤ ਸੰਧੂ ਨਾਲ ਫ਼ਿਰੋਜ਼ਪੁਰ ਦੇ ਝੋਕ ਟਹਿਲ ਸਿੰਘ ਦੇ ਇਲਾਕੇ ‘ਚ ਸਰਵੇ ਕਰ ਕੇ ਖ਼ਰਾਬਾ ਵੰਡਿਆ, ਪਰ ਅਸੀਂ ਨਿੱਕੇ ਪੈਸੇ ਦੀ ਵੀ ਕਿਸੇ ਤੋਂ ਝਾਕ ਨਹੀਂ ਸੀ ਕੀਤੀ, ਪਰ ਕੁੱਝ ਲੋਕਾਂ ਨੇ ਓਦੋਂ ਵੀ ਅਪਣੇ ਹੱਥ ਰੰਗੇ ਸਨ। ਪ੍ਰਸਾਸ਼ਨ ‘ਚ ਇਸ ਨੂੰ ਬਹੁਤਾ ਬੁਰਾ ਵੀ ਨਹੀਂ ਗਿਣਿਆ ਜਾਂਦਾ ਸੀ ਕਿਉਂਕਿ ਮਲਾਈ ਉੱਪਰ ਤਕ ਚੱਟੀ ਜਾਂਦੀ ਸੀ। ਸਾਨੂੰ ਫ਼ਿਰ ਵੀ ਮੁਸ਼ਕਿਲਾਂ ਆਈਆਂ ਜੋ ਮਸਾਂ ਨਬੇੜੀਆਂ। ਉਹ ਮੁਸ਼ਕਿਲਾਂ ਅੱਗੇ ਕਬੂਤਰ ਵਾਂਗ ਅੱਖਾਂ ਮੀਚਿਆਂ ਨਹੀਂ ਜਾਣੀਆਂ ਅਤੇ ਕੁਦਰਤੀ ਆਫ਼ਤਾਂ ਟਾਲੀਆਂ ਵੀ ਨਹੀਂ ਜਾ ਸਕਦੀਆਂ। ਸੋ ਲੋੜ ਹੈ ਸਰਕਾਰਾਂ ਵਲੋਂ ਸੁਚੱਜੇ ਪ੍ਰਬੰਧ ਕਰਨ ਦੀ ਜ਼ੁੰਮੇਵਾਰੀ ਨਿਭਾਉਣ ਦੀ। ਪਾਣੀ ਦੇ ਕੁਦਰਤੀ ਵਹਾਅ ‘ਚ ਵਿਘਣ ਨਾ ਪਾਈਏ, ਅਤੇ ਜੋ ਪੈਸਾ ਹੜ੍ਹਾਂ ਦੀ ਰੋਕਥਾਮ ਵਾਸਤੇ ਆਉਂਦਾ ਹੈ, ਉਸ ਨੂੰ ਇਮਾਨਦਾਰੀ ਨਾਲ ਵਰਤੀਏ। ਦਰਿਆਵਾਂ ਬਾਰੇ ਪੜ੍ਹਦਿਆਂ ਸਤਲੁਜ ਬਾਰੇ ਇਹ ਜਾਣਕਾਰੀ ਵੀ ਮਿਲੀ ਕਿ ਕਦੇ ਇਹ ਬਠਿੰਡੇ ਦੇ ਕਿਲੇ ਦੇ ਨਾਲ ਦੀ ਵਗਦਾ ਸੀ ਜੋ ਹੁਣ ਫ਼ਿਰੋਜ਼ਪੁਰ ਦੇ ਨਾਲ ਦੀ ਵਹਿ ਰਿਹਾ ਹੈ। ਇਸ ਨੇ ਗੋਰਿਆਂ ਅਤੇ ਮਹਾਰਾਜ ਰਣਜੀਤ ਸਿੰਘ ਵਿਚਕਾਰ ਹੋਈ ਸੰਧੀ ‘ਚ ਸਰਹੱਦ ਦਾ ਕੰਮ ਕੀਤਾ, ਸੋ ਇਸ ਹਫ਼ਤੇ ਦਾ ਇਹ ਕਾਲਮ ਮੈਂ ਅਪਣੀਆਂ ਇਹਨਾਂ ਸਤਰਾਂ ਨਾਲ ਸਮਾਪਤ ਕਰਦਾਂ:
ਸਦੀਆਂ ਤੋਂ ਇਸ ਧਰਤ ‘ਤੇ, ਵਗਦੇ ਨੇ ਦਰਿਆ,
ਸਮੇਂ ਸਮੇਂ ‘ਰਹੇ ਬਦਲਦੇ, ਇਹਨਾਂ ਦੇ ਸੀ ਰਾਹ।
ਕੰਢਿਆਂ ਉੱਤੇ ਵੱਸ ਗਏ, ਹੌਲੀ ਹੌਲੀ ਸ਼ਹਿਰ,
ਜਦ ਹੜ੍ਹਦੇ ਨਾਲ ਨੇ ਬਾਰਸ਼ਾਂ, ਕਰ ਦਿੰਦੇ ਏਹ ਕਹਿਰ
94176 95299















