ਨਵੀਂ ਦਿੱਲੀ – ਵਾਤਾਵਰਣ ਕਾਰਕੁੰਨ ਸੋਨਮ ਵਾਂਗਚੁਕ ਨੇ ਐਤਵਾਰ ਨੂੰ ਮੁੱਖ ਚੋਣ ਕਮਿਸ਼ਨਰ (ਸੀ. ਈ. ਸੀ.) ਗਿਆਨੇਸ਼ ਕੁਮਾਰ ਖਿਲਾਫ਼ ‘ਕਾਕਰੋਚ ਜਨਤਾ ਪਾਰਟੀ’ (ਸੀ. ਜੇ. ਪੀ.) ਦੇ 2 ਅਕਤੂਬਰ ਨੂੰ ਪ੍ਰਸਤਾਵਿਤ ਰੋਸ ਪ੍ਰਦਰਸ਼ਨ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਦੇਸ਼ ’ਚ ਜਵਾਬਦੇਹੀ ਅਤੇ ਚੋਣ ਪ੍ਰਕਿਰਿਆ ’ਚ ਸੁਧਾਰ ਦੇ ਯਤਨਾਂ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ। ਸੀ. ਜੇ. ਪੀ. ਦੇ ਪ੍ਰਸਤਾਵਿਤ ਅੰਦੋਲਨ ਨੂੰ ਸਮਰਥਨ ਦਿੰਦੇ ਹੋਏ ਵਾਂਗਚੁਕ ਨੇ ਕਿਹਾ ਕਿ ਉਹ ਰੋਸ ਪ੍ਰਦਰਸ਼ਨ ਦੌਰਾਨ ਸੰਭਵ ਤੌਰ ’ਤੇ ਨਿੱਜੀ ਤੌਰ ’ਤੇ ਮੌਜੂਦ ਨਹੀਂ ਰਹਿਣਗੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, “ਦੇਸ਼ ’ਚ ਜਵਾਬਦੇਹੀ ਬਿਹਤਰ ਕਰਨ ਲਈ ਜੋ ਵੀ ਯਤਨ ਹੋਣਗੇ, ਮੈਂ ਹਮੇਸ਼ਾ ਉਨ੍ਹਾਂ ਦੇ ਨਾਲ ਹਾਂ।’’ ਵਾਂਗਚੁਕ ਨੇ ਕਿਹਾ, ‘‘ਮੇਰੇ ਲਈ ਅੰਦੋਲਨਾਂ ਦਾ ਸਮਰਥਨ ਕਰਨ ਦਾ ਮਕਸਦ ਇਹੋ ਹੈ ਕਿ ਇਹ ਅੰਦੋਲਨ ਆਪਣੇ ਦਮ ’ਤੇ ਅੱਗੇ ਵਧਣ। ਹੁਣ ਇਸ ਮੁੱਦੇ ਨੂੰ ਲੈ ਕੇ ਕਈ ਲੋਕ ਸਾਹਮਣੇ ਆ ਗਏ ਹਨ ਅਤੇ ਇਹ ਦੇਖ ਕੇ ਮੈਨੂੰ ਖੁਸ਼ੀ ਹੈ, ਇਸ ਲਈ ਮੈਂ ਉਮੀਦ ਕਰਦਾ ਹਾਂ ਕਿ ਮੁੱਖ ਚੋਣ ਕਮਿਸ਼ਨਰ ਨਾਲ ਜੁੜੇ ਇਸ ਮੁੱਦੇ ’ਤੇ ਮੇਰੀ ਜ਼ਰੂਰਤ ਨਹੀਂ ਪਵੇਗੀ।’’ ਸੋਨਮ ਵਾਂਗਚੁਕ ਨੇ ਕਿਹਾ ਕਿ ਲੋਕਤੰਤਰਿਕ ਦੇਸ਼ ਲਈ ਚੋਣ ਪ੍ਰਕਿਰਿਆ ਸਭ ਤੋਂ ਮਹੱਤਵਪੂਰਨ ਲੋੜਾਂ ’ਚੋਂ ਇਕ ਹੈ ਅਤੇ ਇਸ ’ਚ ਸੁਧਾਰ ਦੀ ਜ਼ਰੂਰਤ ਹੈ।















