ਚੰਡੀਗੜ – ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਅੱਜ ਇਥੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਮੈਂਬਰ ਪਾਰਲੀਮੈਂਟ ਦੀ ਮੰਗ ਦੀ ਹਮਾਇਤ ਕੀਤੀ ਕਿ ਮੋਦੀ ਸਰਕਾਰ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਨੂੰ ਪੰਜਾਬ ਲੈ ਕੇ ਆਵੇ।
ਖਹਿਰਾ ਨੇ ਕਿਹਾ ਕਿ ਮਹਾਰਾਣਾ ਰਣਜੀਤ ਸਿੰਘ ਸਿੱਖ ਕੋਮ ਦਾ ਮਾਣ ਹਨ ਅਤੇ ਉਹਨਾਂ ਨੇ ਅਜ਼ਾਦ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ।ਮਹਾਰਾਜਾ ਰਣਜੀਤ ਸਿੰਘ ਦੇ ੪੦ ਸਾਲਾਂ ਸ਼ਾਸਨਕਾਲ ਦੀ ਅੱੱਜ ਵੀ ਮਿਸਾਲ ਦਿੱਤੀ ਜਾਂਦੀ ਹੈ, ਜਿਸ ਵਿੱਚ ਕਿ ਕਿਸੇ ਵੀ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ ਸੀ। ਇੱਕ ਚੰਗੇ ਸ਼ਾਸਕ ਹੋਣ ਦੇ ਨਾਲ ਨਾਲ ਉਹ ਗੁਰੂ ਘਰ ਨੂੰ ਵੀ ਪੂਰੀ ਤਰਾਂ ਨਾਲ ਸਮਰਪਿਤ ਸਨ ਅਤੇ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਸੋਨੇ ਦੀ ਸੇਵਾ ਵੀ ਕਰਵਾਈ ਸੀ। ਉਹਨਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਉੱਪਰ ਕਬਜ਼ਾ ਕਰ ਲਿਆ ਅਤੇ ੧੫ ਸਾਲ ਦੀ ਉਮਰ ਦੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਮਾਂ ਤੋਂ ਅਲੱਗ ਕਰਕੇ ਇੰਗਲੈਂਡ ਭੇਜ ਦਿੱਤਾ ਅਤੇ ਉਸ ਦਾ ਧਰਮ ਪਰਿਵਰਤਨ ਕਰਵਾ ਕੇ ਈਸਾਈ ਮਤ ਅਨੁਸਾਰ ਪਾਲਣ ਪੋਸ਼ਣ ਕੀਤਾ ਗਿਆ।
ਲੰਬੇ ਸਮੇਂ ਬਾਅਦ ੧੮੬੧ ਵਿੱਚ ਆਪਣੀ ਮਾਂ ਨੂੰ ਮਿਲਣ ਉਪਰੰਤ ਉਸ ਨੂੰ ਭਾਰਤ ਵਿਚਲੇ ਸਿੱਖ ਸਾਮਰਾਜ ਦੇ ਵੱਡਮੁੱਲੇ ਇਤਿਹਾਸ ਬਾਰੇ ਪਤਾ ਚੱਲਿਆ। ਉਸ ਨੂੰ ਪਤਾ ਚਲਿਆ ਕਿ ਕਿਵੇਂ ਅੰਗਰੇਜਾਂ ਨੇ ਉਸ ਦੇ ਸ਼ਾਸਨ ਉੱਪਰ ਕਬਜ਼ਾ ਕੀਤਾ ਅਤੇ ਉਸ ਨੇ ਆਪਣੀ ਮਾਂ ਦੀ ਮੋਤ ਉਪਰੰਤ ਆਪਣੇ ਦੇਸ਼ ਜਾਣ ਦੀ ਮੰਗ ਕੀਤੀ, ਜਿਸ ਦੇ ਉਪਰੰਤ ਉਸ ਨੂੰ ਅੰਗਰੇਜਾਂ ਵੱਲੋਂ ਬਾਗੀ ਕਰਾਰ ਦਿੱਤਾ ਗਿਆ। ੫੫ ਸਾਲਾਂ ਦੀ ਉਮਰ ਵਿੱਚ ਪੈਰਿਸ ਵਿਖੇ ਸਵਰਗਵਾਸ ਹੋਣ ਉਪਰੰਤ ਉਸ ਦਾ ਇੰਗਲੈਂਡ ਦੇ ਐਲਵੇਡਿਨ ਇਸਟੇਟ ਵਿੱਚ ਈਸਾਈ ਰਸਮਾਂ ਅਨੁਸਾਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹਨਾਂ ਦੀ ਅੰਤਿਮ ਇੱਛਾ ਅਨੁਸਾਰ ਉਹਨਾਂ ਦੀਆਂ ਅੰਤਿਮ ਰਸਮਾਂ ਵਾਸਤੇ ਲਾਸ਼ ਨੂੰ ਭਾਰਤ ਨਹੀਂ ਭੇਜਿਆ ਗਿਆ ਕਿਉਂਕਿ ਅੰਗਰੇਜਾਂ ਨੂੰ ਡਰ ਸੀ ਕਿ ਜੇਕਰ ਪੰਜਾਬ ਦੇ ਆਖਿਰੀ ਰਾਜੇ ਦੀਆਂ ਅੰਤਿਮ ਰਸਮਾਂ ਭਾਰਤ ਵਿੱਚ ਕੀਤੀਆਂ ਗਈਆਂ ਤਾਂ ਲੋਕਾਂ ਵਿੱਚ ਬ੍ਰਿਟਿਸ਼ ਸ਼ਾਸਨ ਪ੍ਰਤੀ ਗੁੱਸੇ ਅਤੇ ਰੋਹ ਦੀ ਭਾਵਨਾ ਹੋਰ ਜਿਆਦਾ ਪ੍ਰਬਲ ਹੋ ਜਾਵੇਗੀ।
ਖਹਿਰਾ ਨੇ ਕਿਹਾ ਕਿ ਵਿਸਵ ਭਰ ਵਿੱਚ ਵੱਸਦੇ ਪੰਜਾਬੀਆਂ ਅਤੇ ਸਿੱਖਾਂ ਦੀ ਇਹ ਦਿਲੀ ਖਵਾਹਿਸ਼ ਹੈ ਕਿ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਪੰਜਾਬ ਵਿੱਚ ਲਿਆਂਦੀਆਂ ਜਾਣ ਤਾਂ ਜੋ ਉਹਨਾਂ ਦਾ ਅੰਤਿਮ ਸੰਸਕਾਰ ਸਿੱਖ ਰਵਾਇਤਾਂ ਅਨੁਸਾਰ ਹੋ ਸਕੇ। ਖਹਿਰਾ ਨੇ ਕਿਹਾ ਕਿ ਇਹ ਸਿੱਖ ਕੋਮ ਦਾ ਇੱਕ ਬਹੁਤ ਹੀ ਗੰਭੀਰ ਅਤੇ ਸੰਵੇਦਨਸ਼ੀਲ ਮਸਲਾ ਹੈ ਜਿਸ ਬਾਰੇ ਮੋਦੀ ਸਰਕਾਰ ਵੱਲੋਂ ਬ੍ਰਿਟਿਸ਼ ਸਰਕਾਰ ਨਾਲ ਪਹਿਲ ਦੇ ਅਧਾਰ ਉੱਪਰ ਗੱਲ ਕੀਤੀ ਜਾਣੀ ਚਾਹੀਦੀ ਹੈ।
ਖਹਿਰਾ ਨੇ ਪ੍ਰਤਾਪ ਸਿੰਘ ਬਾਜਵਾ ਐਮ.ਪੀ ਦੀ ਮੰਗ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਸਿੱਖ ਕੋਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਆਖਿਰੀ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਨੂੰ ਜਲਦ ਤੋਂ ਜਲਦ ਭਾਰਤ ਲੈ ਕੇ ਆਉਣ।















