ਵਾਸ਼ਿੰਗਟਨ: ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਲਈ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ। ਰਿਪਬਲਿਕਨ ਪਾਰਟੀ ਵੱਲੋਂ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹੁਣ ਡੈਮੈਕ੍ਰੋਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਵਰਜੀਨੀਆ ਤੋਂ ਸੈਨੇਟਰ ਟਿਮੋਥੀ ਟਿਮ ਕੇਨ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਐਲਾਨ ਦਿੱਤਾ ਹੈ।
ਟਿਮੋਥੀ ਭਾਰਤ-ਅਮਰੀਕਾ ਮਜ਼ਬੂਤ ਸਬੰਧਾਂ ਦੀ ਸਮੇਂ ਸਮੇਂ ਉੱਤੇ ਵਕਾਲਤ ਕਰਦੇ ਰਹੇ ਹਨ। ਮੋਦੀ ਸਰਕਾਰ ਦੌਰਾਨ ਧਾਰਮਿਕ ਅਸਹਿਣਸ਼ੀਲਤਾ ਖ਼ਿਲਾਫ਼ ਵੀ ਉਨ੍ਹਾਂ ਨੇ ਆਪਣੀ ਆਵਾਜ਼ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਹਿਲੇਰੀ ਕਲਿੰਟਨ ਨੇ ਟਵੀਟ ਕਰ ਕੇ ਦਿੱਤੀ ਜਿਸ ਵਿੱਚ ਉਨ੍ਹਾਂ ਆਖਿਆ ਕਿ ਮੈਨੂੰ ਦੱਸਣ ਵਿੱਚ ਇਹ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਟਿਮੋਥੀ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ।
ਇਸ ਤੋਂ ਬਾਅਦ ਟਿਮੋਥੀ ਨੇ ਟਵੀਟ ਕਰ ਕੇ ਆਖਿਆ ਕਿ ਥੋੜ੍ਹੀ ਦੇਰ ਪਹਿਲਾਂ ਹੀ ਉਨ੍ਹਾਂ ਨੂੰ ਹਿਲੇਰੀ ਦਾ ਫ਼ੋਨ ਆਇਆ ਸੀ ਜਿਸ ਵਿੱਚ ਉਨ੍ਹਾਂ ਮੈਨੂੰ ਨਵੀਂ ਜ਼ਿੰਮੇਵਾਰੀ ਬਾਰੇ ਜਾਣਕਾਰੀ ਦਿੱਤੀ। ਅਸਲ ਵਿੱਚ ਟਿਮੋਥੀ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਦਾ ਉਮੀਦਵਾਰ ਐਲਾਨਣ ਪਿੱਛੇ ਵੀ ਵੋਟ ਬੈਂਕ ਦੀ ਰਾਜਨੀਤੀ ਹੈ। ਵਰਜੀਨੀਆ ਵਿੱਚ ਜ਼ਿਆਦਾਤਰ ਭਾਰਤ ਭਾਈਚਾਰੇ ਦੇ ਲੋਕ ਰਹਿੰਦੇ ਹਨ। ਇਨ੍ਹਾਂ ਲੋਕਾਂ ਦੇ ਵੱਡੇ-ਵੱਡੇ ਕਾਰੋਬਾਰ ਹਨ। ਇਸ ਲਈ ਹਿਲੇਰੀ ਟਿਮੋਥੀ ਦੇ ਜ਼ਰੀਏ ਭਾਰਤੀ ਭਾਈਚਾਰੇ ਦੀਆਂ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ। ਭਾਰਤੀ ਭਾਈਚਾਰੇ ਵਿੱਚ ਟਿਮੋਥੀ ਦਾ ਤਕੜਾ ਆਧਾਰ ਵੀ ਹੈ।















