ਬੌਲੀਵੁਡ ਸੁਪਰਸਟਾਰ ਸਲਮਾਨ ਖ਼ਾਨ ਅਤੇ ਪੂਜਾ ਹੇਗੜੇ ਸਟਰਾਰ ਫ਼ਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਇਸ ਈਦ ‘ਤੇ ਧਮਾਲ ਮਚਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫ਼ਿਲਮ ਦੇ ਗਾਣੇ ਨੇ ਪਹਿਲਾਂ ਹੀ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ, ਉਥੇ ਹੀ ਟਰੇਲਰ ਨੂੰ ਵੀ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਫ਼ਰਹਾਦ ਸਾਮਜੀ ਵਲੋਂ ਨਿਰਦੇਸ਼ਿਤ ਇਸ ਫ਼ਿਲਮ ‘ਚ TV ਅਦਾਕਾਰ ਸਿਧਾਰਥ ਨਿਗਮ, ਸ਼ਹਿਨਾਜ਼ ਗਿੱਲ, ਪਲਕ ਤਿਵਾਰੀ, ਸਾਊਥ ਸਟਾਰ ਵੈਂਕਟੇਸ਼, ਪੰਜਾਬੀ ਅਦਾਕਾਰ ਜੱਸੀ ਗਿੱਲ ਅਤੇ ਭੂਮਿਕਾ ਚਾਵਲਾ ਵਰਗੇ ਸਟਾਰ ਵੀ ਨਜ਼ਰ ਆਉਣਗੇ। ਕਿਸੀ ਕਾ ਭਾਈ ਕਿਸੀ ਕੀ ਜਾਨ 21 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਇਸ ਬਾਰੇ ਪੂਜਾ ਹੇਗੜੇ ਨੇ ਅਜੀਤ ਵੀਕਲੀ, ਪੰਜਾਬ ਕੇਸਰੀ, ਨਵੋਦਿਆ ਟਾਈਮਜ਼, ਜਗ ਬਾਣੀ, ਹਿੰਦ ਸਮਾਚਾਰ, ਆਦਿ ਨਾਲ ਇੱਕ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼:
ਫ਼ਿਲਮਾਂ ਤਾਂ ਤੁਸੀਂ ਬਹੁਤ ਕੀਤੀਆਂ ਹਨ, ਪਰ ਸਲਮਾਨ ਖ਼ਾਨ ਨਾਲ ਕੰਮ ਕਰਨ ਲਈ ਤੁਸੀ ਕਿੰਨੇ ਉਤਸ਼ਾਹਿਤ ਸੀ?
”ਮੈਂ ਇਸ ਫ਼ਿਲਮ ਲਈ ਬਹੁਤ ਉਤਸ਼ਾਹਿਤ ਸੀ ਕਿਉਂਕਿ ਸਲਮਾਨ ਸਰ ਦੀ ਫ਼ਿਲਮ ਦਾ ਇੱਕ ਐਡਵਾਟੇਂਜ ਇਹ ਹੈ ਕਿ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਹਾਡੀ ਫ਼ਿਲਮ ਅਣਗਿਣਤ ਦਰਸ਼ਕਾਂ ਤਕ ਪੁੱਜਣ ਵਾਲੀ ਹੈ। ਜ਼ਿਆਦਾਤਰ ਸਾਰੇ ਫ਼ਿਲਮ ਵੇਖਣ ਵਾਲੇ ਹਨ ਅਤੇ ਇਹ ਬਹੁਤ ਚੰਗੀ ਗੱਲ ਹੈ ਕਿ ਇਸ ਫ਼ਿਲਮ ‘ਚ ਮੇਰਾ ਜੋ ਰੋਲ ਹੈ, ਉਹ ਬਹੁਤ ਮਹੱਤਵਪੂਰਣ ਅਤੇ ਵੱਡਾ ਹੈ। ਸਲਮਾਨ ਸਰ ਦੀ ਫ਼ਿਲਮ ‘ਚ ਕੰਮ ਕਰਨਾ ਮੇਰੇ ਲਈ ਬਹੁਤ ਵੱਡੀ ਗੱਲ ਹੈ ਜਿਸ ਲਈ ਮੈਂ ਬੇਹੱਦ ਖ਼ੁਸ਼ ਹਾਂ। ਫ਼ਿਲਮ ਦਾ ਟਰੇਲਰ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਇਸ ‘ਚ ਸਾਡੇ ਦੋਵਾਂ ਦੇ ਜੋ ਛੋਟੇ-ਛੋਟੇ ਪਲ ਸਨ, ਉਹ ਸਾਰਿਆਂ ਨੂੰ ਬਹੁਤ ਚੰਗੇ ਲੱਗੇ। ਫ਼ਿਲਮ ਵੀ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਵੇਗੀ।”
ਤੁਸੀਂ ਇਸ ਫ਼ਿਲਮ ਨਾਲ ਕਿੰਝ ਜੁੜੇ?
”ਸਲਮਾਨ ਸਰ ਨੇ ਜਿਵੇਂ ਕਿ ਮੈਨੂੰ ਕਿਹਾ ਸੀ ਕਿ ਅਸੀਂ ਇਕੱਠੇ ਕੰਮ ਕਰਾਂਗੇ ਤਾਂ ਇਹ ਉਸੇ ਦਾ ਨਤੀਜਾ ਹੈ। ਇਸ ਤੋਂ ਇਲਾਵਾ ਮੈਂ ਸਾਜਿਦ ਨਾਡੀਆਡਵਾਲਾ ਸਰ ਦੇ ਨਾਲ ਹਾਊਸਫ਼ੁਲ ‘ਚ ਕੰਮ ਕਰ ਚੁੱਕੀ ਸੀ। ਉਨ੍ਹਾਂ ਨੂੰ ਇਸ ਫ਼ਿਲਮ ਲਈ ਇੱਕ ਤੇਲਗੂ ਲੜਕੀ ਚਾਹੀਦੀ ਸੀ ਜਿਸ ‘ਚ ਇਸ ਕਿਰਦਾਰ ਨੂੰ ਪਲੇਅ ਕਰਨ ਦੀ ਯੋਗਤਾ ਹੋਵੇ ਅਤੇ ਮੇਰੇ ‘ਚ ਉਹ ਸਭ ਕੁਝ ਸੀ ਤਾਂ ਸਭ ਕੁਝ ਆਪਣੇ-ਆਪ ਹੁੰਦਾ ਚਲਾ ਗਿਆ।”
ਤੁਸੀਂ ਬਚਪਨ ਤੋਂ ਹੀ ਇੱਕ ਅਦਾਕਾਰਾ ਬਣਨਾ ਚਾਹੁੰਦੇ ਸੀ ਜਾਂ ਕੋਈ ਹੋਰ ਸੁਪਨਾ ਸੀ?
”ਮੈਂ ਇੱਕ ਅਜਿਹੀ ਫ਼ੈਮਿਲੀ ਤੋਂ ਆਉਂਦੀ ਹਾਂ ਜਿਥੇ ਦੂਰ-ਦੂਰ ਤਕ ਫ਼ਿਲਮਾਂ ਨਾਲ ਕਿਸੇ ਦਾ ਕੋਈ ਸਬੰਧ ਨਹੀਂ ਸੀ, ਇਸ ਲਈ ਮੈਂ ਕਦੇ ਆਪਣੀ ਲਾਈਫ਼ ‘ਚ ਸੋਚਿਆ ਹੀ ਨਹੀਂ ਸੀ ਕਿ ਮੈਂ ਅਦਾਕਾਰਾ ਬਣਨਾ ਹੈ। ਮੇਰੀ ਫ਼ੈਮਿਲੀ ‘ਚ ਇੰਜੀਨੀਅਰਜ਼, ਡਾਕਟਰਜ਼, ਵਕੀਲ ਸਾਰੇ ਹਨ ਤਾਂ ਮੇਰਾ ਅਦਾਕਾਰਾ ਬਣਨ ਦਾ ਕੋਈ ਚਾਂਸ ਨਹੀਂ ਸੀ, ਪਰ ਮੇਰੇ ਲਈ ਪਹਿਲਾਂ ਤੋਂ ਹੀ ਪਲਾਨ ਬਣਿਆ ਹੋਇਆ ਸੀ ਕਿ ਮੈਂ ਇਸ ਫ਼ਿਲਮ ਇੰਡਸਟਰੀ ‘ਚ ਆਵਾਂਗੀ। ਮੈਂ ਸ਼ੁਰੂਆਤ ਤੋਂ ਹੀ ਬਹੁਤ ਰਿਜ਼ਵਰਡ ਤੇ ਸ਼ਰਮੀਲੇ ਸੁਭਾਅ ਦੀ ਸੀ, ਪਰ ਇੱਕ ਅਦਾਕਾਰਾ ਦੇ ਤੌਰ ‘ਤੇ ਤੁਹਾਨੂੰ ਖ਼ੁਦ ਨੂੰ ਐਕਸਪ੍ਰੈੱਸ ਕਰਨਾ ਹੁੰਦਾ ਹੈ, ਹੌਲੀ-ਹੌਲੀ ਮੈਂ ਸਭ ਸਿੱਖਿਆ। ਕੁੱਲ ਮਿਲਾ ਕੇ ਮੇਰੀ ਜਰਨੀ ਚੰਗੀ ਤੇ ਯਾਦਗਾਰ ਰਹੀ।”
ਤੁਹਾਡਾ ਫ਼ੈਸ਼ਨ ਸੈਂਸ ਬਹੁਤ ਚੰਗਾ ਹੈ, ਪਾਠਕਾਂ ਨੂੰ ਇਸ ਨਾਲ ਰਿਲੇਟਿਡ ਕੋਈ ਟਿਪਸ ਦੇਣਾ ਚਾਹੋਗੇ ਜੋ ਉਨ੍ਹਾਂ ਦੇ ਕੰਮ ਆਉਣ?
ਜਿਨ੍ਹਾਂ ਕੱਪੜਿਆਂ ‘ਚ ਤੁਸੀਂ ਕਮਫ਼ਰਟੇਬਲ ਫ਼ੀਲ ਕਰਦੇ ਹੋ, ਤੁਸੀਂ ਉਹੀ ਪਹਿਨੋ। ਜਦੋਂ ਤੁਸੀਂ ਕਫ਼ਰਟੇਬਲ ਹੁੰਦੇ ਹੋ ਤਾਂ ਤੁਹਾਡੀ ਐਨਰਜੀ ਅਤੇ ਚੱਲਣ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਜਾਂਦਾ ਹੈ। ਮੇਰੇ ਹਿਸਾਬ ਨਾਲ ਫ਼ੈਸ਼ਨ ਦਾ ਇਹੀ ਇੱਕ ਐਡਵਾਂਟੇਜ ਹੈ ਕਿ ਉਹ ਇੱਕ ਯੂਨੀਫ਼ੌਰਮ ਦੀ ਤਰ੍ਹਾਂ ਬਣ ਜਾਂਦੇ ਹਨ। ਜਿਵੇਂ ਜੇਕਰ ਤੁਸੀਂ ਪਾਇਲਟ ਹੋ ਤਾਂ ਉਸ ਦੀ ਯੂਨੀਫ਼ੌਰਮ ਪਾਉਂਦੇ ਹੀ ਤੁਹਾਨੂੰ ਅੰਦਰੋਂ ਇੱਕ ਵੱਖਰੀ ਫ਼ੀਲ ਆਉਂਦੀ ਹੈ। ਉਥੇ ਹੀ ਜੇਕਰ ਤੁਸੀਂ ਆਰਮੀ ਅਫ਼ਸਰ ਦਾ ਰੋਲ ਨਿਭਾਅ ਰਹੇ ਹੋ ਤਾਂ ਤੁਹਾਨੂੰ ਉਸ ਯੂਨੀਫ਼ੌਰਮ ‘ਚ ਇੱਕ ਵੱਖਰਾ ਹੀ ਕੌਨਫ਼ੀਡੈਂਸ ਫ਼ੀਲ ਹੁੰਦਾ ਹੈ। ਤੁਹਾਨੂੰ ਜੋ ਚੰਗਾ ਲੱਗੇ, ਉਹ ਪਹਿਨੋ।”
ਸਲਮਾਨ ਦੇ ਨਾਲ ਤੁਹਾਡੀ ਪਹਿਲੀ ਮੁਲਾਕਾਤ ਕਿਵੇਂ ਦੀ ਸੀ?
ਮੈਨੂੰ ਫ਼ਿਲਮ ਤੋਂ ਇਲਾਵਾ ਉਨ੍ਹਾਂ ਦੇ ਨਾਲ ਪਹਿਲੀ ਮੁਲਾਕਾਤ ਤਾਂ ਯਾਦ ਨਹੀਂ ਹੈ, ਪਰ ਸ਼ਾਇਦ ਅਸੀਂ ਕਿਸੇ ਈਵੈਂਟ ‘ਚ ਮਿਲੇ ਹੋਵਾਂਗੇ। ਜਦੋਂ ਅਸੀਂ ਮਿਲੇ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਕਦੇ ਇਕੱਠੇ ਕੰਮ ਕਰਾਂਗੇ ਤੇ ਵੇਖੋ ਉਹ ਦਿਨ ਵੀ ਆ ਗਿਆ ਕਿ ਹੁਣ ਜਲਦ ਹੀ ਸਾਡੀ ਫ਼ਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਰਿਲੀਜ਼ ਹੋਣ ਵਾਲੀ ਹੈ।
ਪਹਿਲੇ ਦਿਨ ਜਦੋਂ ਸੈੱਟ ‘ਤੇ ਸ਼ੂਟਿੰਗ ਲਈ ਜਾਣਾ ਸੀ ਤਾਂ ਤੁਸੀਂ ਨਰਵਸ ਸੀ ਜਾਂ ਨਹੀਂ?
ਨਰਵਸਨੈੱਸ ਤਾਂ ਹਮੇਸ਼ਾ ਰਹਿੰਦੀ ਹੈ, ਪਰ ਇਹ ਵੀ ਇੱਕ ਚੰਗੀ ਚੀਜ਼ ਹੈ। ਜਦੋਂ ਤੁਸੀਂ ਨਰਵਸ ਹੁੰਦੇ ਹੋ ਤਾਂ ਤੁਸੀਂ ਆਪਣੇ ਕੰਮ ‘ਚ 100 ਫ਼ੀਸਦੀ ਦਿੰਦੇ ਹੋ। ਉਥੇ ਹੀ ਸਲਮਾਨ ਸਰ ਦੇ ਨਾਲ ਜ਼ਿਆਦਾ ਨਰਵਸਨੈੱਸ ਇਸ ਲਈ ਹੁੰਦੀ ਕਿਉਂਕਿ ਉਨ੍ਹਾਂ ਦੇ ਦਿਮਾਗ਼ ‘ਚ ਜੋ ਹੁੰਦਾ ਹੈ ਉਹ ਤੁਰੰਤ ਬੋਲ ਦਿੰਦੇ ਹਨ। ਉਨ੍ਹਾਂ ਦੀਆਂ ਇਹੀ ਗੱਲਾਂ ਸੁਣ ਕੇ ਲੋਕ ਘਬਰਾ ਜਾਂਦੇ ਹਨ। ਉਹ ਬਹੁਤ ਈਮਾਨਦਾਰ ਅਤੇ ਜ਼ਮੀਨ ਨਾਲ ਜੁੜੇ ਹੋਏ ਵਿਅਕਤੀ ਹਨ, ਜੋ ਕਿਸੇ ਤੋਂ ਕੁਝ ਲੁਕਾਉਂਦੇ ਨਹੀਂ। ਉਥੇ ਹੀ ਜਦੋਂ ਉਹ ਸੈੱਟ ‘ਤੇ ਐਂਟਰ ਕਰਦੇ ਹਨ ਤਾਂ ਸਾਰਾ ਮਾਹੌਲ ਇਕਦਮ ਬਦਲ ਜਾਂਦਾ ਹੈ। ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਸਟਾਰ ਸੈੱਟ ‘ਤੇ ਆ ਰਿਹਾ ਹੈ ਪਰ ਸੈੱਟ ‘ਤੇ ਆਉਣ ਤੋਂ ਬਾਅਦ ਉਹ ਇਕਦਮ ਫ਼ਰੈਂਡਲੀ ਹੋ ਜਾਂਦੇ ਹਨ। ਪੂਰਾ ਫ਼ੋਕਸ ਕੰਮ ‘ਤੇ ਰੱਖਦੇ ਹਨ ਅਤੇ ਆਪਣੀ ਵੈਨਿਟੀ ਵੈਨ ‘ਚ ਵੀ ਜ਼ਿਆਦਾ ਨਹੀਂ ਜਾਂਦੇ।











