ਪਾਕਿਸਤਾਨ ‘ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਜ਼ਬਰ ਜਿਨਾਹ

ਲਾਹੌਰ : ਪਾਕਿਸਤਾਨ ਦੇ ਲਾਹੌਰ ਵਿੱਚ ‘ਡਿਫੈਂਸ ਹਾਊਸਿੰਗ ਅਥਾਰਟੀ’ ਖੇਤਰ ਦੇ ਇੱਕ ਫਲੈਟ ਵਿੱਚ ਲਿਜਾ ਕੇ ਤਿੰਨ ਵਿਅਕਤੀਆਂ ਵੱਲੋਂ 20 ਸਾਲਾ ਅਜ਼ਰਬਾਈਜਾਨੀ ਔਰਤ ਨਾਲ ਕਥਿਤ ਤੌਰ ‘ਤੇ ਸਮੂਹਿਕ ਜ਼ਬਰ ਜਿਨਾਹ ਕੀਤਾ ਗਿਆ। ਪੁਲਿਸ ਨੇ ਐਤਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।ਪੁਲਿਸ ਨੇ ਤਿੰਨਾਂ ਸ਼ੱਕੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਮੁੱਖ ਦੋਸ਼ੀ ਦੀ ਪਛਾਣ ਕਰ ਲਈ ਹੈ, ਜਦਕਿ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਪੁਲਿਸ ਅਧਿਕਾਰੀ ਅੰਜੁਮ ਬਸ਼ੀਰ ਨੇ ਦੱਸਿਆ ਕਿ ਇਹ ਔਰਤ ਕਾਰੋਬਾਰੀ ਕੰਮਾਂ ਲਈ ਦੋ ਹਫ਼ਤੇ ਤੋਂ ਵੱਧ ਸਮਾਂ ਪਹਿਲਾਂ ਬਾਕੂ ਤੋਂ ਪਾਕਿਸਤਾਨ ਆਈ ਸੀ ਅਤੇ ਲਾਹੌਰ ਦੇ ਰਾਇਵਿੰਡ ਇਲਾਕੇ ਵਿੱਚ ਰਹਿ ਰਹੀ ਸੀ। ਪੁਲਿਸ ਅਨੁਸਾਰ 25 ਸਤੰਬਰ ਦੀ ਰਾਤ ਨੂੰ ਕਰੀਬ 11 ਵਜੇ ਦੋ ਔਰਤਾਂ ਉਸਨੂੰ ‘ਡਿਫੈਂਸ ਹਾਊਸਿੰਗ ਅਥਾਰਟੀ’ ਖੇਤਰ ਦੇ ਇੱਕ ਕੈਫੇ ਵਿੱਚ ਲੈ ਗਈਆਂ, ਜਿੱਥੇ ਬਾਅਦ ਵਿੱਚ ਤਿੰਨ ਵਿਅਕਤੀ ਉਨ੍ਹਾਂ ਨਾਲ ਸ਼ਾਮਲ ਹੋ ਗਏ। ਪੁਲਿਸ ਨੇ ਦੱਸਿਆ ਕਿ ਬਾਅਦ ਵਿੱਚ ਇਨ੍ਹਾਂ ਵਿਅਕਤੀਆਂ ਨੇ ਔਰਤਾਂ ਨੂੰ ਆਪਣੀ ਗੱਡੀ ਵਿੱਚ ਛੱਡਣ ਦੀ ਪੇਸ਼ਕਸ਼ ਕੀਤੀ ਪਰ ਕਥਿਤ ਤੌਰ ‘ਤੇ ਪੀੜਤਾ ਨੂੰ ਇੱਕ ਫਲੈਟ ਵਿੱਚ ਲੈ ਗਏ, ਜਿੱਥੇ ਉਨ੍ਹਾਂ ਨੇ ਉਸਨੂੰ ਨਸ਼ੀਲਾ ਪਦਾਰਥ ਦਿੱਤਾ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ।
ਬਾਅਦ ਵਿੱਚ ਉਸਨੂੰ ਲਾਹੌਰ ਦੇ ਗਾਜ਼ੀ ਇੰਟਰਚੇਂਜ ਨੇੜੇ ਛੱਡ ਦਿੱਤਾ ਗਿਆ ਅਤੇ ਸ਼ੱਕੀਆਂ ਵੱਲੋਂ ਕਥਿਤ ਤੌਰ ‘ਤੇ ਉਸਦਾ ਆਈਫੋਨ ਵੀ ਲੈ ਲਿਆ ਗਿਆ।ਬਸ਼ੀਰ ਨੇ ਦੱਸਿਆ ਕਿ ਅਪਰਾਧ ਵਿੱਚ ਵਰਤੀ ਗਈ ਕਥਿਤ ਗੱਡੀ ਮੁੱਖ ਸ਼ੱਕੀ ਦੇ ਇੱਕ ਰਿਸ਼ਤੇਦਾਰ ਦੇ ਘਰੋਂ ਬਰਾਮਦ ਕਰ ਲਈ ਗਈ ਹੈ। ਪੁਲਿਸ ਉਨ੍ਹਾਂ ਦੋ ਔਰਤਾਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ ਜੋ ਕਥਿਤ ਤੌਰ ‘ਤੇ ਪੀੜਤਾ ਨੂੰ ਕੈਫੇ ਲੈ ਗਈਆਂ ਸਨ।ਪੁਲਿਸ ਨੇ ਦੱਸਿਆ ਕਿ ਤਿੰਨਾਂ ਮਰਦ ਸ਼ੱਕੀਆਂ ਦੇ ਦੇਸ਼ ਛੱਡਣ ‘ਤੇ ਰੋਕ ਲਗਾਉਣ ਲਈ ਉਨ੍ਹਾਂ ਦੇ ਨਾਂ ‘ਸਟਾਪ ਲਿਸਟ’ਵਿੱਚ ਵੀ ਸ਼ਾਮਲ ਕਰ ਦਿੱਤੇ ਗਏ ਹਨ। ਔਰਤ ਦੀ ਡਾਕਟਰੀ ਜਾਂਚ ਕਰਵਾਈ ਗਈ ਹੈ ਅਤੇ ਪਾਕਿਸਤਾਨ ਪੀਨਲ ਕੋਡ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।