ਭਗਵੰਤ ਮਾਨ ਨੇ ਤੋੜੀ ਸਦਨ ‘ਚ ਚੁੱਕੀ ਸਹੁੰ, ਮੈਂਬਰਸ਼ਿਪ ਰੱਦ ਹੋਣ ਦਾ ਖਤਰਾ

2ਜਲੰਧਰ : ‘ਮੈਂ ਭਗਵੰਤ ਮਾਨ ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ, ਈਸ਼ਵਰ ਦੀ ਸਹੁੰ ਖਾਂਦਾ ਹਾਂ ਕਿ ਮੈਂ ਕਾਨੂੰਨ ਰਾਹੀਂ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ, ਭਾਰਤ ਦੀ ਸਰਵ ਸਮਰੱਥਾ ਅਤੇ ਅਖੰਡਤਾ ਨੂੰ ਕਾਇਮ ਰੱਖਾਗਾਂ ਅਤੇ ਜਿਸ ਅਹੁਦੇ ਨੂੰ ਮੈਂ ਸੰÎਭਾਲਣ ਵਾਲਾ ਹਾਂ, ਦੇ ਕਰੱਤਵਾਂ ਨੂੰ ਸ਼ਰਧਾ ਪੂਰਵਕ ਨਿਭਾਵਾਂਗਾ’
5 ਜੂਨ, 2014 ਨੂੰ ਸੰਸਦ ‘ਚ ਬਤੌਰ ਲੋਕ ਸਭਾ ਮੈਂਬਰ ਸਹੁੰ ਚੁੱਕਣ ਵੇਲੇ ਬੋਲੇ ਗਏ ਇਨ੍ਹਾਂ ਬੋਲਾਂ ਦੀ ਮੂਲ ਭਾਵਨਾ ਨੂੰ ਭਗਵੰਤ ਮਾਨ ਵਲੋਂ ਫੇਸਬੁੱਕ ‘ਤੇ ਪੋਸਟ ਕੀਤੀ ਗਈ ਵੀਡੀਓ ਨੇ ਸੱਟ ਮਾਰੀ ਹੈ। ਲਿਹਾਜਾ ਉਨ੍ਹਾਂ ਨੂੰ ਇਸ ਦਾ ਖਾਮਿਆਜ਼ਾ ਸੰਸਦ ਤੋਂ ਆਪਣੀ ਮੈਂਬਰਸ਼ਿਪ ਗੁਆ ਕੇ ਭੁਗਤਣਾ ਪੈ ਸਕਦਾ ਹੈ। ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ ਵਲੋਂ ਦਿੱਤਾ ਗਿਆ ਬਿਆਨ ਵੀ ਇਸ ਵੱਲ ਇਸ਼ਾਰਾ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਸੁਮਿੱਤਰਾ ਮਹਾਜਨ ਨੇ ਕਿਹਾ ਸੀ ਕਿ ਭਗਵੰਤ ਮਾਨ ਦੀ ਗਲਤੀ ਲਈ ਸਿਰਫ ਮੁਆਫੀ ਕਾਫੀ ਨਹੀਂ ਹੈ। ਇਸ ਦਾ ਮਤਲਬ ਹੈ ਕਿ ਲੋਕ ਸਭਾ ਸਪੀਕਰ ਇਸ ਮਾਮਲੇ ‘ਚ ਭਗਵੰਤ ਖਿਲਾਫ ਸਖਤ ਕਾਰਵਾਈ ਕਰ ਸਕਦੇ ਹਨ।
ਕਿਸ ਆਧਾਰ ‘ਤੇ ਰੱਦ ਹੁੰਦੀ ਹੈ ਸੰਸਦ ਮੈਂਬਰ ਦੀ ਮੈਂਬਰਸ਼ਿਪ
1. ਜੇਕਰ ਕੋਈ ਲੋਕ ਸਭਾ ਮੈਂਬਰ ‘ਆਫਿਸ ਆਫ ਪ੍ਰਾਫਿਟ’ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਜਾਵੇ।
2. ਜੇਕਰ ਅਨਡਿਸਚਾਰਜ ਅਤੇ ਦਿਵਾਲਿਆ ਹੋ ਜਾਵੇ।
3. ਜੇਕਰ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਹਾਸਲ ਕਰ ਲਵੇ
4. ਜੇਕਰ ਭਾਰਤ ਦੀ ਸੰਸਥਾ ਵਲੋਂ ਬਣਾਏ ਗਏ ਕਿਸੇ ਕਾਨੂੰਨ ਤਹਿਤ ਉਸ ਦੀ ਮੈਂਬਰਸ਼ਿਪ ਖਾਰਜ ਕੀਤੀ ਜਾਵੇ।
5. ਜੇਕਰ ਅਨਸਾਊਂਡ ਮਾਈਂਡ (ਦਿਮਾਗੀ ਬੀਮਾਰ) ਐਲਾਨਿਆ ਜਾਵੇ।
ਭਗਵੰਤ ਮਾਨ ਦੇ ਮਾਮਲੇ ‘ਚ ਲੋਕ ਸਭਾ ਦੀ ਸਪੀਕਰ ਇਨ੍ਹਾਂ ਨਿਯਮਾਂ ‘ਚੋਂ ਆਖਰੀ ਨਿਯਮ ਦਾ ਹਵਾਲਾ ਦੇ ਕੇ ਰਾਸ਼ਟਰਪਤੀ ਨੂੰ ਭਗਵੰਤ ਮਾਨ ਦੀ ਮੈਂਬਰਸ਼ਿਪ ਖਾਰਜ ਕਰਨ ਲਈ ਕਹਿ ਸਕਦੇ ਹਨ। ਇਸ ਦਾ ਮਤਲਬ ਹੈ ਕਿ ਭਗਵੰਤ ਮਾਨ ਦਿਮਾਗੀ ਤੌਰ ‘ਤੇ ਬੀਮਾਰ ਹਨ ਅਤੇ ਉਨ੍ਹਾਂ ਦਾ ਭਾਰਤੀ ਸੰਸਦ ਦਾ ਮੈਂਬਰ ਰਹਿਣਾ ਸਦਨ ਲਈ ਠੀਕ ਨਹੀਂ ਹੈ।
ਸੰਸਦ ਦੇ ਅੰਦਰ ਲੋਕ ਸਭਾ ਮੈਂਬਰਾਂ ਜਾਂ ਰਾਜ ਸਭਾ ਮੈਂਬਰਾਂ ਵਲੋਂ ਹੋਣ ਵਾਲੀ ਕਿਸੇ ਵੀ ਹਰਕਤ ‘ਤੇ ਕਾਰਵਾਈ ਕਰਨ ਦਾ ਅਧਿਕਾਰ ਸਦਨ ਨੂੰ ਹੁੰਦਾ ਹੈ ਅਤੇ ਇਸ ਮਾਮਲੇ ‘ਚ ਲੋਕ ਸਭਾ ਜਾਂ ਰਾਜ ਸਭਾ ਦੇ ਸਪੀਕਰ ਹੀ ਅਗਲੀ ਕਾਰਵਾਈ ਕਰਦੇ ਹਨ। ਜਿਸ ਤਰੀਕੇ ਲੋਕ ਸਭਾ ਅਤੇ ਰਾਜ ਸਭਾ ਵਿਚ ਵੱਖ-ਵੱਖ ਪਾਰਟੀਆਂ ਵਲੋਂ ਭਗਵੰਤ ਮਾਨ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਲੋਕ ਸਭਾ ਸਪੀਕਰ ਇਸ ਮਾਮਲੇ ‘ਚ ਆਪਣੇ ਹੱਕਾਂ ਦਾ ਇਸਤੇਮਾਲ ਕਰਦੇ ਹੋਏ ਭਗਵੰਤ ਮਾਨ ਖਿਲਾਫ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰ ਸਕਦੇ ਹਨ। ਰਾਸ਼ਟਰਪਤੀ ਲੋਕ ਸਭਾ ਸਪੀਕਰ ਦੇ ਇਸ ਸੁਝਾਅ ਨੂੰ ਚੋਣ ਕਮਿਸ਼ਨ ਕੋਲ ਭੇਜਣਗੇ ਅਤੇ ਚੋਣ ਕਮਿਸ਼ਨ ਇਸ ਮਾਮਲੇ ‘ਚ ਜਾਂਚ ਕਰੇਗਾ। ਇਸ ਜਾਂਚ ਦੌਰਾਨ ਭਗਵੰਤ ਮਾਨ ਵਲੋਂ ਪੋਸਟ ਕੀਤੇ ਗਏ ਵੀਡੀਓ ਤੋਂ ਇਲਾਵਾ ਉਨ੍ਹਾਂ ਦਾ ਪੱਖ ਵੀ ਜਾਣਿਆ ਜਾਵੇਗਾ। ਇਹ ਸਾਰੀ ਕਾਰਵਾਈ ਭਾਰਤੀ ਸੰਵਿਧਾਨ ਦੀ ਧਾਰਾ-102,1(ਬੀ) ਦੇ ਤਹਿਤ ਕੀਤੀ ਜਾ ਸਕਦੀ ਹੈ। ਜੇ ਚੋਣ ਕਮਿਸ਼ਨ ਆਪਣੀ ਰਿਪੋਰਟ ‘ਚ ਭਗਵੰਤ ਮਾਨ ਨੂੰ ‘ਅਨਸਾਊਂਡ ਮਾਈਂਡ’ (ਦਿਮਾਗੀ ਬੀਮਾਰ) ਕਰਾਰ ਦੇ ਦੇਵੇ ਤਾਂ ਭਗਵੰਤ ਮਾਨ ਦੀ ਮੈਂਬਰਸ਼ਿਪ ਖਾਰਜ ਹੋ ਜਾਵੇਗੀ। ਅਜਿਹੀ ਹਾਲਤ ‘ਚ ਸੰਗਰੂਰ ਦੀ ਲੋਕ ਸਭਾ ਸੀਟ ‘ਤੇ ਮੁੜ ਤੋਂ ਚੋਣ ਕਰਨੀ ਪਵੇਗੀ।