ਲਖਨਊ : ਬਸਪਾ ਸੁਪਰੀਮੋ ਮਾਇਆਵਤੀ ਵਿਰੁੱਧ ਦਯਾਸ਼ੰਕਰ ਸਿੰਘ ਦੀ ਗਲਤ ਸ਼ਬਦਾਵਲੀ ਭਾਜਪਾ ‘ਤੇ ਭਾਰੀ ਪੈਂਦੀ ਵਿਖਾਈ ਦੇ ਰਹੀ ਹੈ। ਬਸਪਾ ਨੇ ਮਾਇਆਵਤੀ ਨੂੰ ਅਪਮਾਨਿਤ ਕਰਨ ਵਾਲੀ ਟਿੱਪਣੀ ਵਿਰੁੱਧ ਭਾਜਪਾ ‘ਤੇ ਵੱਡੇ ਹਮਲੇ ਦੀ ਰਣਨੀਤੀ ਬਣਾਈ ਹੈ। ਬਸਪਾ ਵੀਰਵਾਰ ਨੂੰ ਲਖਨਊ ‘ਚ ਇਕ ਵੱਡੇ ਪ੍ਰਦਰਸ਼ਨ ਦੀ ਤਿਆਰੀ ਕਰ ਰਹੀ ਹੈ। ਗੌਰਤਲਬ ਹੈ ਕਿ ਭਾਜਪਾ ਨੇਤਾ ਦਯਾਸ਼ੰਕਰ ਸਿੰਘ ਨੇ ਮਾਇਆਵਤੀ ਦੀ ਤੁਲਨਾ ਵੇਸ਼ਯਾ ਨਾਲ ਕਰ ਦਿੱਤੀ ਸੀ।
ਹਾਂਲਾਕਿ ਭਾਜਪਾ ਨੇ ਤਤਕਾਲ ਇਸ ਮਾਮਲੇ ‘ਤੇ ਮਾਫੀ ਮੰਗਦੇ ਹੋਏ ਬੁੱਧਵਾਰ ਨੂੰ ਦਯਾਸ਼ੰਕਰ ਸਿੰਘ ਨੂੰ ਯੂ. ਪੀ ਭਾਜਪਾ ਦੇ ਪ੍ਰਦੇਸ਼ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ। ਦਯਾਸ਼ੰਕਰ ਸਿੰਘ ਨੇ ਵੀ ਤਤਕਾਲ ਮਾਇਆਵਤੀ ਅਤੇ ਬਸਪਾ ਵਰਕਰਾਂ ਤੋਂ ਮਾਫੀ ਮੰਗੀ, ਪਰ ਮਾਇਆਵਤੀ ਇਸ ਮਾਮਲੇ ‘ਚ ‘ਰਹਿਮ’ ਦੇ ਮੂਡ ‘ਚ ਨਹੀਂ ਦਿਸ ਰਹੀ ਹੈ।
ਬਸਪਾ ਨੇ ਆਪਣੀ ਪਾਰਟੀ ਦੇ ਸਾਰੇ ਨੇਤਾਵਾਂ ਅਤੇ ਵਰਕਰਾਂ ਨੂੰ ਵੀਰਵਾਰ ਲਖਨਊ ‘ਚ ਇਕੱਠੇ ਹੋਣ ਦੀ ਬੇਨਤੀ ਕੀਤੀ ਹੈ। ਇਸ ‘ਚ ਬਸਪਾ ਦੇ ਸਾਰੇ ਸਾਂਸਦ, ਵਿਧਾਇਕ, ਐੱਮ. ਐੱਲ. ਸੀ, ਜ਼ਿਲ੍ਹਾ ਅਤੇ ਵਿਧਾਨਸਭਾ ਕੋਆਰਡੀਨੇਟਰਾਂ ਨੂੰ ਬੁਲਾਇਆ ਗਿਆ ਹੈ। ਭਾਜਪਾ ਵਿਰੁੱਧ ਇਕ ਵੱਡੇ ਪ੍ਰਦਰਸ਼ਨ ਦੀ ਤਿਆਰੀ ਤਹਿਤ ਅਜਿਹਾ ਨਿਰਦੇਸ਼ ਜਾਰੀ ਕੀਤਾ ਗਿਆ ਹੈ।
ਧਿਆਨ ਰਹੇ ਕਿ ਭਾਜਪਾ ਨੇਤਾ ਦਯਾਸ਼ੰਕਰ ਸਿੰਘ ਨੇ ਕਿਹਾ ਸੀ ਕਿ ਉਹ (ਮਾਇਆਵਤੀ) ਵੇਸ਼ਯਾ ਤੋਂ ਵੀ ਬਦਤਰ ਹੈ ਅਤੇ ਸਭ ਤੋਂ ਉੱਚੇ ਦਾਮ ਦੇਣ ਵਾਲੇ ਪਾਰਟੀ ਟਿਕਟ ਦਿੰਦੀ ਹੈ। ਦਯਾਸ਼ੰਕਰ ਦੇ ਇਸ ਬਿਆਨ ‘ਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ। ਯੂ. ਪੀ ਭਾਜਪਾ ਦੇ ਪ੍ਰਦੇਸ਼ ਮੁਖੀ ਕੇਸ਼ਵ ਪ੍ਰਸਾਦ ਮੌਰਯਾ ਨੇ ਤੁਰੰਤ ਇਸ ‘ਤੇ ਮਾਫੀ ਮੰਗੀ। ਮੌਰਯਾ ਨੇ ਕਿਹਾ ਕਿ ਜੇਕਰ ਦਯਾਸ਼ੰਕਰ ਆਪਣੀ ਟਿੱਪਣੀ ਲਈ ਮਾਫੀ ਨਹੀਂ ਮੰਗਦੇ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।















