ਮੋਟਾਪੇ ਲਈ ਜ਼ਿੰਮੇਵਾਰ ਜੀਨ ਦੀ ਹੋਈ ਪਛਾਣ

ਵਾਸ਼ਿੰਗਟਨ – ਮੋਟਾਪੇ ਦੀ ਸਮੱਸਿਆ ਤੋਂ ਦੁਨੀਆ ਭਰ ‘ਚ ਲੋਕ ਪਰੇਸ਼ਾਨ ਹਨ। ਮੋਟਾਪਾ ਸਿਰਫ਼ ਵਿਕਸਿਤ ਦੇਸ਼ਾਂ ਦੀ ਸਮੱਸਿਆ ਨਹੀਂ ਰਹਿ ਗਿਆ ਹੈ ਸਗੋਂ ਵਿਕਾਸਸ਼ੀਲ ਦੇਸ਼ਾਂ ‘ਚ ਰਹਿਣ ਵਾਲੇ ਲੋਕ ਵੀ ਮੋਟਾਪੇ ਤੋਂ ਪੀੜਤ ਹੋਣ ਲੱਗੇ ਹਨ। ਹੁਣ ਤਕ ਇਸ ਦੇ ਕਈ ਕਾਰਨਾਂ ਦਾ ਅਨੁਮਾਨ ਲਾਇਆ ਜਾਂਦਾ ਰਿਹਾ ਹੈ, ਪਰ ਹਾਲ ਹੀ ‘ਚ ਅਮਰੀਕਾ ‘ਚ ਹੋਈ ਖੋਜ ‘ਚ ਖੋਜਕਾਰਾਂ ਨੇ ਅਜਿਹੇ ਜੀਨਜ਼ ਦਾ ਪਤਾ ਲਾਇਆ ਹੈ ਜਿਨ੍ਹਾਂ ਨੂੰ ਮੋਟਾਪੇ ਲਈ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ।
ਜੀਨਜ਼ ਤੈਅ ਕਰਦੇ ਹਨ ਕੌਣ ਹੋਵੇਗਾ ਮੋਟਾ
ਵੱਖ-ਵੱਖ ਪ੍ਰਾਣੀਆਂ ‘ਤੇ ਕੀਤੇ ਪ੍ਰਯੋਗਾਂ ਤੋਂ ਬਾਅਦ ਅਮਰੀਕਾ ਦੀ ਨੌਰਥ ਕੈਰੋਲਾਇਨਾ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਅਜਿਹੇ ਜੀਨਜ਼ ਦਾ ਪਤਾ ਲਗਾਇਆ ਹੈ ਜੋ ਮਨੁੱਖਾਂ ਦੇ ਸ਼ਰੀਰ ਦੇ ਆਕਾਰ, ਆਕ੍ਰਿਤੀ, ਉਚਾਈ ਅਤੇ ਮੋਟਾਪੇ ਨੂੰ ਪ੍ਰਭਾਵਿਤ ਕਰਦੇ ਹਨ। ਖੋਜ ‘ਚ ਮਿਲੇ ਨਤੀਜਿਆਂ ਤੋਂ ਇਹ ਸਮਝਣ ‘ਚ ਮਦਦ ਮਿਲੇਗੀ ਕਿ ਜੀਨਜ਼ ਕਿਸ ਤਰ੍ਹਾਂ ਇਹ ਪਹਿਲਾਂ ਤੋਂ ਤੈਅ ਕਰ ਦਿੰਦੇ ਹਨ ਕਿ ਇਹ ਵਿਅਕਤੀ ਮੋਟਾ ਹੋਵੇਗਾ ਜਾਂ ਨਹੀਂ।
ਜਨਰਲ ਨੇਚਰ ਜਨੈਟਿਕਸ ‘ਚ ਛਪੀ ਇਸ ਸਟੱਡੀ ‘ਚ ਖੋਜਕਾਰਾਂ ਨੇ ਕ੍ਰੋਮੋਜ਼ੋਮ ‘ਤੇ 24 ਕੋਡਿੰਗ ਜੀਨਜ਼ ਦਾ ਪਤਾ ਲਗਾਇਆ। ਇਨ੍ਹਾਂ ‘ਚੋਂ 15 ਨੌਰਮਲ ਸਨ ਜਦੋਂਕਿ 9 ਦੁਰਲੱਭ। ਇਹ ਕਮਰ ਅਤੇ ਚੂਲੇ ਦੇ ਆਕਾਰ ਦੇ ਅਨੁਪਾਤ ਨੂੰ ਸਮੇਂ ਤੋਂ ਪਹਿਲਾਂ ਨਿਰਧਾਰਿਤ ਕਰਨ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜਿਨ੍ਹਾਂ ਲੋਕਾਂ ‘ਚ ਕਮਰ ਅਤੇ ਚੂਲੇ ਦਾ ਅਨੁਪਾਤ ਜ਼ਿਆਦਾ ਹੁੰਦਾ ਹੈ, ਉਨ੍ਹਾਂ ‘ਚ ਮੋਟਾਪੇ ਨਾਲ ਜੁੜੀਆਂ ਬੀਮਾਰੀਆਂ ਤੋਂ ਪੀੜਤ ਹੋਣ ਦਾ ਖ਼ਦਸ਼ਾ ਜ਼ਿਆਦਾ ਰਹਿੰਦਾ ਹੈ।
ਟਾਈਪ 2 ਡਾਇਬਟੀਜ਼ ਦਾ ਇਲਾਜ ਲੱਭਣ ‘ਚ ਮਿਲੇਗੀ ਮਦਦ
ਖੋਜ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੈਰੀ ਈ ਨੌਰਥ ਦਾ ਕਹਿਣਾ ਸੀ ਕਿ ਪਹਿਲੀ ਵਾਰ ਸਾਨੂੰ ਇਹ ਜਾਣਨ ਦਾ ਮੌਕਾ ਮਿਲਿਆ ਹੈ ਕਿ ਕਿਸ ਤਰ੍ਹਾਂ ਦੇ ਜੀਨਜ਼ ਸ਼ਰੀਰ ‘ਚ ਫ਼ੈਟ ਦੇ ਫ਼ੈਲਾਅ ਨੂੰ ਪ੍ਰਭਾਵਿਤ ਕਰਨ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਨੂੰ ਸਮਝਣ ਤੋਂ ਬਾਅਦ ਅਸੀਂ ਮੋਟਾਪਾ ਅਤੇ ਉਸ ਨਾਲ ਜੁੜੀਆਂ ਬੀਮਾਰੀਆਂ ਦੇ ਜ਼ਿਆਦਾ ਪ੍ਰਭਾਵਸ਼ਾਲੀ ਇਲਾਜ ਲੱਭਣ ‘ਚ ਸਫ਼ਲ ਹੋਵਾਂਗੇ ਖ਼ਾਸ ਕਰ ਕੇ ਟਾਈਪ 2 ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ।
ਖੋਜ ‘ਚ ਅਜਿਹੇ ਜਨੈਟਿਕ ਪਾਥਵੇਜ਼ ਅਤੇ ਜੀਨਜ਼ ਸੈੱਟ ਬਾਰੇ ਪਤਾ ਲੱਗਾ ਜੋ ਨਾ ਸਿਰਫ਼ ਜੀਵਾਂ ‘ਚ ਮਟੈਬੋਲਿਜ਼ਮ ਨੂੰ ਪ੍ਰਭਾਵਿਤ ਕਰਦੇ ਹਨ ਸਗੋਂ ਸ਼ਰੀਰ ‘ਚ ਫ਼ੈਟ ਟਿਸ਼ੂ ਦੀ ਵੰਡ, ਬੋਨ ਗ੍ਰੋਥ ਅਤੇ ਐਡੀਪੋਨੇਟਕਿਨ ਨਾਂ ਦੇ ਹੌਰਮੋਨ ਨੂੰ ਕੰਟਰੋਲ ਕਰਦੇ ਹਨ। ਇਹ ਹੌਰਮੋਨ ਗਲੂਕੋਜ਼ ਦੇ ਲੈਵਲ ਨੂੰ ਕੰਟਰੋਲ ਕਰਦਾ ਹੈ। ਦੂਜੇ ਜੀਵਾਂ ‘ਤੇ ਕੀਤੇ ਗਏ ਪ੍ਰਯੋਗਾਂ ਰਾਹੀਂ ਇਸ ਟੀਮ ਨੂੰ ਦੋ ਅਜਿਹੇ ਜੀਨਜ਼ ਦੀ ਵੀ ਜਾਣਕਾਰੀ ਮਿਲੀ ਹੈ ਜੋ ਸ਼ਰੀਰ ‘ਚ ਟ੍ਰਾਈਗਿਲਸਰਾਈਡ ਅਤੇ ਬੌਡੀ ਫ਼ੈਟ ‘ਚ ਜ਼ਿਕਰਯੋਗ ਵਾਧੇ ਨਾਲ ਸਬੰਧਤ ਹਨ।