ਡਾਇਰੀ/ ਨਿੰਦਰ ਘੁਗਿਆਣਵੀ
ਪਿਛਲੇ ਸਾਲ ਇੱਕ ਰਾਈਟਰ ਇਨ ਰੈਜੀਡੈਂਟ ਵਜੋਂ ਜਦੋਂ ਜਦ ਮੈਂ ਵਰਧਾ (ਮਹਾਂਰਾਸ਼ਟਰ) ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨਿਵਰਸਿਟੀ ਜੋਆਇਨ ਕੀਤੀ ਤਾਂ ਸਾਡੇ ਹਰਮਨ ਪਿਆਰੇ IPS ਅਫ਼ਸਰ, ਮੇਰੇ ਨੇੜਲੇ ਮਿੱਤਰ, ਦੀਪਕ ਪਾਰਿਕ ਨੇ ਫ਼ੋਨ ਕਰ ਕੇ ਪੁੱਛਿਆ, ”ਤੂੰ ਵਰਧਾ ਜ਼ਿਲ੍ਹੇ ਦੇ SSP ਸਾਹਬ ਦੀ ਕਹਾਣੀ ਪੜ੍ਹੀ ਹੈ? ਮੇਰੇ ਨਾਂਹ ਆਖਣ ‘ਤੇ ਦੀਪਕ ਪਾਰਿਕ ਨੇ ਵ੍ਹਾਟਸਐਪ ‘ਤੇ ਇੱਕ ਕਹਾਣੀ ਭੇਜੀ। ਰੋਚਕ ਗੱਲਬਾਤ ਸੀ ਤੇ ਹੋਰਨਾਂ ਨਾਲ ਸਾਂਝੀਕਰਨ ਯੋਗ ਵੀ ਸੀ। ਨੂਰ ਉਲ ਹਸਨ ਦੀ ਕਹਾਣੀ ‘ਤੇ ਜਿਸ ਦਿਨ ਮੈਂ ਜ਼ਿਲ੍ਹਾ ਪੁਲੀਸ ਮੁਖੀ ਵਰਧਾ ਜਨਾਬ ਨੂਰ ਉਲ ਹਸਨ IPS ਨੂੰ ਮਿਲਿਆ ਤਾਂ ਉਹਨਾਂ ਦੀ ਨਿੱਘੀ ਸ਼ਖਸੀਅਤ ਅਤੇ ਹਲੀਮੀ ਨੇ ਉਹਨਾਂ ਕੋਲੋਂ ਉੱਠਣ ਨਾ ਦਿੱਤਾ ਜਦ ਕਿ ਮੈਂ ਬਾਰ ਬਾਰ ਜਾਣ ਲਈ ਆਖਿਆ। UP ਦੀ ਅਦਾਲਤ ਦੇ ਇੱਕ ਜੱਜ ਦੇ ਅਰਦਲੀ ਦਾ ਮੁੰਡਾ IPS ਬਣ ਕੇ ਐਨਾ ਸੂਖਮ ਭਾਵੀ, ਪੜ੍ਹਨ ਲਿਖਣ ਦਾ ਸ਼ੌਕੀਨ, ਅਤੇ ਹੋਰਨਾਂ ਵਾਸਤੇ ਪ੍ਰੇਰਨਾ ਦਾ ਸ੍ਰੋਤ ਵੀ, ਇਹ ਚੰਗਾ ਸਬੱਬ ਹੀ ਸੀ। ਲੱਗਿਆ ਕਿ ਨੂਰ ਉਲ ਹਸਨ ਜਿਵੇਂ ਮੈਨੂੰ ਹੀ ਉਡੀਕ ਰਿਹਾ ਸੀ ਬੈਠਾ … ਖ਼ੈਰ!
****
UP ਦੇ ਪੀਲੀਭੀਤ ਨੇੜੇ ਇੱਕ ਛੋਟਾ ਜਿਹਾ ਪਿੰਡ ਹੈ ਹਰਰਾਏਪੁਰ। ਪਿੰਡ ਦੇ ਇੱਕ ਗ਼ਰੀਬ ਪਰਿਵਾਰ ਦਾ ਮੁੰਡਾ ਨੂਰ ਉਲ ਆਪਣੀ ਮੁੱਢਲੀ ਪੜਾਈ ਪਿੰਡ ਦੇ ਹੀ ਸਕੂਲ ‘ਚੋਂ ਹਿੰਦੀ ਮੀਡੀਅਮ ਰਾਹੀਂ ਕਰਦਾ ਹੈ। ਜਿਵੇਂ ਜਿਕਰ ਕੀਤਾ ਹੈ ਕਿ ਪਿਤਾ ਜੀ ਜੱਜ ਦੇ ਅਰਦਲੀ ਸਨ ਅਤੇ ਘਰ ਦਾ ਤੋਰਾ ਔਖਾ ਹੀ ਤੁਰਦਾ ਸੀ। ਜਦ ਨੂਰ ਉਲ ਨੇ ਬਾਰਵੀਂ ਪਾਸ ਕਰ ਲਈ ਤਾਂ BTech ਕਰਨੀ ਸੀ ਅਤੇ ਪਿਤਾ ਜੀ ਕੋਲ ਪੈਸੇ ਨਹੀਂ ਸਨ। ਪੈਂਤੀ ਹਜ਼ਾਰ ਰੁਪਏ ਦੀ ਲੋੜ ਸੀ। ਪਿਤਾ ਜੀ ਨੇ ਪਿੰਡ ਵਾਲੀ ਆਪਣੀ ਇੱਕ ਏਕੜ ਜਮੀਨ ਵੇਚ ਦਿੱਤੀ। ਨੂਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ‘ਚ ਚਲਾ ਗਿਆ, ਅਤੇ ਅੱਗੇ ਫ਼ੀਸ ਭਰਨ ਵਾਸਤੇ ਉਸ ਨੇ ਫ਼ਿਜ਼ਿਕਸ ਅਤੇ ਕਮਿਸਟਰੀ ਦੀ ਟਿਊਸ਼ਿਨ ਪੜਾਉਣੀ ਸ਼ੁਰੂ ਕਰ ਦਿੱਤੀ। BTech ਹੋ ਗਈ। ਹੁਣ ਦੋ ਛੋਟੇ ਭਰਾਵਾਂ ਦੀ ਪੜ੍ਹਾਈ ਦਾ ਵੀ ਉਸ ਨੂੰ ਫ਼ਿਕਰ ਸੀ, ਸੋ ਉਸ ਨੇ ਸਿਮੇਨਿਸ ਨਾਮੀਂ ਇੱਕ ਵੱਡੀ ਕੰਪਨੀ ‘ਚ ਨੌਕਰੀ ਕਰਨੀ ਸ਼ੁਰੂ ਕੀਤੀ ਅਤੇ ਆਪ ਵੀ ਅੱਗੇ ਪੜ੍ਹਦਾ ਗਿਆ। ਉਸ ਨੇ ਭਾਭਾ ਔਟੋਮੈਟਿਕ ਰੀਸਰਚ ਇੰਸਟੀਚਿਊਟ ‘ਚ ਇੰਟਰਵਿਊ ਦਿੱਤੀ, ਅਤੇ ਉਹ ਤਾਰਾਪੁਰ ਸੈਂਟਰ ਵਿੱਚ ਵਿਗਿਆਨੀ ਵਜੋਂ ਨਿਯੁਕਤ ਹੋ ਗਿਆ। ਚੰਗੀ ਤਨਖ਼ਾਹ ਅਤੇ ਵਧੀਆ ਪਦਵੀ ਸੀ, ਉਹ ਫ਼ਿਰ ਵੀ ਪੜ੍ਹਦਾ ਰਿਹਾ ਅਤੇ IAS ਦੀ ਤਿਆਰੀ ‘ਚ ਜੁਟ ਗਿਆ। ਦੋ ਵਾਰੀ ਸਫ਼ਲ ਨਾ ਹੋਇਆ ਪਰ ਯਤਨ ਜਾਰ ੀ ਰੱਖਿਆ। ਉਸਨੇ ਮਨ ‘ਚ ਧਾਰੀ ਹੋਈ ਸੀ ਕਿ ਸਮਾਜ ਨੂੰ ਕੁੱਝ ਕਰਅਕੇ ਵਿਖਾਉਣਾ ਹੈ ਤੇ ਕਠਿਨ ਮਿਹਨਤ ਕਰਨੀ ਹੀ ਕਰਨੀ ਹੈ। ਪੀਲੀਭੀਤ ਦੇ ਇੱਕ ਗੁਰਦੁਆਰੇ ਵਿੱਚ ਜਾ ਜਾ ਕੇ ਪੰਜਾਬੀ ਸਿੱਖੀ ਤੇ ਕਈ ਸਾਲ ਗੁਰੂ ਘਰ ਦੇ ਸਕੂਲੇ ਪੜ੍ਹਿਆ। ਆਖਿਰ 2015 ਵਿੱਚ ਨੂਰ ਉਲ ਹਸਨ ਮਹਾਂਰਾਸ਼ਟਰ ਪ੍ਰਾਂਤ ਵਾਸਤੇ IPS ਚੁਣਿਆ ਗਿਆ। ਕਈ-ਕਈ ਥਾਈਂ ਰਹਿ ਕੇ ਉਹ ਪਿਛਲੇ ਸਾਲ ਹੀ ਵਰਧਾ ਦਾ ਜ਼ਿਲ੍ਹਾ ਪੁਲਿਸ ਮੁਖੀ ਬਣਿਆ। ਉਹ ਆਪਣਾ ਆਦਰਸ਼ ਡਾ. ਏ. ਪੀ. ਜੇ ਅਬਦੁਲ ਕਲਾਮ ਨੂੰ ਮੰਨਦਾ ਹੈ। ਉਸ ਨੇ ਸਿੱਧ ਕੀਤਾ ਹੈ ਕਿ ਜਿਨ੍ਹਾਂ ਨੇ ਆਪਣੀ ਮੰਜਿਲ ਪਾਉਣੀ ਹੁੰਦੀ ਹੈ, ਉਨਾਂ ਲਈ ਗ਼ਰੀਬੀ ਅਤੇ ਧਰਮ ਵਰਗੇ ਸ਼ਬਦ ਕੋਈ ਮਾਇਨੇ ਨਹੀਂ ਰੱਖਦੇ ਅਤੇ ਉਨ੍ਹਾਂ ਦੀਆਂ ਕੀਤੀਆਂ ਮਿਹਨਤਾਂ ਨੂੰ ਹੀ ਮੇਵੇ ਮਿਲਦੇ ਨੇ। ਸ਼ੁਭ ਇਛਾਵਾਂ ਨੂਰ ਉਲ ਹਸਨ ਭਾਈ!
(ਲੰਬੇ ਲੇਖ ‘ਚੋਂ ਕੁੱਝ ਹਿੱਸਾ)















