‘ਆਪ’ ਆਗੂ ਦੇਸ਼ ਤੇ ਧਰਮ ਦੀ ਮਰਿਆਦਾ ਦਾ ਨਹੀਂ ਰੱਖਦੇ ਖਿਆਲ : ਸੁਖਬੀਰ

4ਅੰਮ੍ਰਿਤਸਰ – ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਨਾਲ ਨਤਮਸਤਕ ਹੋਣ ਆਏ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਦੇਸ਼ ਤੇ ਕਿਸੇ ਵੀ ਧਰਮ ਦੀ ਮਾਣ-ਮਰਿਆਦਾ ਦਾ ਧਿਆਨ ਨਹੀਂ ਰੱਖਦੇ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸੰਸਦ ਦੀ ਵੀਡੀਓ ਟੇਪ ਸੋਸ਼ਲ ਮੀਡੀਏ ‘ਤੇ ਜਾਰੀ ਕਰਨ ਬਾਰੇ ਪੁੱਛੇ ਜਾਣ ‘ਤੇ ਸੁਖਬੀਰ ਨੇ ਕਿਹਾ ਕਿ ਇਹ ਸੰਸਦ ਦੀ ਮਰਿਆਦਾ ਤੇ ਸੁਰੱਖਿਆ ਦਾ ਸਵਾਲ ਹੈ ਤੇ ਕਿਸੇ ਵੀ ਨੇਤਾ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨੇਤਾ ਅਜਿਹਾ ਕੰਮ ਕਰਦਾ ਹੈ ਤਾਂ ਪਾਰਟੀ ਉਸਦੇ ਖਿਲਾਫ ਸਖਤ ਕਾਰਵਾਈ ਕਰਦੀ, ਪਰ ‘ਆਪ’ ਨੇ ਕੋਈ ਐਕਸ਼ਨ ਤਾਂ ਕੀ ਲੈਣਾ ਹੈ, ਉਲਟਾ ਉਸ ਦੀ ਹਮਾਇਤ ਵਿਚ ਆ ਖੜ੍ਹੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਵੱਖਵਾਦੀ ਤਾਕਤਾਂ ਨਾਲ ਸੰਬੰਧ ਹਨ।
ਬਾਦਲ ਨੇ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨ ਲਈ ਇਨ੍ਹਾਂ ਲੋਕਾਂ ਨੇ ਪੂਰੀ ਵਾਹ ਲਾਈ ਹੋਈ ਹੈ ਪਰ ਅਸੀਂ ਅਜਿਹਾ ਕਦੇ ਨਹੀਂ ਹੋਣ ਦਿਆਂਗੇ। ਉਨ੍ਹਾਂ ਕਿਹਾ ਕਿ ਚਲ ਰਹੀ ਪੁਲਸ ਦੀ ਭਰਤੀ ਵਿਚ ਕਰੀਬ 7 ਲੱਖ ਨੌਜਵਾਨਾਂ ਨੇ ਬਿਨੈ ਪੱਤਰ ਦਿੱਤਾ ਹੈ ਤੇ ਅਸੀਂ ਇਨ੍ਹਾਂ ਸਾਰਿਆਂ ਦਾ ਡੋਪ ਟੈਸਟ ਕਰਕੇ ਸੱਚਾਈ ਦੇਸ਼ ਦੇ ਸਾਹਮਣੇ ਲਿਆ ਦਿਆਂਗੇ ਕਿ ਕਿੰਨੇ ਫੀਸਦੀ ਨੌਜਵਾਨ ਸਹੀ ਅਰਥਾਂ ਵਿਚ ਨਸ਼ਾ ਕਰਦੇ ਹਨ। ਉਨ੍ਹਾਂ ਮੀਡੀਏ ਨੂੰ ਵੀ ਸੱਦਾ ਦਿੱਤਾ ਕਿ ਉਹ ਇਸ ਡੋਪ ਟੈਸਟ ਦੀ ਸੱਚਾਈ ਆਪ ਵੇਖਣ ਤੇ ਲੋਕਾਂ ਤਕ ਪਹੁੰਚਾਉਣ।
ਆਗਾਮੀ ਵਿਧਾਨ ਸਭਾ ਚੋਣਾਂ ‘ਚ ਵੱਖ-ਵੱਖ ਪਾਰਟੀਆਂ ਵੱਲੋਂ ਪੇਸ਼ ਆਉਣ ਵਾਲੀ ਚੁਣੌਤੀ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਹਰ ਚੁਣੌਤੀ ਦਾ ਸਾਹਮਣਾ ਅਸੀਂ ਸਬੂਤਾਂ ਨਾਲ ਕਰਾਂਗੇ ਤੇ ਪੰਜਾਬ ਵਿਚ ਹੋ ਰਿਹਾ ਵਿਕਾਸ ਸਾਡੇ ਕੰਮ ਦੀ ਗਵਾਹੀ ਭਰੇਗਾ। ਉਨ੍ਹਾਂ ਕਿਹਾ ਕਿ ਅਸੀਂ ਵਿਕਾਸ ਦੇ ਮੁੱਦੇ ‘ਤੇ ਚੋਣਾਂ ਲੜਾਂਗੇ ਤੇ 2017 ਵਿਚ ਫਿਰ ਅਕਾਲੀ-ਭਾਜਪਾ ਦੀ ਸਰਕਾਰ ਬਣੇਗੀ।
ਬਾਦਲ ਨੇ ਅੱਜ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਹੋ ਰਹੇ ਸੁੰਦਰੀਕਰਨ ਦੇ ਕੰਮ, ਗੋਲਡਨ ਟੈਂਪਲ ਦੇ ਜ਼ਮੀਨਦੋਜ਼ ਹਿੱਸੇ ਵਿਚ ਹੋ ਰਹੇ ਕੰਮ ਤੇ ਬੀ. ਆਰ. ਟੀ. ਐੱਸ. ਦੀ ਪ੍ਰਗਤੀ ਤੋਂ ਇਲਾਵਾ ਕਈ ਹੋਰ ਕੰਮਾਂ ਨੂੰ ਵੀ ਮੌਕੇ ‘ਤੇ ਜਾ ਕੇ ਵੇਖਿਆ। ਬਾਦਲ ਨੇ ਅੱਜ ਸਵੇਰੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਤੇ ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।